ਨੌਜਵਾਨਾਂ ਨੂੰ ਝੂਠੇ ਕੇਸਾਂ ’ਚ ਫਸਾਉਣ ਦੇ ਦੋਸ਼
ਪੱਤਰ ਪ੍ਰੇਰਕ
ਮਾਨਸਾ, 6 ਅਪਰੈਲ
ਬੇਰੁਜ਼ਗਾਰ ਸਾਂਝਾ ਮੋਰਚਾ ਮਾਨਸਾ ਵੱਲੋਂ ਪੰਜਾਬ ਸਰਕਾਰ ਦੀਆਂ ਕਥਿਤ ਵਧੀਕੀਆਂ ਦਾ ਪਰਦਾਫਾਸ਼ ਕਰਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪੁਲੀਸ ਕੇਸਾਂ ਵਿੱਚ ਉਲਝਾਉਣ ਦੇ ਦੋਸ਼ ਲਾਏ ਗਏ ਹਨ। ਮੋਰਚੇ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਮਾਨਸਾ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਖਿਲਾਫ਼ ਦਰਜ ਕੀਤੇ ਗਏ ਪੁਲੀਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤਹਿਤ ਇਹ ਝੂਠਾ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਥਾਨਕ ਪੁਲੀਸ ਵੱਲੋਂ ਦਰਜ ਝੂਠੇ ਮਾਮਲੇ ਤੁਰੰਤ ਰੱਦ ਕੀਤੇ ਜਾਣ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 27 ਅਪਰੈਲ ਤੱਕ ਮਾਮਲੇ ਰੱਦ ਨਾ ਕੀਤੇ ਤਾਂ ਬੇਰੁਜ਼ਗਾਰ ਸਮੂਹਿਕ ਗ੍ਰਿਫ਼ਤਾਰੀਆਂ ਦੇਣਗੇ। ਬੇਰੁਜ਼ਗਾਰ ਆਗੂਆਂ ਅਮਨ ਸੇਖਾ, ਜਸਵੰਤ ਘੁਬਾਇਆ, ਹਰਜਿੰਦਰ ਝੁਨੀਰ, ਗੁਰਪ੍ਰੀਤ ਪੱਕਾ ਅਤੇ ਸੰਦੀਪ ਮੋਫ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਥੋੜ੍ਹਾ-ਬਹੁਤ ਨਸ਼ਾ ਕਰਨ ਵਾਲੇ ਜਾਂ ਹੇਠਲੇ ਪੱਧਰ ’ਤੇ ਨਸ਼ਾ ਵੇਚਣ ਵਾਲਿਆਂ ਦੇ ਘਰ ਢਾਹੁਣ ਲੱਗੇ ਹੋਏ ਹਨ। ਇਸ ਮੌਕੇ ਐਡਵੋਕੇਟ ਅਜੈਬ ਗੁਰੂ, ਮਾਸਟਰ ਪਰਮਿੰਦਰ ਸਿੰਘ, ਸੇਵਕ ਪੇਰੋਂ ਤੇ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਜੇਕਰ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਦੇ ਝੂਠੇ ਕੇਸ ਰੱਦ ਨਾ ਕੀਤੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।