ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਲੇਖਕਾਂ ਨਾਲ ਸੰਵਾਦ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਮਈ
ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੀ ਇਕਾਈ ਮਾਨਸਾ ਵੱਲੋਂ ਪਿੰਡ-ਪਿੰਡ ਸਾਹਿਤਕ ਸਮਾਗਮ ਲਹਿਰ ਤਹਿਤ ਬੋਹਾ-ਬਰੇਟਾ ਖੇਤਰ ਦੇ ਪੰਜ ਲੇਖਕਾਂ ਨੂੰ ਆਮ ਲੋਕਾਂ ਦੇ ਰੂਬਰੂ ਕੀਤਾ ਗਿਆ। ਪਿੰਡ ਰਿਉਂਦ ਕਲਾਂ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਤੇ ਦਰਸ਼ਨ ਸਿੰਘ ਬਰੇਟਾ ਨੇ ਕੀਤੀ।ਸਮਾਗਮ ਦੀ ਸ਼ੁਰੂਆਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਗੁਲਾਬ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਬੁਲਾਰੇ ਵੱਲੋਂ ਲੇਖਕਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਨਸਾ ਖੇਤਰ ਦੇ ਬਹੁ-ਵਿਧਾਵੀ ਲੇਖਕਾਂ ਨਾਵਲਕਾਰ ਅਜ਼ੀਜ਼ ਸਰੋਏ, ਨਾਵਲਕਾਰ ਗੁਰਨੈਬ ਮੰਘਾਣੀਆਂ, ਮਿਨੀ ਕਹਾਣੀਕਾਰ ਜਗਦੀਸ਼ ਕੁਲਰੀਆਂ ਤੇ ਕਵੀ ਦਿਲਬਾਗ ਰਿਉਂਦ ਨੂੰ ਆਮ ਲੋਕਾਂ ਦੇ ਰੂਬਰੂ ਕੀਤਾ ਗਿਆ ਤੇ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਡਾ. ਕੁਲਦੀਪ ਸਿੰਘ ਵੱਲੋਂ ਸਵਾਲ ਪੁੱਛੇ ਗਏ। ਰੂਬਰੂ ਹੋਣ ਵਾਲੇ ਸਾਰੇ ਲੇਖਕਾਂ ਨੇ ਪਿੰਡ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਤਰਕ ਭਰਪੂਰ ਤੇ ਸੌਖੀ ਭਾਸ਼ਾ ਵਿੱਚ ਦਿੱਤੇ। ਸ਼ਾਇਰ ਸੁਰਜੀਤ ਜੱਜ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੀ ਧਰਤੀ ਅਗਾਂਹਵਧੂ ਸੰਘਰਸ਼ਾਂ ਤੇ ਪ੍ਰਗਤੀਸ਼ੀਲ ਸਾਹਿਤ ਦੀ ਪੈਦਾਇਸ਼ ਲਈ ਬਹੁਤ ਜਰਖੇਜ਼ ਹੈ। ਇਸ ਮੌਕੇ ਦਰਸ਼ਨ ਬਰੇਟਾ ਨੇ ਕਿਹਾ ਕਿ ਪ੍ਰਗਤੀਸ਼ਿਲ ਲੇਖਕ ਸੰਘ ਨੇ ਸਾਹਿਤਕ ਗੋਸ਼ਟੀਆਂ ਨੂੰ ਬੰਦ ਕਮਰਿਆਂ ਵਿੱਚੋਂ ਕੱਢਕੇ ਲੋਕ ਸੱਥਾਂ ਤੱਕ ਲਿਜਾਣ ਸਬੰਧੀ ਬਹੁਤ ਸਲਾਘਾਯੋਗ ਉਪਾਰਾਲਾ ਕੀਤਾ ਹੈ। ਇਸ ਮੌਕੇ ਨਿਰੰਜਣ ਬੋਹਾ, ਡੀਆਰਸੀ ਨਵਬੀਤ ਕੱਕੜ, ਮਹਿੰਦਰ ਪਾਲ ਮਿੰਦਾ, ਮਮਤਾ ਕੌਰ, ਪ੍ਰਵੀਨ ਕੌਰ, ਬੂਟਾ ਸਿੰਘ, ਜੰਟਾ ਸਿੰਘ ਅਤੇ ਨਿਰਭੈ ਸਿੰਘ ਵੀ ਮੌਜੂਦ ਸਨ।