ਅੱਠਵੀਂ ਕਲਾਸ ’ਚੋਂ ਦੂਜੇ ਸਥਾਨ ’ਤੇ ਆਈ ਨਵਜੋਤ ਨੂੰ ਡੀਸੀ ਨੇ ਵੀਡੀਓ ਕਾਲ ਰਾਹੀਂ ਦਿੱਤੀ ਵਧਾਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚੋਂ ਜ਼ਿਲ੍ਹਾ ਮੋਗਾ ਦੇ ਪਿੰਡ ਡੇਮਰੂ ਕਲਾਂ ਦੀ ਧੀ ਨਵਜੋਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਵਿਸੇਸ ਪ੍ਰਾਪਤੀ ਕੀਤੀ ਹੈ। ਨਵਜੋਤ ਨੇ ਅੱਠਵੀਂ ਜਮਾਤ ਵਿੱਚੋਂ ਸੌ ਫੀਸਦੀ ਭਾਵ 600 ਵਿਚੋਂ 600 ਅੰਕ ਪ੍ਰਾਪਤ ਕੀਤੇ ਹਨ, ਪਰ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਪੁਨੀਤ ਵਰਮਾ ਨਾਲੋਂ ਇੱਕ ਸਾਲ ਵੱਡੀ ਹੋਣ ਕਰਕੇ ਉਸਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਨਵਜੋਤ ਕੌਰ ਤੇ ਉਸ ਦੇ ਮਾਤਾ ਪਿਤਾ ਨੂੰ ਉਸਦੀ ਇਸ ਪ੍ਰਾਪਤੀ ਲਈ ਅੱਜ ਵੀਡੀਓ ਕਾਲ ਰਾਹੀਂ ਮੁਬਾਰਕਾਂ ਦਿੱਤੀਆਂ। ਡੀਸੀ ਨੇ ਨਵਜੋਤ ਦਾ ਹੌਸਲਾ ਵਧਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਨਾਲ ਹਮੇਸ਼ਾ ਖੜ੍ਹੇ ਹਨ ਅਤੇ ਉਸ ਦੀ ਕਾਮਯਾਬੀ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਨਵਜੋਤ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਹ ਉਚੇਰੀ ਪੜ੍ਹਾਈ ਹਾਸਿਲ ਕਰਕੇ ਇੱਕ ਕਾਬਿਲ ਡਾਕਟਰ ਬਨਣਾ ਚਾਹੁੰਦੀ ਹੈ ਪਰ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਸ ਨੂੰ ਸਰਕਾਰ ਦੇ ਸਹਾਰੇ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਨਵਜੋਤ ਨੂੰ ਮਿਹਨਤ ਜਾਰੀ ਰੱਖਣ ਦੀ ਆਖਦਿਆਂ ਭਰੋਸਾ ਦਿੱਤਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਨਾਲ ਹਮੇਸਾ ਖੜ੍ਹੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਨਵਜੋਤ ਕੌਰ ਦੇ ਮਾਤਾ ਪਿਤਾ ਦੀ ਵੀ ਸ਼ਲਾਘਾ ਕੀਤੀ ਕਿ ਉਹ ਲੜਕੀ ਨੂੰ ਆਰਥਿਕ ਤੰਗੀ ਹੋਣ ਦੇ ਬਾਵਜੂਦ ਵੀ ਵਧੀਆ ਸਿੱਖਿਆ ਮੁਹੱਈਆ ਕਰਵਾ ਰਹੇ ਹਨ।