ਸੀਪੀਆਈ ਦੀ ਕਾਨਫਰੰਸ ’ਚ ਕਿਸਾਨੀ ਮੰਗਾਂ ਲਈ ਸੰਘਰਸ਼ ਦਾ ਅਹਿਦ
ਇਥੋਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ ’ਚ ਭਾਰਤੀ ਕਮਿਊਨਿਸਟ ਪਾਰਟੀ ਸਿਰਸਾ ਦਾ 15ਵਾਂ ਜ਼ਿਲ੍ਹਾ ਡੇਲੀਗੇਟ ਇਜਲਾਸ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਅਹਿਦ ਨਾਲ ਸਮਾਪਤ ਹੋਇਆ। ਇਜਲਾਸ ਦੌਰਾਨ ਲਛਮਣ ਸਿੰਘ ਸ਼ੇਖਾਵਤ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਇਜਲਾਸ ਦੀ ਪ੍ਰਧਾਨਗੀ ਲਛਮਣ ਸਿੰਘ ਸ਼ੇਖਾਵਤ, ਪ੍ਰਿਤਪਾਲ ਸਿੱਧੂ ਅਤੇ ਮਨੋਜ ਪਚਰਵਾਲ ਨੇ ਸਾਂਝੇ ਤੌਰ ’ਤੇ ਕੀਤੀ। ਸੰਮੇਲਨ ਦਾ ਉਦਘਾਟਨ ਸੀਪੀਆਈ ਦੇ ਸੀਨੀਅਰ ਆਗੂ ਸੀਪੀਆਈ ਦੇ ਸੂਬਾਈ ਸਹਿ ਸਕੱਤਰ ਤਿਲਕ ਰਾਜ ਵਿਨਾਇਤ ਅਤੇੇ ਗੁਰਦੀਪ ਸਿੰਘ ਸਿੱਧੂ ਨੇ ਪਾਰਟੀ ਦਾ ਝੰਡਾ ਲਹਿਰਾ ਕੇ ਕੀਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਰੂਪ ਸਿੰਘ ਚੌਬਰਾਜਾ ਨੇ ਪਿਛਲੇ ਤਿੰਨਾਂ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਬਹਿਸ ਮਗਰੋਂ ਪਾਸ ਕਰ ਦਿੱਤਾ ਗਿਆ। ਕਾਨਫਰੰਸ ’ਚ ਡੇਲੀਗੇਟਾਂ ਨੂੰ ਸੰਬੋਧਨ ਕਰਦਿਆਂ ਉੱਘੇ ਕਮਿਊਨਿਸਟ ਆਗੂ ਸਵਰਨ ਸਿੰਘ ਵਿਰਕ ਨੇ ਮੌਜੂਦਾ ਰਾਜਨੀਤਕ ਹਾਲਾਤਾਂ ’ਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ, ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਇਸ ਤੋਂ ਪਹਿਲਾਂ ਇਕ ਮਤੇ ਰਾਹੀਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਤੇ ਪਿਛਲੇ ਸਮੇਂ ’ਚ ਪਾਰਟੀ ਮੈਂਬਰਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕਾਨਫਰੰਸ ਦੇ ਦੂਜੇ ਸੈਸ਼ਨ ’ਚ ਨਵੀਂ 27 ਮੈਂਬਰੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਲਛਮਣ ਸਿੰਘ ਸ਼ੇਖਾਵਤ ਨੂੰ ਸਕੱਤਰ, ਪ੍ਰੀਤਪਾਲ ਸਿੰਘ ਸਿੱਧੂ, ਹਰਦੇਵ ਸਿੰਘ ਜੋਸ਼, ਮਨੋਜ ਪਚਰਵਾਲ ਅਤੇ ਜਗਦੀਸ਼ ਚੰਦਰ ਡੱਬਵਾਲੀ ਨੂੰ ਸਹਿ ਸਕੱਤਰ ਚੁਣਿਆ ਗਿਆ।