Patiala: ਫੌਜੀ ਅਧਿਕਾਰੀ ਅਤੇ ਪੁੱਤਰ ’ਤੇ ਹਮਲਾ: 3 ਇੰਸਪੈਕਟਰਾਂ ਸਮੇਤ 12 ਪੁਲੀਸ ਕਰਮੀ ਮੁਅੱਤਲ
ਅਮਨ ਸੂਦ
ਪਟਿਆਲਾ, 17 ਮਾਰਚ
ਇਕ ਫੋਜੀ ਅਧਿਕਾਰੀ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਤਿੰਨ ਇੰਸਪੈਕਟਰਾਂ ਸਮੇਤ ਬਾਰਾਂ ਪੁਲੀਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ 12 ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਾਂਗੇ ਅਤੇ ਇਨਸਾਫ਼ ਕੀਤਾ ਜਾਵੇਗਾ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ।’’ ਸੂਤਰਾਂ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਤੋਂ ਇਲਾਵਾ ਨੌਂ ਨਾਂ ਸ਼ਾਮਲ ਹਨ।
ਪਟਿਆਲਾ ਪੁਲੀਸ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਨੇੜੇ ਹੋਏ ਝਗੜੇ ਲਈ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਦਰਜ ਕਰਨ ਤੋਂ ਦੋ ਦਿਨ ਬਾਅਦ ਇੱਕ ਫੌਜੀ ਅਧਿਕਾਰੀ ਅਤੇ ਉਸਦੀ ਪਤਨੀ ਨੇ ਪੁਲੀਸ ’ਤੇ ਬੇਰਹਿਮੀ ਦਾ ਦੋਸ਼ ਲਗਾਇਆ ਸੀ। ਨਵੀਂ ਦਿੱਲੀ ਦੇ ਫੌਜ ਹੈੱਡਕੁਆਰਟਰ ਵਿੱਚ ਤਾਇਨਾਤ ਕਰਨਲ ਪੁਸ਼ਪਿੰਦਰ ਬਾਠ ਨੇ ਦਾਅਵਾ ਕੀਤਾ ਕਿ 13 ਮਾਰਚ ਦੀ ਰਾਤ ਨੂੰ ਉਸ ’ਤੇ ਹਮਲਾ ਕੀਤਾ ਗਿਆ ਸੀ। ਉਹ ਇਸ ਸਮੇਂ ਆਪਣੇ ਪੁੱਤਰ ਸਮੇਤ ਇਲਾਜ ਅਧੀਨ ਹੈ, ਜਿਸ ’ਤੇ ਕਥਿਤ ਤੌਰ 'ਤੇ ਪਟਿਆਲਾ ਵਿੱਚ ਤਾਇਨਾਤ ਪੁਲਿਸ ਕਰਮੀਆਂ ਵੱਲੋਂ ਹਮਲਾ ਕੀਤਾ ਗਿਆ ਸੀ।
ਪੁਲੀਸ ਨੇ ਅਣਪਛਾਤਿਆਂ ਵਿਰੁੱਧ ਦਰਜ ਕੀਤੀ ਐੱਫਆਈਆਰ
ਇਸ ਮਾਮਲੇ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਪਰ ਫੌਜੀ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲੀਸ ਅਧਿਕਾਰੀਆਂ ’ਤੇ ਪਿਤਾ ਅਤੇ ਪੁੱਤਰ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਅਨੁਸਾਰ ਝਗੜਾ ਹੋਣ ਮੌਕੇ ਪੁਲੀਸ ਕਰਮੀ ਸਿਵਲ ਵਰਦੀ ਵਿੱਚ ਸਨ ਅਤੇ ਇਕ 7 ਸਾਲਾਂ ਬੱਚੇ ਨੂੰ ਬਚਾਉਨ ਲਈ ਹੋਏ ਅਗਵਾਕਾਰਾਂ ਨਾਲ ਮੁਕਾਬਲੇ ਤੋਂ ਬਾਅਦ ਹਸਪਤਾਲ ਜਾ ਰਹੇ ਸਨ । ਉਧਰ ਇਕ ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਰਨਲ ਅਤੇ ਉਸ ਦੇ ਪੁੱਤਰ ਨੇ ਉਨ੍ਹਾਂ ਤੇ ਹਮਲਾ ਕੀਤਾ, ਉਹ ਨਸ਼ੇ ਵਿਚ ਸਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਢਾਬਾ ਮਾਲਕ ਦੇ ਬਿਆਨ ’ਤੇ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।
ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰ ਹੱਡਬੀਤੀ ਸੁਣਾਈ
ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਬਾਠ ਨੇ ਦਾਅਵਾ ਕੀਤਾ ਕਿ ਉਸਦਾ ਪਤੀ ਅਤੇ ਪੁੱਤਰ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ’ਤੇ ਪਹੁੰਚੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਹ ਕਾਰ ਤੋਂ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਸਨ, ਤਾਂ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਰਨਲ ਨੂੰ ਕਾਰ ਹਟਾਉਣ ਲਈ ਕਿਹਾ। ਉਨ੍ਹਾਂ ਦੱਸਿਆ, ‘‘ਜਦੋਂ ਮੇਰੇ ਪਤੀ ਨੇ ਉਨ੍ਹਾਂ ਦੀ ਭਾਸ਼ਾ ’ਤੇ ਇਤਰਾਜ਼ ਕੀਤਾ, ਤਾਂ ਪੁਲੀਸ ਕਰਮੀਆਂ ਵਿੱਚੋਂ ਇੱਕ ਨੇ ਮੁੱਕਾ ਮਾਰਿਆ ਅਤੇ ਬਾਅਦ ਵਿੱਚ ਸਾਰੇ ਪੁਲੀਸ ਕਰਮਚਾਰੀਆਂ ਨੇ ਮੇਰੇ ਪਤੀ ਅਤੇ ਮੇਰੇ ਪੁੱਤਰ ਨੂੰ ਦੀ ਕੁੱਟਮਾਰ ਕੀਤੀ।’’ ਉਨ੍ਹਾਂ ਦੋਸ਼ ਲਾਇਆ ਕਿ ਸੀਸੀਟੀਵੀ ਫੁਟੇਜ ਅਤੇ ਉਨ੍ਹਾਂ ਪਛਾਣੇ ਜਾਣ ਦੇ ਬਾਵਜੂਦ ਪੁਲੀਸ ਕਰਮੀਆਂ ਪ੍ਰਤੀ ਪੁਲੀਸ ਪੱਖਪਾਤੀ ਭੂਮਿਕਾ ਨਿਭਾ ਰਹੀ ਹੈ।