ਦੋ ਦੁਕਾਨਾਂ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਮਾਰਚ
ਇੱਥੇ ਬੰਬੇ ਬਿਊਟੀ ਪਾਰਲਰ ਅਤੇ ਦੀਪਤੀ ਗਾਰਮੈਂਟ ਸਟੋਰ ’ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸ਼ਹਿਰ ਵਾਸੀਆਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਨੇ ਭਾਰੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਸੇ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਵਾਰ-ਵਾਰ ਫੋਨ ਕਰਨ ’ਤੇ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਨਾ ਆਈ ਤਾਂ ਦੁਕਾਨਦਾਰਾਂ ਨੇ ਸ਼ਹੀਦ ਭਗਤ ਸਿੰਘ ਚੌਕ ’ਚ ਧਰਨਾ ਲਾ ਦਿੱਤਾ। ਧਰਨੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਤੜਾਂ ਦੇ ਐੱਸਡੀਐੱਮ ਅਸ਼ੋਕ ਕੁਮਾਰ ਦੀ ਅਗਵਾਈ ’ਚ ਅਧਿਕਾਰੀਆਂ ਵੱਲੋਂ ਮੰਗ ਪੱਤਰ ਲੈਣ ਮਗਰੋਂ ਦੁਕਾਨਦਾਰਾਂ ਨੇ ਧਰਨਾ ਸਮਾਪਤ ਕੀਤਾ। ਬੰਬੇ ਬਿਊਟੀ ਪਾਰਲਰ ਦੀ ਮਾਲਕ ਸੀਮਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਅੱਗ ਲੱਗਣ ਕਾਰਨ 25 ਲੱਖ ਤੋਂ ਵੱਧ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਤੀਸ਼ ਕੁਮਾਰ ਨੇ ਦੱਸਿਆਂ ਕਿ ਕੁੱਝ ਹੀ ਮਹੀਨੀਆਂ ’ਚ ਸ਼ਹਿਰ ਦੀਆਂ 6 ਦੁਕਾਨਾਂ ਨੂੰ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਹੈ ਜਦੋਂ ਕਿਸੇ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਫਾਇਰ ਬ੍ਰਿਗੇਡ ਕਈ ਘੰਟੇ ਦੇਰ ਨਾਲ ਪੁੱਜਦੀ ਹੈ। ਲੋਕਾਂ ਨੂੰ ਆਪਣੇ ਪੱਧਰ ’ਤੇ ਅੱਗ ਬਝਾਉਣੀ ਪੈਂਦੀ ਹੈ ਜਿਸ ਕਰ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਅੱਜ ਜਦੋਂ ਉਕਤ ਦੁਕਾਨ ਨੂੰ ਅੱਗ ਲੱਗੀ ਤਾਂ ਫੋਨ ਕਰਨ ’ਤੇ ਫਾਇਰ ਬ੍ਰਿਗੇਡ ਵਾਲੀ ਗੱਡੀ ਨਹੀਂ ਆਈ। ਉਨ੍ਹਾਂ ਮੰਗ ਕੀਤੀ ਕਿ ਪਾਤੜਾਂ ਨੂੰ ਪੱਕਾ ਫਾਇਰ ਬ੍ਰਿਗੇਡ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂਆਂ ਦੇ ਝੂਠੇ ਦਾਵਿਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਚੌਕ ਵਿੱਚ ਧਰਨਾ ਲਾਉਣਾ ਪਿਆ। ਉਨ੍ਹਾਂ ਪਾਵਰਕੌਮ ਤਾਂ ਮੰਗ ਕੀਤੀ ਹੈ ਕਿ ਅੱਗ ਲੱਗਣ ਦਾ ਕਾਰਨ ਬਣਦੀਆਂ ਬਿਜਲੀ ਦੀਆਂ ਲਮਕਦੀਆਂ ਦਾ ਤਾਰਾਂ ਹੱਲ ਕੀਤਾ ਜਾਵੇ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਮੰਗ ਪੱਤਰ ਲੈਣ ਮਗਰੋਂ ਭਰੋਸਾ ਦਿੱਤਾ ਕਿ ਉਹ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਕਬਾੜ ਦੇ ਗੁਦਾਮ ਵਿੱਚ ਅੱਗ ਲੱਗੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇੱਥੇ ਅੱਜ ਤੜਕੇ ਕਬਾੜ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਮਾਤਾ ਮੋਦੀ ਮੰਦਰ ਨੇੜੇ ਸਥਿਤ ਡਿੱਬੀ ਕਬਾੜੀਏ ਦੀ ਦੁਕਾਨ ਵਜੋਂ ਜਾਣੀ ਜਾਂਦੀ ਇਸ ਦੁਕਾਨ ਅਤੇ ਗੁਦਾਮ ਦੇ ਮਾਲਕ ਭਾਰਤ ਭੂਸ਼ਣ ਮਨੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਦਾਮ ਵਿੱਚ ਕਬਾੜ ਅਤੇ ਹੋਰ ਸਾਮਾਨ ਦੇ ਨਾਲ-ਨਾਲ ਪਲਾਸਟਿਕ ਦਾ ਸਾਮਾਨ ਵੀ ਪਿਆ ਸੀ। ਅੱਜ ਸਵੇਰੇ ਕਰੀਬ ਦੋ ਕੁ ਵਜੇ ਅਚਾਨਕ ਗੁਦਾਮ ’ਚ ਅੱਗ ਲੱਗ ਗਈ ਜਿਸ ਦਾ ਉਸ ਨੂੰ ਤਿੰਨ ਕੁ ਵਜੇ ਪਤਾ ਲੱਗਿਆ। ਘਟਨਾ ਦਾ ਪਤਾ ਲੱਗਣ ’ਤੇ ਪੁਲੀਸ ਪ੍ਰਸ਼ਾਸਨ ਅਤੇ ਅੱਗ ਬੁਝਾਊ ਮਹਿਕਮੇ ਦੀ ਗੱਡੀ ਵੀ ਮੌਕੇ ’ਤੇ ਪਹੁੰਚ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਗੁਦਾਮ ਮਾਲਕ ਵਲੋਂ ਬਿਜਲੀ ਦੇ ਸ਼ਾਰਟ ਸਰਕਟ ਸਰਕਟ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।