ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੀ ਕਿੱਲਿਆਂਵਾਲੀ ਦਾ ਪਸ਼ੂ ਮੇਲਾ ਵਿਵਾਦਾਂ ’ਚ

08:04 AM Apr 01, 2025 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਮਾਰਚ
ਮੰਡੀ ਕਿੱਲਿਆਂਵਾਲੀ ’ਚ ਪੇੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦਾ ਹਫ਼ਤਾਵਾਰੀ ਸਰਕਾਰੀ ਪਸ਼ੂ ਮੇਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰ ਗਿਆ ਹੈ। ਇੱਥੇ ਕਾਗਜ਼ਾਂ ਵਿੱਚ ਮਹਿੰਗੀਆਂ ਗਊਆਂ ਦੀ ਕੀਮਤ ਸਿਰਫ਼ 6 ਹਜ਼ਾਰ ਤੋਂ 20 ਹਜ਼ਾਰ ਵਿਖਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਰਕਾਰ ਨੂੰ ਹਰ ਹਫ਼ਤੇ ਘੱਟੋ-ਘੱਟ 3 ਤੋਂ 5 ਲੱਖ ਰੁਪਏ ਦਾ ਰਗੜਾ ਲੱਗ ਰਿਹਾ ਹੈ। ਕੱਲ੍ਹ 6 ਗਊਆਂ ਦੀ ਵਿਕਰੀ ਕੀਮਤ ਮਹਿਜ਼ 73 ਹਜ਼ਾਰ ਵਿਖਾਉਣ ’ਤੇ ਬੀਡੀਪੀਓ ਦਫ਼ਤਰ ਲੰਬੀ ਦੇ ਅਮਲੇ ਦਾ ਨੋਡਲ ਅਧਿਕਾਰੀ ਨਾਲ ਪੇਚ ਫਸ ਗਿਆ। ਬੀਡੀਪੀਓ ਦਫ਼ਤਰ ਦੇ ਅਮਲੇ ਨੇ ਪਸ਼ੂਆਂ ਦੀ ਖਰੀਦੋ-ਫਰੋਖ਼ਤ 6 ਤੋਂ 15 ਗੁਣਾ ਘੱਟ ਵਿਖਾ ਕੇ ਨਿਗੁੂਣੀ ਫੀਸ ਵਸੂਲਣ ’ਤੇ ਇਤਰਾਜ਼ ਜਤਾਇਆ। ਇਸ ਮਗਰੋਂ ਅਧਿਕਾਰੀ ਨੇ ਅਮਲੇ ਨੂੰ ਘਰ ਜਾਣ ਦਾ ਹੁਕਮ ਸੁਣਾ ਦਿੱਤਾ। ਜ਼ਿਕਰਯੋਗ ਹੈ ਕਿ ਕੱਲ੍ਹ ਪਸ਼ੂ ਮੇਲੇ ਦਾ ਪ੍ਰਬੰਧ ਬੀਡੀਪੀਓ ਦਫ਼ਤਰ ਗਿੱਦੜਬਾਹਾ ਦੇ ਅਧੀਨ ਸੀ। ਸੱਤ ਹਫ਼ਤੇ ਪਹਿਲਾਂ 16 ਫਰਵਰੀ ਨੂੰ ਪ੍ਰਾਈਵੇਟ ਠੇਕਾ ਸਮਾਪਤ ਹੋਣ ਮਗਰੋਂ ਸਰਕਾਰੀ ਮੇਲੇ ਦੀ ਆਮਦਨ 9.70 ਲੱਖ ਰੁਪਏ ਸੀ। ਇਸ ਹਫ਼ਤੇ ਆਮਦਨ ਘੱਟ ਕੇ 4.60 ਲੱਖ ਰੁਪਏ ਤੱਕ ਪੁੱਜ ਗਈ ਹੈ। ਕਾਬਿਲੇਗੌਰ ਹੈ ਕਿ ਪਸ਼ੂਆਂ ਦੀ ਖਰੀਦੋ-ਫਰੋਖ਼ਤ ’ਤੇ ਸਰਕਾਰੀ ਫ਼ੀਸ ਚਾਰ ਫ਼ੀਸਦ ਹੈ। ਕੱਲ੍ਹ ਮਹਿਜ਼ 6 ਹਜ਼ਾਰ ’ਚ ਵਿਕੀ ਗਊ ਦੀ ਸਰਕਾਰੀ ਫੀਸ 240 ਰੁਪਏ ਵਸੂਲੀ ਗਈ। ਇਸੇ ਤਰ੍ਹਾਂ ਰਸੀਦ ਨੰਬਰ 9560/54 ਤਹਿਤ 20 ਹਜ਼ਾਰ ਰੁਪਏ ਦੀ ਗਊ ਦੀ ਸਰਕਾਰੀ ਫੀਸ ਸਿਰਫ਼ 8 ਸੌ ਰੁਪਏ ਸੀ। ਲੰਬੀ ਬਲਾਕ ਦੇ ਪੰਚਾਇਤ ਸਕੱਤਰ ਬਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਮੇਲੇ ਦੀ ਪ੍ਰਬੰਧਕੀ ਸਟੇਜ ’ਤੇ ਮਹਿੰਗੇ ਭਾਅ ਵਾਲੇ ਪਸ਼ੂਆਂ ਦੀ ਸਿਰਫ਼ ਛੇ ਜਾਂ ਵੀਹ ਹਜ਼ਾਰ ਰੁਪਏ ਕੀਮਤ ਵਿਖਾ ਕੇ ਸਰਕਾਰ ਨੂੰ ਰਗੜਾ ਲਗਾਇਆ ਜਾ ਰਿਹਾ ਹੈ। ਡੇਢ-ਡੇਢ ਲੱਖ ਰੁਪਏ ਦੀ ਮੱਝ ਨੂੰ 50 ਹਜ਼ਾਰ ’ਚ ਦਰਸਾਇਆ ਜਾ ਰਿਹਾ। ਬਲਜੀਤ ਨੇ ਦੋਸ਼ ਲਗਾਇਆ ਕਿ 6 ਗਊਆਂ ਦੀ ਖਰੀਦ ਸਿਰਫ਼ 73 ਹਜ਼ਾਰ ’ਚ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਉਨ੍ਹਾਂ ਆਵਾਜ਼ ਚੁੱਕੀ। ਇਸ ਮਗਰੋਂ ਨੋਡਲ ਅਫ਼ਸਰ ਨੇ ਉਸ ਨੂੰ ਮੂੰਹ ਬੰਦ ਕਰਕੇ ਸਟੇਜ ’ਤੇ ਬੈਠਣ ਜਾਂ ਘਰੇ ਜਾਣ ਦਾ ਫੁਰਮਾਨ ਸੁਣਾ ਦਿੱਤਾ। ਬਲਜੀਤ ਸਿੰਘ ਮੁਤਾਬਕ ਉਹ ਲੰਬੀ ਦੇ ਬੀਡੀਪੀਓ ਰਾਕੇਸ਼ ਬਿਸ਼ਨੋਈ ਨੂੰ ਸੂਚਿਤ ਕਰ ਕੇ ਸਵੈ-ਮਾਣ ਕਾਰਨ ਘਰ ਵਾਪਸ ਆ ਗਿਆ। ਉਨ੍ਹਾਂ ਸਰਕਾਰ ਤੋਂ ਪਸ਼ੂ ਮੇਲੇ ’ਚ ਨਿਗੁੂਣੀ ਖਰੀਦ ਦੀ ਜਾਂਚ ਕਰਕੇ ਸਰਕਾਰੀ ਫੀਸ ਦੀ ਚੋਰੀ ਰੋਕਣ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਮੰਗੀ ਹੈ।
ਨੋਡਲ ਅਫ਼ਸਰ ਨੇ ਦੋਸ਼ ਨਕਾਰੇ
ਛੇ ਹਜ਼ਾਰ ਰੁਪਏ ਤੱਕ ਗਊਆਂ ਦੀ ਖਰੀਦੋ-ਫਰੋਖ਼ਤ ਬਾਰੇ ਪੁੱਛਣ ’ਤੇ ਪਸ਼ੂ ਮੇਲੇ ਦੇ ਨੋਡਲ ਤੇ ਬੀਡੀਪੀਓ (ਗਿੱਦੜਬਾਹਾ) ਮਨਜੋਤ ਸਿੰਘ ਨੇ ਆਖਿਆ ਕਿ ਅੱਜ-ਕੱਲ੍ਹ ਛੇ ਹਜ਼ਾਰ ਰੁਪਏ ਵਿੱਚ ਬੱਕਰੀ ਵੀ ਨਹੀਂ ਆਉਂਦੀ। ਫ਼ਿਰ ਮੱਝਾਂ-ਗਊਆਂ ਕਿਸ ਤਰ੍ਹਾਂ ਵਿਕ ਸਕਦੀਆਂ ਹਨ। ਉਨ੍ਹਾਂ ਬਲਜੀਤ ਸਿੰਘ ਦੇ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਉਨ੍ਹਾਂ ਕਿਸੇ ਮੁਲਾਜ਼ਮ ਨੂੰ ਘਰ ਜਾਣ ਜਾਂ ਚੁੱਪ ਕਰਕੇ ਬੈਠਣ ਲਈ ਨਹੀਂ ਆਖਿਆ। ਉਨ੍ਹਾਂ ਦਾਅਵਾ ਕੀਤਾ ਕਿ ਮੇਲੇ ਦਾ ਸਮੁੱਚਾ ਕਾਰਜ ਨਿਯਮਾਂ ਅਨੁਸਾਰ ਚੱਲ ਰਿਹਾ ਹੈ।

Advertisement

Advertisement