ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਭਾਗੂ ਸਕੂਲ ਦੀ ਜਾਂਚ
ਇਕਬਾਲ ਸਿੰਘ ਸ਼ਾਂਤ
ਲੰਬੀ, 1 ਦਸੰਬਰ
ਅਧਿਆਪਕਾਂ ਦੀ ਵੱਡੀ ਘਾਟ ਕਾਰਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਸਕੂਲ ’ਚ ਇੱਕ ਬਾਹਰੀ ਵਿਅਕਤੀ ਦੀ ਦਖ਼ਲਅੰਦਾਜ਼ੀ ਦੇ ਇਲਾਵਾ ਲੈਬ ਅਟੈਂਡੈਂਟਾਂ (ਗਰੁੱਪ-ਡੀ) ਤੋਂ ਆਫ਼ ਦਿ ਰਿਕਾਰਡ ਵਿੱਦਿਅਕ ਕਾਰਜ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਾਹਰੀ ਪਿੰਡਾਂ ਦੇ ਆਰਜ਼ੀ ਦਰਜਾ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਤੇ ਬਿਨਾਂ ਛੁੱਟੀ ਭਰੇ ਸਕੂਲ ’ਚੋਂ ਗੈਰਹਾਜ਼ਰੀ ਜਿਹੇ ਮਾਮਲੇ ਭਖੇ ਹੋਏ ਹਨ। ਇਸ ਸਬੰਧੀ ਅੱਜ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਾਭ ਸਿੰਘ, ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ, ਮੈਂਬਰ ਕਾਕਾ ਰਾਮ, ਸਲਾਹਕਾਰ ਸਵਰਨਜੀਤ ਖਿਉਵਾਲੀ ਅਚਨਚੇਤ ਜਵਾਬਤਲਬੀ ਕਰਨ ਪੁੱਜੇ। ਇਸੇ ਵਿਚਕਾਰ ਚਾਰ ਲੈਬ ਅਟੈਂਡੈਂਟਾਂ ਵੱਲੋਂ ਵਿੱਦਿਅਕ ਕਾਰਜ ਨਾ ਕਰਨ ‘ਤੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਦਰਜਾ ਚਾਰ ਦੇ ਕੰਮ ਸੌਂਪਣ ਦਾ ਮਾਮਲਾ ਦਫ਼ਤਰੀ ਰਿਕਾਰਡ ਦਾ ਹਿੱਸਾ ਬਣਿਆ ਹੋਇਆ ਹੈ। ਸਕੂਲ ਵਿੱਚ 40 ਅਸਾਮੀਆਂ ਵਿੱਚੋਂ ਮਹਿਜ਼ 15 ਵਿੱਦਿਅਕ ਸਟਾਫ਼ ਹੈ। ਚੇਅਰਮੈਨ ਲਾਭ ਸਿੰਘ ਨੇ ਦੋਸ਼ ਲਗਾਇਆ ਕਿ ਸਕੂਲ ਦਾ ਹਾਜ਼ਰੀ ਰਜਿਸਟਰੀ ਜਾਂਚਣ ’ਤੇ ਪ੍ਰਿੰਸੀਪਲ ਦਾ ਕੱਲ੍ਹ ਸ਼ਾਮ ਦਾ ਹਾਜ਼ਰੀ ਖਾਨਾ ਖਾਲੀ ਪਾਇਆ ਗਿਆ। ਤਿੰਨ ਆਰਜ਼ੀ ਦਰਜਾ ਮੁਲਾਜ਼ਮਾਂ ਦੀ ਹਾਜ਼ਰੀ ਵੀ ਨਹੀਂ ਲੱਗੀ ਹੋਈ ਸੀ। ਕਈ ਵਰ੍ਹਿਆਂ ਤੋਂ ਪੰਜ ਹਜ਼ਾਰ ’ਤੇ ਕੰਮ ਕਰਦੇ ਬਜ਼ੁਰਗ ਜੋਗਿੰਦਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਦਕਿ 75-75 ਸੌ ਰੁਪਏ ’ਚ ਤਿੰਨ ਬਾਹਰੀ ਵਿਅਕਤੀ ਰੱਖ ਲਏ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਅਕਸਰ ਡਿਊਟੀ ’ਤੇ ਹਾਜ਼ਰ ਨਹੀਂ ਹੁੰਦੇ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਿੰਸੀਪਲ ਵੀ ਕੱਲ੍ਹ ਸਵੇਰੇ ਦੀ ਹਾਜ਼ਰੀ ਲਗਾਉਣ ਉਪਰੰਤ ਗੈਰਹਾਜ਼ਰ ਹਨ।
ਪ੍ਰਿੰਸੀਪਲ ਤੇ ਲੈਬ ਅਟੈਂਡੈਂਟ ਨੇ ਦੋਸ਼ ਨਕਾਰੇ
ਪ੍ਰਿੰਸੀਪਲ ਜਗਜੀਤ ਕੌਰ ਨੇ ਬਾਹਰੀ ਵਿਅਕਤੀ ਦੇ ਦਖ਼ਲ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਕਿਹਾ ਕਿ ਸਕੂਲ ਦਾ ਮਾਹੌਲ ਲੈਬ ਅਟੈਂਡੈਂਟ ਵਕੀਲ ਸਿੰਘ ਵਿਗਾੜ ਰਿਹਾ ਹੈ। ਉਸ ਖਿਲਾਫ਼ ਸਿੱਖਿਆ ਬੋਰਡ ਨੂੰ ਲਿਖਿਆ ਗਿਆ ਹੈ। ਸਟਾਫ਼ ਦੀ ਘਾਟ ਕਰਕੇ ਦਿੱਤੀਆਂ ਡਿਊਟੀਆਂ ਨਾ ਕਰਨ ’ਤੇ ਲੈਬ ਅਟੈਂਡੈਂਟਾਂ ਨੂੰ ਦਰਜਾ ਚਾਰ ਦੇ ਕੰਮ ਸੌਂਪੇ ਗਏ ਹਨ। ਬਾਕੀ ਤਿੰਨ ਆਰਜ਼ੀ ਮੁਲਾਜ਼ਮ ਬੋਰਡ ਨਿਰਦੇਸ਼ਾਂ ’ਤੇ ਰੱਖੇ ਹਨ ਤੇ ਇਹ ਤਿੰਨੇ ਅੱਜ ਛੁੱਟੀ ’ਤੇ ਸਨ। ਲੈਬ ਅਟੈਂਡੈਂਟ ਵਕੀਲ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦੇ ਕਿਹਾ ਕਿ ਉਹ ਬਕਾਇਦਾ ਜਮਾਤਾਂ ‘ਚ ਪੜ੍ਹਾ ਰਹੇ ਹਨ ਅਤੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਗਲਤ ਢੰਗ ਨਾਲ ਦਰਜਾ ਚਾਰ ਦੇ ਕੰਮ ਸੌਂਪੇ ਜਾ ਰਹੇ ਹਨ।