ਅਮਰੀਕਾ ਤੋਂ ਕਣਕ ਮੰਗਵਾਉਣੀ ਐੱਮਐੱਸਪੀ ਨੂੰ ਢਾਹ ਲਾਉਣ ਦੀ ਸਾਜ਼ਿਸ਼: ਬੁਰਜਗਿੱਲ
ਪੱਤਰ ਪ੍ਰੇਰਕ
ਮਾਨਸਾ, 3 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਪੰਜਾਬ ਵਿੱਚ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਲਕੇ 4 ਅਪਰੈਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਿਲ੍ਹਾ ਤੇ ਤਹਿਸੀਲ ਹੈੱਡਕੁਆਟਰਾਂ ’ਤੇ ਪੁਤਲੇ ਸਾੜੇ ਜਾਣਗੇ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਫੈਸਲਿਆਂ ਮੁਤਾਬਕ ਪਹਿਲਾਂ ਨੌਜਵਾਨਾਂ ਦੇ ਹੱਥ-ਕੜੀਆਂ ਤੇ ਬੇੜੀਆਂ ਲਾ ਕੇ ਹਮਲਾ ਕੀਤਾ ਗਿਆ ਅਤੇ ਹੁਣ ਦੇਸ਼ ਦੀ ਕਿਸਾਨੀ ਨੂੰ ਮਾਰਨ ਲਈ ਅਮਰੀਕਾ ਇੱਕ ਨਵੇਂ ਹਮਲੇ ਦੀ ਵਿਉਂਤਬੰਦੀ ਕਰਨ ਲੱਗਿਆ ਹੈ, ਜਿਸ ਨੂੰ ਦੇਸ਼ ਦੇ ਕਿਸਾਨ ਸਹਿਣ ਨਹੀਂ ਕਰਨਗੇ। ਉਹ ਅੱਜ ਇਥੇ ਐੱਸਡੀਐੱਮ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯਨੀਅਨ (ਏਕਤਾ ਡਕੌਂਦਾ) ਵੱਲੋਂ ਕੀਤੀ ਗਈ ਜੇਤੂ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਅਮਰੀਕਾ ਵੱਲੋਂ ਪਹਿਲਾਂ ਹੀ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਉਪਰ ਭਾਰੀ ਟੈਕਸ ਲਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਅਮਰੀਕਾ ਤੋਂ 2100 ਰੁਪਏ ਪ੍ਰਤੀ ਕੁਇੰਟਲ ਕਣਕ ਨੂੰ ਮੰਗਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਣਕ ਦੇ ਮੰਗਵਾਉਣ ਲਈ ਭਾਰਤ ਵਿੱਚ ਕਣਕ ਦੇ ਸਰਕਾਰੀ ਭਾਅ (ਐੱਮਐੱਸਪੀ) 2425 ਰੁਪਏ ਨੂੰ ਸੱਟ ਮਾਰਨ ਦਾ ਇੱਕ ਸਾਜਿਸ਼ ਵਾਲਾ ਡੂੰਘਾ ਇਰਾਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਉੱਤੇ ਰੂਸ ਦੀ ਬਜਾਏ ਅਮਰੀਕਾ ਤੋਂ ਪੈਟਰੋਲੀਅਮ ਵਸਤਾਂ ਸਮੇਤ ਹੋਰ ਖੇਤੀ ਉਤਪਾਦ ਮੰਗਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਭਾਰਤ ਦੇ ਖੇਤੀ ਅਰਥਚਾਰੇ ਨੂੰ ਵੱਡੀ ਸੱਟ ਮਾਰੀ ਜਾਵੇ।
ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਦੀ ਇਹ ਜੇਤੂ ਰੈਲੀ ਪੰਜਾਬ ਸਰਕਾਰ ਵੱਲੋਂ ਮਾਨਸਾ ਨੇੜੇ ਪਿੰਡ ਰੱਲਾ ਵਿਖੇ ਇੱਕ ਧਾਰਮਿਕ ਡੇਰੇ ਦੀ 28 ਏਕੜ ਸਾਂਝੀ ਜ਼ਮੀਨ ਉਪਰੋਂ 145 ਧਾਰਾ ਤੁੜਵਾਉਣ ਅਤੇ ਨੇੜਲੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਚਮਕੌਰ ਸਿੰਘ ਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਐਕੁਆਇਰ ਜ਼ਮੀਨ ਦੇ 11,99,781 ਰੁਪਏ ਦਿਵਾਉਣ ਨੂੰ ਲੈਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਰੱਲਾ ਪਿੰਡ ਦੀ ਜ਼ਮੀਨ ਉਪਰ ਹੁਣ ਬਣਦੀ ਧਿਰ ਦਾ ਕਬਜ਼ਾ ਹੋ ਗਿਆ, ਜੋ ਕਿਸਾਨਾਂ ਦੀ ਵੱਡੀ ਜਿੱਤ ਮੰਨੀ ਜਾ ਰਹੀ ਹੈ। ਇਸ ਮੌਕੇ ਰਾਜਮਹਿੰਦਰ ਸਿੰਘ ਕੋਟਭਾਰਾ, ਐਡਵੋਕੇਟ ਬਲਵੀਰ ਕੌਰ, ਸ਼ਿੰਦਰਪਾਲ ਕੌਰ ਨੇ ਵੀ ਸੰਬੋਧਨ ਕੀਤਾ।