ਐਕੁਆਇਰ ਜ਼ਮੀਨ ਦੇ ਚੈੱਕ ਲੈਣ ਲਈ ਕਿਸਾਨਾਂ ਵੱਲੋਂ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 19 ਅਗਸਤ
ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵੱਲੋਂ ਪਿੰਡ ਜੀਦਾ ਦੇ ਕਿਸਾਨਾਂ ਦੀ ਨੈਸ਼ਨਲ ਹਾਈਵੇ ਲਈ ਐਕੁਆਇਰ ਹੋਈ ਜ਼ਮੀਨ ਦੇ ਚੈੱਕ ਲੈਣ ਲਈ ਐੱਸਡੀਐੱਮ ਬਠਿੰਡਾ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਰੋਸ ਜ਼ਾਹਰ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਜੀਦਾ ਨੇ ਕਿਹਾ ਕਿ ਪਿੰਡ ਜੀਦਾ ਦੇ ਕਿਸਾਨ ਬਲਵੀਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਚਰਨ ਸਿੰਘ, ਮਲਕੀਤ ਸਿੰਘ ਆਦਿ ਕਿਸਾਨਾਂ ਦੀ ਜ਼ਮੀਨ 2017 ਵਿੱਚ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਗਈ ਸੀ, ਪਰ ਉਨ੍ਹਾਂ ਦੀ ਜ਼ਮੀਨ ਦਾ ਬਣਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਮਜ਼ਬੂਰ ਹੋ ਕੇ ਕਿਸਾਨਾਂ ਨੂੰ ਧਰਨਾ ਲਾਉਣਾ ਪਿਆ ਹੈ। ਧਰਨੇ ਦੌਰਾਨ ਕਿਸਾਨ ਆਗੂਆਂ ਦੀ ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨਾਲ ਹੋਈ ਮੀਟਿੰਗ ’ਚ ਇੱਕ ਹਫ਼ਤੇ ਦੇ ਅੰਦਰ ਕਿਸਾਨਾਂ ਨੂੰ ਚੈੱਕ ਦੇਣ ਦਾ ਕਥਿਤ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਤੋਂ ਇਲਾਵਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਸੰਦੋਹਾ, ਮੀਤ ਪ੍ਰਧਾਨ ਕਰਨੈਲ ਸਿੰਘ ਮਾਨ, ਜਨਰਲ ਸਕੱਤਰ ਸੁਖਦਰਸ਼ਨ ਸਿੰਘ ਖੇਮੂਆਣਾ, ਗੁਰਪ੍ਰੀਤ ਸਿੰਘ ਖੇਮੂਆਣਾ, ਸੋਹਣਾ ਸਿੰਘ ਕੋਟਫੱਤਾ, ਵੀਰ ਜਵਿੰਦਰ ਸਿੰਘ ਗਹਿਰੀ, ਗੰਗਾ ਸਿੰਘ ਚੱਠੇਵਾਲਾ, ਜਗਜੀਤ ਸਿੰਘ ਮੰਡੀ ਕਲਾਂ ਤੋਂ ਇਲਾਵਾ ਵੱਖ-ਵੱਖ ਦਿਹਾਤੀ ਇਕਾਈਆਂ ਦੇ ਆਗੂ ਤੇ ਕਿਸਾਨ ਸ਼ਾਮਲ ਸਨ।