ਥਾਣੇ ਰਿਪੋਰਟ ਦਰਜ ਕਰਵਾਉਣ ਆਏ ਵਿਅਕਤੀ ਦੀ ਕਾਰ ’ਚੋਂ ਹੈਰੋਇਨ ਬਰਾਮਦ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਟੱਲੇਵਾਲ ਥਾਣੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰਿਪੋਰਟ ਦਰਜ ਕਰਵਾਉਣ ਆਏ ਵਿਅਕਤੀ ਦੀ ਕਾਰ ਵਿੱਚੋਂ ਹੈਰੋਇਨ ਬਰਾਮਦ ਹੋਈ ਹੈ। ਥਾਣੇ ਦੇ ਐੱਸਐੱਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਤਰਨਤਾਰਨ ਦਾ ਰਹਿਣ ਵਾਲਾ ਅਰਮਾਨ ਉਨ੍ਹਾਂ ਕੋਲ ਕਾਰ ਲੈ ਕੇ ਥਾਣੇ ਆਇਆ ਸੀ। ਰਾਮਗੜ੍ਹ ਪਿੰਡ ਨੇੜੇ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਉਕਤ ਵਿਅਕਤੀ ਨੇ ਗੱਡੀ ਦਾ ਬੀਮਾ ਕਲੇਮ ਲੈਣ ਲਈ, ਹਾਦਸਾਗ੍ਰਸਤ ਗੱਡੀ ਨੂੰ ਟੋਅ ਕੀਤਾ ਅਤੇ ਟੱਲੇਵਾਲ ਪੁਲੀਸ ਸਟੇਸ਼ਨ ਲਿਆਂਦਾ ਤਾਂ ਜੋ ਰਿਪੋਰਟ ਦਰਜ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਪਹਿਲਾਂ ਗੁਪਤ ਸੂਚਨਾ ਮਿਲੀ ਸੀ ਕਿ ਤਰਨਤਾਰਨ ਤੋਂ ਕੋਈ ਵਿਅਕਤੀ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਅਤੇ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੱਡੀ ਦੀ ਤਲਾਸ਼ੀ ਲੈਣ ਤੋਂ ਬਾਅਦ ਗੱਡੀ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।