ਬਠਿੰਡਾ ਰੇਂਜ ਦੀ ਪੁਲੀਸ ਨੇ 520 ਨਸ਼ਾ ਤਸਕਰ ਫੜੇ: ਡੀਆਈਜੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਪਰੈਲ
ਪੁਲੀਸ ਰੇਂਜ ਬਠਿੰਡਾ ਦੇ ਡੀਆਈਜੀ ਹਰਜੀਤ ਸਿੰਘ ਵੱਲੋਂ ਆਪਣੀ ਰੇਂਜ ਦੀ ਪੁਲੀਸ ਦੀਆਂ ਅੱਜ ਪ੍ਰਾਪਤੀਆਂ ਮੀਡੀਆ ਦੀ ਨਜ਼ਰ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਥਾਣਿਆਂ ਵਿੱਚ ਜਨਵਰੀ 2025 ਤੋਂ ਲੈ ਕੇ ਹੁਣ ਤੱਕ ਐੱਨਡੀਪੀਐੱਸ ਐਕਟ ਤਹਿਤ 343 ਮੁਕੱਦਮੇ ਦਰਜ ਹੋਏ ਅਤੇ 520 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਕੋਲੋਂ 7 ਕਿਲੋਗ੍ਰਾਮ ਹੈਰੋਇਨ, 15 ਕਿੱਲੋ ਅਫੀਮ, 81 ਕੁਇੰਟਲ 33 ਕਿਲੋਗ੍ਰਾਮ ਭੁੱਕੀ, 41 ਕਿਲੋਗ੍ਰਾਮ ਗਾਂਜੇ ਤੋਂ ਇਲਾਵਾ 52,663 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ 16 ਪਿਸਤੌਲ, 2 ਰਾਈਫਲਾਂ ਅਤੇ 93 ਕਾਰਤੂਸ ਵੀ ਜ਼ਬਤ ਕੀਤੇ ਹਨ। ਉਨ੍ਹਾਂ ਆਖਿਆ ਕਿ ਐਕਸਾਈਜ਼ ਐਕਟ ਤਹਿਤ 72 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 79 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 252 ਲੀਟਰ ਨਾਜਾਇਜ਼ ਸ਼ਰਾਬ, 2100 ਲੀਟਰ ਠੇਕੇ ਦੀ ਸ਼ਰਾਬ, 29 ਕੁਇੰਟਲ ਲਾਹਣ ਅਤੇ 5 ਚਾਲੂ ਭੱਠੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 2025 ’ਚ 91 ਅਤੇ ਇਕੱਲੇ ਐਨਡੀਪੀਐਸ ਐਕਟ ਤਹਿਤ 11 ਭਗੌੜੇ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ਾ ਸਮਗਲਰਾ ਦੇ 5 ਨਵੇਂ ਕੇਸ ਕੰਪੀਟੈਂਟ ਅਥਾਰਟੀ ਪਾਸ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 7 ਕੇਸ ਕਨਫਰਮ ਹੋਏ ਅਤੇ ਕੁੱਲ 88 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਾਈਬਰ ਕਰਾਈਮ ਅਧੀਨ 19,84,065 ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਲੁੱਟ/ਚੋਰੀ ਦੇ ਮਾਮਲਿਆਂ ਚ ਕੁੱਲ 195 ਮੁਕੱਦਮੇ ਦਰਜ ਅਤੇ 103 ਮੁਕੱਦਮੇ ਟਰੇਸ ਕਰਦਿਆਂ 39,70,900 ਰੁਪਏ ਦੀ ਰਾਸ਼ੀ ਵਾਪਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁੰਮ ਹੋਏ ਮੋਬਾਈਲ ਫੋਨਾਂ ’ਚੋਂ ਕੁੱਲ 353 ਰਿਪੋਰਟ ਹੋਏ, ਜਿਨ੍ਹਾਂ ਚੋਂ 246 ਟਰੇਸ ਕਰਕੇ ਲੋਕਾਂ ਨੂੰ ਵਾਪਿਸ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਾਲ 2025 ’ਚ 26 ਥਾਵਾਂ ’ਤੇ 689 ਸੈਮੀਨਾਰ ਕੀਤੇ ਗਏ ਹਨ।
ਉਨ੍ਹਾਂ ਨਾਲ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ, ਐਸਪੀ (ਹੈਡਕੁਆਰਟਰ) ਗੁਰਮੀਤ ਸਿੰਘ ਸੰਧੂ ਅਤੇ ਡੀਐਸਪੀ (ਐਨਡੀਪੀਐਸ) ਹਰਵਿੰਦਰ ਸਿੰਘ ਸਰਾਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।