ਸਬ-ਇੰਸਪੈਕਟਰ ਤੇ ਸਾਥੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 3 ਅਪਰੈਲ
ਸਥਾਨਕ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਥੋਂ ਦੀ ਕੇਂਦਰੀ ਜੇਲ੍ਹ ਦੇ ਅੰਦਰ ਸਥਿਤ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸਰਵਣ ਸਿੰਘ ਤੇ ਉਸ ਦੇ ਪ੍ਰਾਈਵੇਟ ਸਾਥੀ ਪ੍ਰਦੀਪ ਸਿੰਘ ਨੂੰ ਇੱਕ ਵਿਅਕਤੀ ਕੋਲੋਂ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਮਠੇਰੇ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਸਬ ਇੰਸਪੈਕਟਰ ਸਰਵਣ ਸਿੰਘ ਨੇ ਉਸ ਦੇ ਭਰਾ ਵਿਰੁੱਧ ਦਰਜ ਮੁਕੱਦਮੇ ਵਿਚ ਉਸਦੀ ਮਦਦ ਕਰਨ ਲਈ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਆਪਣੇ ਪ੍ਰਾਈਵੇਟ ਸਾਥੀ ਪ੍ਰਦੀਪ ਸਿੰਘ ਰਾਹੀਂ ਮੌਕੇ ਤੇ ਵੀਹ ਹਜ਼ਾਰ ਰੁਪਏ ਵੀ ਲੈ ਲਏ ਸਨ। ਮੁਲਜ਼ਮ ਵੱਲੋਂ ਜਦੋਂ ਬਕਾਇਆ ਰਕਮ ਦੀ ਮੰਗ ਕੀਤੀ ਗਈ ਤਾਂ ਕੁਲਦੀਪ ਸਿੰਘ ਨੇ ਉਸਦੀ ਵੀਡੀਓ ਰਿਕਾਰਡ ਕਰ ਲਈ।