ਹਸਪਤਾਲ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਜ਼ੀਰਾ, 6 ਅਪਰੈਲ
ਇੱਥੇ ਮੱਲਾਂਵਾਲਾ ਰੋਡ ਤੇ ਗੂਰੂ ਰਾਮਦਾਸ ਹਸਪਤਾਲ ਐਂਡ ਨਰਸਿੰਗ ਹੋਮ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਚੇਅਰਮੈਨ ਅਤੇ ਐੱਮਡੀ ਡਾ. ਮੋਹਨ ਸਿੰਘ ਲਾਲਕਾ ਪੁੱਤਰ ਅੱਛਰ ਸਿੰਘ ਸਨ੍ਹੇਰ ਹਾਲ ਆਬਾਦ ਮੱਲਾਂਵਾਲਾ ਰੋਡ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦਾ ਮੱਲਾਂਵਾਲਾ ਰੋਡ ਜ਼ੀਰਾ ’ਚ ਪੁਰਾਣੇ ਸਿਨੇਮਾ ਦੇ ਨਜ਼ਦੀਕ ਗੂਰੂ ਰਾਮਦਾਸ ਹਸਪਤਾਲ ਐਂਡ ਨਰਸਿੰਗ ਹੋਮ ਹੈ। ਅੱਜ ਉਹ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਅਤੇ ਉਨ੍ਹਾਂ ਦਾ ਸਟਾਫ਼ ਵੀ ਛੁੱਟੀ ਤੇ ਸੀ। ਉਨ੍ਹਾਂ ਨੂੰ ਗੁਆਂਢੀ ਦਾ ਫੋਨ ਆਇਆ ਕਿ ਹਸਪਤਾਲ ਵਿੱਚ ਅੱਗ ਲੱਗ ਗਈ ਹੈ ਤੇ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਹਸਪਤਾਲ ਵਿੱਚ ਲੈਪਟਾਪ, ਪ੍ਰਿੰਟਰ, ਐੱਲਸੀਡੀ, ਡੀਵੀਆਰ, ਫਰਨੀਚਰ ਅਤੇ ਨਕਦੀ ਸੜ ਗਈ ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਜ਼ੀਰਾ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।