ਐੱਸਡੀ ਕਾਲਜ ’ਚ ਅੰਤਰ-ਕਾਲਜ ਨੈੱਟਬਾਲ ਮੁਕਾਬਲੇ
ਬਰਨਾਲਾ, 6 ਅਪਰੈਲ
ਐੱਸ.ਡੀ. ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਨੈੱਟਬਾਲ (ਲੜਕੇ-ਲੜਕੀਆਂ) ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋ ਗਏ। ਸਮਾਗਮ ਦਾ ਆਰੰਭ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਤੇ ਐੱਸ.ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਤਾਕੀਦ ਕਰਦਿਆਂ ਆਸ ਪ੍ਰਗਟਾਈ ਕਿ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਦੇਣਗੇ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਨੇ ਹਮੇਸ਼ਾ ਅਕਾਦਮਿਕ ਗਤੀਵਿਧੀਆਂ ਦੇ ਨਾਲ ਖੇਡਾਂ ਅਤੇ ਖਾਸ ਤੌਰ ’ਤੇ ਨੈੱਟਬਾਲ ਦੇ ਖੇਤਰ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਡਾ. ਬਹਾਦਰ ਸਿੰਘ ਅਤੇ ਪ੍ਰੋ. ਜਸਵਿੰਦਰ ਕੌਰ ਦੀ ਅਗਵਾਈ ਵਿੱਚ ਲੀਗ ਆਧਾਰ ’ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਲੜਕਿਆਂ ਦੇ ਵਰਗ ਵਿੱਚ ਸਰਕਾਰੀ ਮਹਿੰਦਰਾ ਕਾਲਜ ਨੇ ਪਹਿਲਾ, ਮੇਜ਼ਬਾਨ ਐੱਸ. ਡੀ. ਕਾਲਜ ਨੇ ਦੂਸਰਾ ਤੇ ਫਿਜ਼ੀਕਲ ਕਾਲਜ ਝੁਨੀਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਰਜਿੰਦਰਾ ਕਾਲਜ ਬਠਿੰਡਾ ਨੇ ਪਹਿਲਾ, ਐੱਸ. ਡੀ. ਕਾਲਜ ਬਰਨਾਲਾ ਨੇ ਦੂਸਰਾ ਅਤੇ ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿੱਚ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ, ਗਗਨਦੀਪ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਸੋਨੂ ਸਿੰਘ ਅਤੇ ਮਾਨਸੀ ਨੇ ਆਫੀਸ਼ੀਅਲਜ਼ ਦੀ ਭੂਮਿਕਾ ਨਿਭਾਈ। ਇਸ ਮੌਕੇ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਪ੍ਰੋ. ਗੌਰਵ ਸਿੰਗਲਾ, ਡਾ. ਮਨਜੀਤ ਸਿੰਘ, ਪ੍ਰੋ. ਕੁਲਦੀਪ ਸਿੰਘ ਤੋਂ ਇਲਾਵਾ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।