ਸਿੱਖਿਆ ਨੀਤੀ-2020: ਪਾਠਕ੍ਰਮਾਂ ਦੀ ਛਾਂਗ-ਛੰਗਾਈ
ਯਸ਼ ਪਾਲ
ਐੱਨਸੀਈਆਰਟੀ ਵੱਲੋਂ ਸਕੂਲੀ ਸਿੱਖਿਆ ਦੇ ਪਾਠਕ੍ਰਮਾਂ ਦੀ ਛਾਂਗ-ਛੰਗਾਈ ਬਾਰੇ ਵਿਸਥਾਰ ਸਹਿਤ ਚਰਚਾ ਕਰਨ ਤੋਂ ਪਹਿਲਾਂ ਸਾਂਝੇ ਕਰਨ ਵਾਲੇ ਕੁਝ ਅਹਿਮ ਨੁਕਤੇ ਇਹ:
*ਕਿਸੇ ਵੀ ਮੁਲਕ ਅੰਦਰ ਸਿੱਖਿਆ ਦੇਣ ਲਈ ਪਾਠਕ੍ਰਮ ਪ੍ਰਣਾਲੀ (Curriculum) ਮੌਕੇ ਦੀ ਹਕੂਮਤੀ ਪਾਰਟੀ ਦੀ ਲਾਗੂ ਕੀਤੀ ਜਾ ਰਹੀ ਸਿੱਖਿਆ ਨੀਤੀ ਦੀ ਮੂਲ ਚੂਲ ਹੁੰਦੀ ਹੈ; ਤੇ ਸਿੱਖਿਆ ਨੀਤੀ ਉਸ ਪਾਰਟੀ ਦੇ ਲਾਗੂ ਕੀਤੇ ਜਾ ਰਹੇ ਆਰਥਿਕ, ਰਾਜਨੀਤਕ, ਰਣਨੀਤਕ ਏਜੰਡੇ ਦੀ ਸੇਧ ਦੇ ਅਨੁਸਾਰੀ ਹੀ ਬਣਾਈ ਜਾਂਦੀ ਹੈ। ਬੱਚਿਆਂ ਨੂੰ ਕੀ ਪੜ੍ਹਾਉਣਾ ਹੈ, ਕੀ ਨਹੀਂ ਪੜ੍ਹਾਉਣਾ, ਕਿਸ ਨੂੰ ਕਿੰਨਾ ਪੜ੍ਹਾਉਣਾ ਹੈ, ਕਿਵੇਂ ਪੜ੍ਹਾਉਣਾ ਹੈ, ਕਿੱਥੇ ਪੜ੍ਹਾਉਣਾ ਹੈ; ਉਨ੍ਹਾਂ ਉਦੇਸ਼ਾਂ ਦੀ ਪੂਰਤੀ ਦੀਆਂ ਲੋੜਾਂ ਹੀ ਤੈਅ ਕਰਦੀਆਂ ਹਨ। ਇਸ ਦੇ ਨਾਲ ਹੀ ਇਹ ਵੀ ਕਿ ਹਕੂਮਤੀ ਪਾਰਟੀ ਵੱਲੋਂ ਆਪਣੇ ਆਰਥਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਏਜੰਡੇ ਨੂੰ ਲਾਗੂ ਕਰਨ ਲਈ ਸਿੱਖਿਆ ਖੇਤਰ ਅਹਿਮ ਅਤੇ ਸਭ ਖੇਤਰਾਂ ਨਾਲੋਂ ਵੱਧ ਕਾਰਗਰ ਹੁੰਦਾ ਹੈ।
*ਮੌਜੂਦਾ ਕੇਂਦਰ ਸਰਕਾਰ ਵੱਲੋਂ ਕੋਵਿਡ-19 ਦੇ ਬਹਾਨੇ ਅਤੇ ਤਰਕਸੰਗਤਾ ਦੀ ਆੜ ਵਿਚ ਐੱਨਈਪੀ-2020 ਲਾਗੂ ਕਰਦਿਆਂ 6ਵੀਂ ਤੋਂ 12ਵੀਂ ਸ਼੍ਰੇਣੀ ਤੱਕ ਦੀ ਸਕੂਲੀ ਸਿੱਖਿਆ ਦੀਆਂ ਇਤਿਹਾਸ, ਰਾਜਨੀਤੀ ਵਿਗਿਆਨ, ਸਮਾਜਿਕ ਵਿਗਿਆਨ, ਸਾਇੰਸ ਤੇ ਗਣਿਤ ਦੀਆਂ ਪਾਠ ਪੁਸਤਕਾਂ ਦੇ ਪਾਠਕ੍ਰਮ ਵਿਚੋਂ ਐੱਨਸੀਈਆਰਟੀ ਰਾਹੀਂ ਕੀਤੀ ਗਈ/ਕੀਤੀ ਜਾ ਰਹੀ ਭਾਰੀ ਛਾਂਗ-ਛੰਗਾਈ ਦੀ ਉਕਤ ਨੁਕਤਿਆਂ ਦੇ ਪ੍ਰਸੰਗ ਵਿਚ ਨਜ਼ਰਸਾਨੀ ਕੀਤੀ ਜਾਵੇਗੀ ਕਿ ਕਿਹੜੀ ਛਾਂਗ-ਛੰਗਾਈ ਕਿਉਂ ਕੀਤੀ ਗਈ ਹੈ।
ਇਹ ਨਜ਼ਰਸਾਨੀ ਕਰਨ ਤੋਂ ਪਹਿਲਾਂ ਕਿ ਵੱਖ ਵੱਖ ਸ਼੍ਰੇਣੀਆਂ ਦੀਆਂ ਪਾਠ ਪੁਸਤਕਾਂ ਦੇ ਪਾਠਕ੍ਰਮ ਵਿਚੋਂ ਛਾਂਗੀ ਗਈ ਸਮੱਗਰੀ ਦਾ ਕੌਮੀ ਸਿੱਖਿਆ ਨੀਤੀ (ਐੱਨਈਪੀ)-2020 ਨਾਲ ਕੀ ਕੜੀ-ਜੋੜ ਬਣਦਾ ਹੈ ਅਤੇ ਇਸ ਨੂੰ ਲਾਗੂ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੇ ਕਿਸ ਨੀਤੀ-ਏਜੰਡੇ ਦੀ ਪੂਰਤੀ ਦਾ ਹੱਥਾ ਬਣੇਗੀ, ਪਹਿਲਾਂ ਛਾਂਗੀ ਗਈ ਸਮੱਗਰੀ ‘ਤੇ ਸੰਖੇਪ ਝਾਤ ਮਾਰਦੇ ਹਾਂ:
*ਪਾਠਕ੍ਰਮਾਂ ਦੀ ਇਹ ਛਾਂਗ-ਛੰਗਾਈ ‘ਕੌਮੀ ਸਿੱਖਿਆ ਖੋਜ ਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਵੱਲੋਂ ਗਠਿਤ ‘ਕੌਮੀ ਪਾਠ ਪ੍ਰਣਾਲੀ ਚੌਖਟਾ-2023’ ਦੀਆਂ ਅਗਵਾਈ-ਸੇਧਾਂ ਅਨੁਸਾਰ ਕੀਤੀ ਗਈ/ਕੀਤੀ ਜਾ ਰਹੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਸਭ ਤੋਂ ਪਹਿਲਾਂ ਇਸ ਛਾਂਗ-ਛੰਗਾਈ ਦੀ ਵਿਸਥਾਰ ਸਹਿਤ ਪੜਤਾਲੀਆ ਰਿਪੋਰਟ 18 ਤੋਂ 22 ਜੂਨ, 2022 (4 ਭਾਗਾਂ ਵਿਚ) ਤੱਕ ਛਾਪੀ ਸੀ ਜੋ 6ਵੀਂ ਤੋਂ 12ਵੀਂ ਸ਼੍ਰੇਣੀ ਤੱਕ ਇਤਿਹਾਸ, ਰਾਜਨੀਤੀ ਵਿਗਿਆਨ ਤੇ ਸਮਾਜ ਵਿਗਿਆਨ ਦੀਆਂ 21 ਪਾਠ ਪੁਸਤਕਾਂ ਦੀ ਛੰਗਾਈ ‘ਤੇ ਆਧਾਰਿਤ ਸੀ।
*ਕਿਹੜੀ ਸ਼੍ਰੇਣੀ ਦੀ ਕਿਸ ਪੁਸਤਕ ਵਿਚੋਂ ਕਿਹੜੀ ਸਮੱਗਰੀ ਛਾਂਗੀ ਗਈ, ਇਸ ਦੇ ਵਿਸਥਾਰ ਵਿਚ ਨਾ ਜਾਂਦੇ ਹੋਏ, ਗੁਜਰਾਤ ਦੇ 2002 ਦੇ ਮੁਸਲਿਮ ਵਿਰੋਧੀ ਦੰਗਿਆਂ ਨਾਲ ਸਬੰਧਿਤ ਸਾਰੀ ਸਮੱਗਰੀ ਕੱਢ ਦਿੱਤੀ ਗਈ ਹੈ।
*ਜੂਨ, 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਮੁਲਕ ਭਰ ਵਿਚ ਲਾਈ ਐਮਰਜੈਂਸੀ ਦਾ ਜਿ਼ਕਰ ਤਾਂ ਹੈ ਪਰ ਉਸ ਦਾ ਲੋਕਾਂ ਅਤੇ ਰਾਜ ਦੀਆਂ ਸੰਸਥਾਵਾਂ ਉੱਪਰ ਪਏ ਮਾਰੂ ਪ੍ਰਭਾਵਾਂ ਵਾਲਾ ਹਿੱਸਾ ਛਾਂਗ ਦਿੱਤਾ ਗਿਆ ਹੈ।
*1947 ਦੀ ਮੁਲਕ ਵੰਡ ਤੋਂ ਬਾਅਦ ਜਨਤਾ ਦੇ ਜੀਵਨ ਨਾਲ ਜੁੜੇ ‘ਜਨਤਕ ਅੰਦੋਲਨਾਂ ਦੇ ਉਭਾਰ’ ਦੀ ਸਮੱਗਰੀ ਪਾਠਾਂ ਵਿਚੋਂ ਛਾਂਗ ਦਿੱਤੀ ਗਈ ਹੈ। (ਸ਼੍ਰੇਣੀ 6 ਤੋਂ12, ਰਾਜਨੀਤੀ ਵਿਗਿਆਨ)। ਇਨ੍ਹਾਂ ਵਿਚ 1970 ਦਾ ਉੱਤਰਖੰਡ ਦਾ ਵਾਤਾਵਰਨ ਬਚਾਓ ਦਾ ਚਿਪਕੋ ਅੰਦੋਲਨ, ਨਰਮਦਾ ਬਚਾਓ ਅੰਦੋਲਨ, ਮਹਾਰਾਸ਼ਟਰ ਦਾ ਦਲਿਤ ਪੈਂਥਰ ਅੰਦੋਲਨ, 1980ਵਿਆਂ ਦਾ ਬੀਕੇਯੂ ਦਾ ਕਿਸਾਨ ਅੰਦੋਲਨ, ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਬਾਰੇ ਵਿਦਿਆਰਥੀਆਂ ਤੋਂ ਪੁੱਛਿਆ ਗਿਆ ਪ੍ਰਸ਼ਨ, ਮੱਧ ਪ੍ਰਦੇਸ਼ ਦਾ ਆਦਿ ਵਾਸੀਆਂ ਦੇ ਉਜਾੜੇ ਵਿਰੁੱਧ ਚੱਲੇ ਅੰਦੋਲਨ ਦੇ ਬਿਰਤਾਂਤ ਵਾਲਾ ਸਾਰਾ ਹੀ ਪਾਠ ‘ਸਮਾਨਤਾ ਲਈ ਸੰਘਰਸ਼’, ਨੇਪਾਲ ਅੰਦਰ ‘ਲੋਕਤੰਤਰ ਲਈ ਲਹਿਰ’, ਬੋਲੀਵੀਆ ਅੰਦਰ ਪਾਣੀ ਦੇ ਨਿੱਜੀਕਰਨ ਵਿਰੁੱਧ ਅੰਦੋਲਨ, ਸੂਚਨਾ ਅਧਿਕਾਰ ਕਾਨੂੰਨ ਲਈ ਅੰਦੋਲਨ ਆਦਿ ਸ਼ਾਮਲ ਹਨ। ਕਿਸਾਨ ਅੰਦੋਲਨਾਂ ਵਿਚੋਂ ਨਕਸਲਬਾੜੀ ਕਿਸਾਨ ਅੰਦੋਲਨ (12ਵੀਂ ਸ਼੍ਰੇਣੀ) ਅਤੇ 1870 ਦੇ ਦੇਸ਼ਧ੍ਰੋਹ ਕਾਨੂੰਨ ਦੇ ਆਪ-ਹੁਦਰੇਪਣ ਬਾਰੇ ਪੁੱਛੇ ਪ੍ਰਸ਼ਨ (8ਵੀਂ ਸ਼੍ਰੇਣੀ) ਨੂੰ ਵੀ ਕੱਢ ਦਿੱਤਾ ਗਿਆ ਹੈ।
*ਲੋਕਤੰਤਰ ਦੀ ਪਰਿਭਾਸ਼ਾ ਅਤੇ ਵੱਖ ਵੱਖ ਪਹਿਲੂਆਂ ਦੇ ਜਿ਼ਕਰ ਵਾਲੇ 4 ਪਾਠ (6ਵੀਂ ਸ਼੍ਰੇਣੀ, ਰਾਜਨੀਤੀ ਵਿਗਿਆਨ), ‘ਲੋਕਤੰਤਰ ਤੇ ਵਿਭਿੰਨਤਾ’ ਅਤੇ ‘ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ’ ਦੇ 2 ਪਾਠ (10ਵੀਂ ਸ਼੍ਰੇਣੀ, ਰਾਜਨੀਤੀ ਵਿਗਿਆਨ) ਪੂਰੇ ਦੇ ਪੂਰੇ ਛਾਂਗ ਦਿੱਤੇ ਹਨ। ਇਨ੍ਹਾਂ ਪਾਠਾਂ ਵਿਚ ਜਾਤੀ, ਧਰਮ, ਕੌਮ ‘ਤੇ ਆਧਾਰਿਤ ਸਮਾਜਿਕ ਵੰਡੀਆਂ ਤੇ ਨਾ-ਬਰਾਬਰੀਆਂ ਦਾ ਵੇਰਵਾ ਸੀ।
*ਮੁਲਕ ਦੀ ਵੰਡ, ਸੰਵਿਧਾਨ ਦੀ ਸਿਰਜਣਾ ਅਤੇ ਭਾਸ਼ਾ ਦੇ ਆਧਾਰ ‘ਤੇ ਰਾਜਾਂ ਦੀ ਸਥਾਪਨਾ ਨਾਲ ਸਬੰਧਿਤ ਪਾਠ ਵੀ ਕੱਢ ਦਿੱਤੇ ਗਏ ਹਨ (8ਵੀਂ ਸ਼੍ਰੇਣੀ, ਰਾਜਨੀਤੀ ਵਿਗਿਆਨ)।
*ਪੁਰਾਤਨ ਭਾਰਤ ਅੰਦਰ ਵਰਣ ਵੰਡ, ਜਾਤ-ਪਾਤ, ਘੱਟਗਿਣਤੀਆਂ, ਦਲਿਤਾਂ, ਸ਼ੂਦਰਾਂ ਤੇ ਔਰਤਾਂ/ਸ਼ੂਦਰਾਂ ਨੂੰ ਵੇਦ ਨਾ ਪੜ੍ਹਨ ਦੀ ਆਗਿਆ ਨਾ ਹੋਣ ਦਾ ਜਿ਼ਕਰ ਜਿਸ ਪੁਸਤਕ ਵਿਚ ਜਿੱਥੇ ਵੀ ਸੀ, ਉਹ ਕੱਢ ਦਿੱਤਾ ਗਿਆ ਹੈ। ਦਲਿਤ ਨੂੰ ਆਪਣੇ ਪਿਤਾ ਪੁਰਖੀ ਕਿੱਤੇ (ਖੇਤ ਮਜ਼ਦੂਰੀ, ਮੈਲ਼ਾ ਢੋਣਾ, ਪਸ਼ੂਆਂ ਦਾ ਚੰਮ ਲਾਹੁਣਾ) ਤੋਂ ਬਿਨਾ ਹੋਰ ਕੋਈ ਕਿੱਤਾ ਚੁਣਨ ਦੀ ਮਨਾਹੀ ਵਾਲਾ ਹਿੱਸਾ ਵੀ ਕੱਢ ਦਿੱਤਾ ਹੈ। (12ਵੀਂ ਸ਼੍ਰੇਣੀ, ਇਤਿਹਾਸ) ਨੀਵੀਂ ਜਾਤੀ/ਦਲਿਤ ਲਈ ਅਧੀਨਗੀ ਨਾਲ ਵਿਚਰਨ ਦੇ ਸਦਾਚਾਰ (ਉੱਚੀ ਜਾਤੀ ਕੋਲੋਂ ਲੰਘਣ ਸਮੇਂ ਜੁੱਤੀ ਲਾਹ ਕੇ ਹੱਥ ‘ਚ ਫੜਨਾ, ਸਿਰ ਤੋਂ ਪੱਗ ਉਤਾਰ ਕੇ ਤੁਰਨਾ, ਸਿਰ ਝੁਕਾ ਕੇ ਖੜ੍ਹੇ ਹੋਣਾ, ਗਾਲਾਂ ਸਹਿਣਾ ਆਦਿ) ਲਾਗੂ ਕਰਨ ਦਾ ਵੇਰਵਾ ਵੀ ਗਾਇਬ ਕਰ ਦਿੱਤਾ ਹੈ।
*ਨੀਵੀਂ ਜਾਤੀਆਂ/ਦਲਿਤਾਂ ਦਾ ਆਪਣੇ ਨਾਲ ਹੋ ਰਹੇ ਵਿਤਕਰੇ ਤੇ ਵਧੀਕੀਆਂ ਵਿਰੁੱਧ ਲਾਮਬੰਦੀ/ ਸੰਘਰਸ਼ ਕਰਨ ਦੇ ਜਿ਼ਕਰ ਵਾਲਾ ਹਿੱਸਾ ਵੀ ਛਾਂਗ ਦਿੱਤਾ ਗਿਆ ਹੈ।
*ਸਭਨਾਂ ਸ਼੍ਰੇਣੀਆਂ ਦੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚੋਂ ਮੁਸਲਮਾਨ/ਮੁਗਲ ਇਤਿਹਾਸ ਦੀ ਭਾਰੀ ਛੰਗਾਈ ਕੀਤੀ ਗਈ ਹੋ। ਮੁਗਲ ਸਲਤਨਤ, ਮੁਗਲ ਦਰਬਾਰ, ਮੁਗਲ ਇਮਾਰਤਸਾਜ਼ੀ ਆਦਿ ਸਭ ਛਾਂਗ ਦਿੱਤੇ ਹਨ। ਇੱਥੋਂ ਤੱਕ ਕਿ ਮਸਜਿਦ ਕੀ ਹੁੰਦੀ ਹੈ, ਇਸ ਵਿਚ ਮੁਸਲਮਾਨ ਨਮਾਜ਼ ਕਿਵੇਂ ਪੜ੍ਹਦੇ ਹਨ, ਇਹ ਵੇਰਵਾ ਵੀ ਹਟਾ ਦਿੱਤਾ ਗਿਆ ਹੈ।
*ਪਾਠ ਪੁਸਤਕਾਂ ਵਿਚੋਂ ਕੀਤੀ ਉਕਤ ਛਾਂਗ-ਛੰਗਾਈ ਤਾਂ 2022 ਵਿਚ ਹੀ ਕਰ ਕੇ ਐੱਨਸੀਈਆਰਟੀ ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਸੀ ਜਦਕਿ ਅਜੇ ‘ਕੌਮੀ ਪਾਠ ਪ੍ਰਣਾਲੀ ਚੌਖਟਾ-2023’ ਸਿਰੇ ਵੀ ਨਹੀਂ ਸੀ ਚੜ੍ਹਿਆ।
*ਇਕ ਪੜਤਾਲੀਆ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਸੀ ਕਿ ਐੱਨਈਪੀ-2020 ਦੀ ਦਿਸ਼ਾ-ਸੇਧ ਤਹਿਤ ਪਾਠਕ੍ਰਮ ਪ੍ਰਣਾਲੀ ਦੀ ਸੋਧ ਲਈ ਐੱਨਸੀਈਆਰਟੀ ਵੱਲੋਂ ਗਠਿਤ ਜਿਹੜੇ 25 ‘ਫੋਕਸ ਗਰੁੱਪ’ ਕੰਮ ਕਰ ਰਹੇ ਹਨ, ਉਨ੍ਹਾਂ ਵਿਚੋਂ 17 ਗਰੁੱਪਾਂ ਅੰਦਰ ਘੱਟੋ-ਘੱਟ 24 ਮੈਂਬਰ ਆਰਐੱਸਐੱਸ ਵੱਲੋਂ ਸੰਚਾਲਿਤ ਸੰਸਥਾਵਾਂ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ।
*ਉਸ ਸਮੇਂ ਇੰਨਾ ਕੁਝ ਬਾਹਰ ਆਉਣ ਦੇ ਬਾਵਜੂਦ ਨਾ ਸਿੱਖਿਆ ਹਲਕਿਆਂ ਅਤੇ ਨਾ ਹੀ ਸਿਆਸੀ ਹਲਕਿਆਂ ਅੰਦਰ ਸਿਲੇਬਸ ਛਾਂਗ-ਛੰਗਾਈ ਦਾ ਇਹ ਅਹਿਮ ਤੇ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣ ਸਕਿਆ। ਇਸ ਮੁੱਦੇ ਨੂੰ ਲੈ ਕੇ ਇਨ੍ਹਾਂ ਹਲਕਿਆਂ ਅੰਦਰ ਹੋ-ਹੱਲਾ ਉਦੋਂ ਮੱਚਿਆ ਜਦ 5 ਅਪਰੈਲ 2023 ਨੂੰ ਇੱਕ ਅੰਗਰੇਜ਼ੀ ਅਖ਼ਬਾਰ ਨੇ ਮੋਟੀਆਂ ਸੁਰਖੀਆਂ ਨਾਲ 12ਵੀਂ ਸ਼੍ਰੇਣੀ, ਸੈਸ਼ਨ-2023 ਦੀਆਂ ਪਾਠ ਪੁਸਤਕਾਂ ਵਿਚੋਂ ਮਹਾਤਮਾ ਗਾਂਧੀ ਦੇ ਨੱਥੂ ਰਾਮ ਗੋਡਸੇ ਵੱਲੋਂ ਕੀਤੇ ਕਤਲ ਨਾਲ ਜੁੜੇ ਤੱਥਾਂ ਅਤੇ ਆਰਐੱਸਐੱਸ ਉੱਤੇ ਪਾਬੰਦੀ ਲਾਉਣ ਦੇ ਵੇਰਵਿਆਂ ਦੀ ਉਸ ਛੰਗਾਈ ਦੀ ਖ਼ਬਰ ਛਾਪੀ ਜਿਸ ਦਾ ਜਿ਼ਕਰ ਐੱਨਸੀਈਆਰਟੀ ਵੱਲੋਂ ਜਾਰੀ 2022 ਦੀ ਸੂਚੀ ਵਿਚ ਦਰਜ ਨਹੀਂ ਸੀ।
*ਉਕਤ ਮੁੱਦੇ ਬਾਰੇ ਜਿਨ੍ਹਾਂ ਪੈਰਿਆਂ ਵਿਚ ਇਹ ਦਰਜ ਹੈ ਕਿ ‘ਗਾਂਧੀ ਦਾ ਕਤਲ ਪੂਨੇ ਦੇ ਨੱਥੂ ਰਾਮ ਗੋਡਸੇ ਨੇ ਕੀਤਾ ਸੀ ਜਿਹੜਾ ਕੱਟੜ ਹਿੰਦੂ ਅਖਬਾਰ ਦਾ ਸੰਪਾਦਕ ਸੀ’; ਇਹ ਵੀ ਕਿ ਉਸ (ਗਾਂਧੀ) ਨੂੰ ਉਹ ਲੋਕ ਪਸੰਦ ਨਹੀਂ ਸਨ ਕਰਦੇ ਜਿਹੜੇ ਬਦਲਾ ਲੈਣਾ ਚਾਹੁੰਦੇ ਸਨ ਅਤੇ ਭਾਰਤ ਨੂੰ ਵੀ ਉਸੇ ਤਰ੍ਹਾਂ ਹਿੰਦੂਆਂ ਦਾ ਰਾਸ਼ਟਰ ਬਣਾਉਣਾ ਚਾਹੁੰਦੇ ਸਨ ਜਿਸ ਤਰ੍ਹਾਂ ਮੁਸਲਮਾਨਾਂ ਦਾ ਪਾਕਿਸਤਾਨ ਬਣਿਆ ਸੀ; ਇਹ ਵੀ ਕਿ ਸਰਕਾਰ ਵੱਲੋਂ ਫਿਰਕੂ ਨਫ਼ਰਤ ਫੈਲਾਉਣ ਵਾਲੇ ਆਰਐੱਸਐੱਸ ਵਰਗੇ ਸੰਗਠਨਾਂ ਉਪਰ ਕੁਝ ਸਮੇਂ ਲਈ ਪਾਬੰਦੀ ਲਾਈ ਗਈ। ਇਹ ਸਾਰੇ ਪੈਰੇ ਕੱਢ ਦਿੱਤੇ ਗਏ ਹਨ।
*ਇਸ ਦੇ ਨਾਲ ਹੀ ਇਹ ਤੱਥ ਸਾਹਮਣੇ ਆਇਆ ਕਿ 11ਵੀਂ ਸ਼੍ਰੇਣੀ ਦੀ ਰਾਜਨੀਤੀ ਵਿਗਿਆਨ ਦੀ ਪੁਸਤਕ ਵਿਚੋਂ ਭਾਰਤ ਦੇ ਪਹਿਲੇ ਵਿਦਵਾਨ ਸਿੱਖਿਆ ਮੰਤਰੀ ਤੇ ਆਜ਼ਾਦੀ ਘੁਲਾਟੀਏ ਮੌਲਾਨਾ ਆਜ਼ਾਦ ਨਾਲ ਜੁੜੀ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ ਹੈ। ਸੰਵਿਧਾਨ ਸਭਾ ਦੀਆਂ ਮੀਟਿੰਗਾਂ ਵਿਚੋਂ ਉਸ ਦੀ ਹਾਜ਼ਰੀ ਦਾ ਜਿ਼ਕਰ ਗਾਇਬ ਕਰ ਦਿੱਤਾ ਗਿਆ ਹੈ।
*ਸਮਾਜ ਵਿਗਿਆਨ ਦੀਆਂ ਪਾਠ ਪੁਸਤਕਾਂ ਦੀ ਉਜਾਗਰ ਹੋਈ ਉਕਤ ਛਾਂਗ-ਛੰਗਾਈ ਦੀ ਜਾਣਕਾਰੀ ਤੋਂ ਬਾਅਦ ਐੱਨਸੀਈਆਰਟੀ ਵੱਲੋਂ ਮਈ, 2022 ਦੀ ਹੀ 9ਵੀਂ ਤੇ 10ਵੀਂ ਸ਼੍ਰੇਣੀ ਦੀਆਂ ਵਿਗਿਆਨ ਦੀਆਂ ਪੁਸਤਕਾਂ ਦੀ ਛੰਗਾਈ ਦੇ ਹੈਰਾਨਕੁਨ ਤੱਥ ਸਾਹਮਣੇ ਆਏ। 10ਵੀਂ ਸ਼੍ਰੇਣੀ ਦੀ ਜੀਵ ਵਿਗਿਆਨ ਦੀ ਪੁਸਤਕ ਦੇ ‘ਅਨੁਵੰਸ਼ਕਤਾ ਤੇ ਜੀਵ ਵਿਕਾਸ’ ਦੇ ਪਾਠ ਵਿਚੋਂ 19ਵੀਂ ਸਦੀ ਦੇ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਸੰਸਾਰ ਭਰ ਵਿਚ ਪ੍ਰਵਾਨਿਤ ‘ਜੀਵ ਵਿਕਾਸ ਸਿਧਾਂਤ’ ਨਾਲ ਸਬੰਧਿਤ ਪੂਰੇ ਦਾ ਪੂਰਾ ਹਿੱਸਾ ਛਾਂਗ ਦਿੱਤਾ ਗਿਆ ਹੈ। ਪਾਠ ਦਾ ਸਿਰਲੇਖ ਕੇਵਲ ‘ਅਨੁਵੰਸ਼ਕਤਾ’ ਕਰ ਦਿੱਤਾ ਗਿਆ ਹੈ। ਇਸ ਛੰਗਾਈ ਖਿਲਾਫ਼ ਭਾਰਤ ਭਰ ਦੇ 1800 ਵਿਗਿਆਨੀਆਂ ਤੇ ਵਿਗਿਆਨ ਦੇ ਅਧਿਆਪਕਾਂ ਨੇ ਜਨਤਕ ਪਟੀਸ਼ਨ ਵੀ ਜਾਰੀ ਕੀਤੀ ਹੈ।
*10ਵੀਂ ਸ਼੍ਰੇਣੀ ਦੀ ਰਸਾਇਣਕ ਵਿਗਿਆਨ ਦੀ ਪੁਸਤਕ ਵਿਚੋਂ ਰਸਾਇਣਕ ਵਿਗਿਆਨ ਦੀ ਮੂਲ ਚੂਲ ‘ਪੀਰੀਔਡਿਕ ਟੇਬਲ ਆਫ ਐਲੀਮੈਂਟ’ ਦਾ ਪਾਠ ਹੀ ਛਾਂਗ ਦਿੱਤਾ ਗਿਆ ਹੈ। ਗਣਿਤ ਦੀ ਪੁਸਤਕ ਵਿਚੋਂ ਅਹਿਮ ‘ਪਾਈਥਾਗੋਰਸ ਥਿਊਰਮ’ ਕੱਢ ਦਿੱਤੀ ਗਈ ਹੈ। ਅਜੇ ਭਵਿੱਖ ਵਿਚ ਹੋਰ ਕੀ ਕੁਝ ਛਾਂਗਿਆ ਜਾਣਾ ਹੈ, ਇਹ ਸਮਾਂ ਹੀ ਦੱਸੇਗਾ।
ਐੱਨਸੀਈਆਰਟੀ ਵੱਲੋਂ ਸਕੂਲੀ ਸਿੱਖਿਆ ਦੀ ਸ਼੍ਰੇਣੀ 6 ਤੋਂ 12 ਤੱਕ ਦੀਆਂ ਪਾਠ ਪੁਸਤਕਾਂ ਦੀ ਕੀਤੀ ਗਈ ਉਕਤ ਛਾਂਗ-ਛੰਗਾਈ ਦਾ ਮੁੱਖ ਕਾਰਨ ਕੋਵਿਡ-19 ਦੌਰਾਨ ਬੱਚਿਆਂ ਦੀ ਪੜ੍ਹਾਈ ਦੇ ਹੋਏ ਹਰਜੇ ਕਰ ਕੇ ਸਿਲੇਬਸ ਦਾ ਬੋਝ ਘਟਾਉਣਾ ਦੱਸਿਆ ਗਿਆ ਹੈ ਜਿਸ ਨੂੰ ‘ਰੈਸ਼ਨਲਾਈਜੇਸ਼ਨ ਆਫ ਸਿਲੇਬਸ’ ਦਾ ਨਾਂ ਦਿੱਤਾ ਗਿਆ ਹੈ। ਕਿਸ ਪੁਸਤਕ ਵਿਚੋਂ ਕਿਹੜਾ ਪਾਠ, ਕਿਹੜਾ ਪੈਰਾ/ਹਿੱਸਾ ਛਾਂਗਣਾ ਹੈ, ਇਸ ਦਾ ਵੀ ਜਿ਼ਕਰ ਕੀਤਾ ਗਿਆ ਹੈ ਕਿ ਉਹ ਜਿਸ ਨੂੰ ਪੜ੍ਹਨ ਦੀ ਕਿਸੇ ਵੇਲੇ ਲੋੜ ਸੀ ਪਰ ਅੱਜ ਨਹੀਂ ਹੈ, ਜਾਂ ਜੋ ਕਿਸੇ ਹੋਰ ਪੁਸਤਕ ਜਾਂ ਹੋਰ ਸ਼੍ਰੇਣੀ ਵਿਚ ਵੀ ਸ਼ਾਮਿਲ ਹੈ ਜਾਂ ਜੋ ਬੱਚਿਆਂ ਦੀ ਸਮਝ ਤੋਂ ਪਰ੍ਹੇ ਹੈ ਪਰ ਜਦ ਛਾਂਗੀ ਗਈ ਸਮੱਗਰੀ ਦੇਖਦੇ ਹਾਂ ਅਤੇ ਉਸ ਨੂੰ ਮੌਜੂਦਾ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਆਰਥਿਕ, ਸਮਾਜਿਕ, ਰਾਜਨੀਤਕ ਏਜੰਡੇ ਅਤੇ ਉਸ ਦੇ ਅਨੁਸਾਰੀ ਬਣਾਈ ਗਈ ਐੱਨਈਪੀ-2020 ਦੇ ਪ੍ਰਸੰਗ ਵਿਚ ਰੱਖ ਕੇ ਵਾਚਦੇ ਹਾਂ ਤਾਂ ਇਨ੍ਹਾਂ ਦੇ ਹਕੀਕੀ ਕੜੀ-ਜੋੜ ਦੀ ਸਮਝ ਪੈਂਦੀ ਹੈ। ਦਰਅਸਲ, ਇਹ ਛੰਗਾਈ (ਤਰਕਸੰਗਤਾ) ‘ਬੱਚਿਆਂ ਦਾ ਬੋਝ ਘਟਾਉਣ’ ਲਈ ਨਹੀਂ ਸਗੋਂ ਸਮੁੱਚੇ ਪਾਠਕ੍ਰਮ ਨੂੰ ਆਪਣੇ ਰਾਜਨੀਤਕ, ਰਣਨੀਤਿਕ ਏਜੰਡੇ ਦੇ ਅਨੁਸਾਰੀ ਤਰਕਸੰਗਤ ਬਣਾਉਣਾ ਹੈ।
ਕੋਈ ਪਾਠ ਪੁਸਤਕ ਲਿਖਣ/ਤਿਆਰ ਕਰਨ ਨਾਲੋਂ ਉਸ ਦੇ ਕੁਝ ਹਿੱਸਿਆਂ ਦੀ ਛਾਂਗ-ਛੰਗਾਈ ਭਾਵੇਂ ਕਿਤੇ ਸੌਖਾ ਕਾਰਜ ਹੈ ਪਰ ਜਿਸ ਤਰ੍ਹਾਂ ਦੀ ਛਾਂਗ-ਛੰਗਾਈ ਕੀਤੀ ਗਈ ਹੈ, ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਠ ਪੁਸਤਕ ਨੂੰ ਸੋਧ ਕੇ ਮੁੜ ਲਿਖਣਾ ਹੀ ਸਮਝਣਾ ਚਾਹੀਦਾ ਹੈ।
ਇਸ ਛਾਂਗ-ਛੰਗਾਈ ਦਾ ਇੱਕ ਪਹਿਲੂ ਇਹ ਹੈ ਕਿ ਜਿਹੜੇ ਇਤਿਹਾਸਕ ਤੱਥ ਮੌਜੂਦਾ ਸਰਕਾਰ ਲਈ ਅਸਹਿਜ ਹਨ, ਉਸ ਦੇ ਸਿਆਸੀ-ਸਭਿਆਚਾਰਕ ਏਜੰਡੇ ਨੂੰ ਰਾਸ ਨਹੀਂ ਬੈਠਦੇ ਤੇ ਜਿਨ੍ਹਾਂ ਤੋਂ ਉਹ ਬਚਣਾ ਚਾਹੁੰਦੀ ਹੈ, ਜਿਵੇਂ 2002 ਦੇ ਮੁਸਲਮਾਨ ਵਿਰੋਧੀ ਗੁਜਰਾਤ ਦੰਗੇ, ਮੁਲਕ ਵੰਡ ਤੇ ਆਜ਼ਾਦੀ ਲਹਿਰ ਦਾ ਬਿਰਤਾਂਤ, ਗਾਂਧੀ-ਗੋਡਸੇ ਪ੍ਰਸੰਗ ਅਤੇ ਦਲਿਤਾਂ, ਘੱਟਗਿਣਤੀਆਂ, ਆਦਿਵਾਸੀਆਂ, ਨੀਵੀਆਂ ਜਾਤੀਆਂ, ਔਰਤਾਂ ਨਾਲ ਹੁੰਦੇ ਵਿਤਕਰੇ/ਵਧੀਕੀਆਂ ਜਾਂ ਲੋਕਤੰਤਰ, ਸਮਾਜਿਕ ਵੰਨ-ਸਵੰਨਤਾਵਾਂ ਦੀਆਂ ਪਰਿਭਾਸ਼ਾਵਾਂ, ਇਨ੍ਹਾਂ ਦੀ ਰਾਖੀ/ਬਹਾਲੀ ਲਈ ਚੱਲੀਆਂ/ਚਲਦੀਆਂ ਲਹਿਰਾਂ ਜੋ ਬੱਚਿਆਂ ਦੇ ਮਨਾਂ ਅੰਦਰ ਪਾਰਖੂ ਚਿੰਤਨ ਤੇ ਤਰਕਸ਼ੀਲ ਵਿਗਿਆਨਕ ਬਿਰਤੀ ਦੀ ਜਾਗ ਲਾਉਂਦੇ ਹਨ, ਉਨ੍ਹਾਂ ਨੂੰ ਪਾਠ ਪੁਸਤਕਾਂ ਵਿਚੋਂ ਪਹਿਲੇ ਗੇੜ ਵਿਚ ਛਾਂਗ ਕੇ ਪਾਠ ਪੁਸਤਕਾਂ ਦੀ ‘ਪੁਨਰ-ਉਸਾਰੀ’ ਕਰ ਰਹੀ ਹੈ। ਜੰਗਲ-ਜਲ-ਜ਼ਮੀਨ ਨਾਲ ਜੁੜੇ ਵਾਤਾਵਰਨ ਬਚਾਉ ਆਦਿਵਾਸੀ/ਕਿਸਾਨ ਅੰਦੋਲਨ ਵੀ ਮੌਜੂਦਾ ਸਰਕਾਰ ਨੂੰ ਚੁਭਦੇ ਹਨ ਕਿਉਂਕਿ ਇਹ ਇਸ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਦੇ ਰਾਹ ਦਾ ਰੋੜਾ ਬਣਦੇ ਹਨ।
ਲੋਕਾਂ ਵੱਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਕੀਤੇ ਗਏ/ਕੀਤੇ ਜਾ ਰਹੇ ਜਨਤਕ ਅੰਦੋਲਨਾਂ ਦੇ ਬਿਰਤਾਂਤ ਅਤੇ ਲੋਕਤੰਤਰ ਨਾਲ ਸਬੰਧਿਤ ਸਾਰੇ ਬਿਰਤਾਂਤਾਂ ਨੂੰ ਪਾਠ ਪੁਸਤਕਾਂ ‘ਚੋਂ ਛਾਂਗਣ ਪਿੱਛੇ ਵੀ ਮੌਜੂਦਾ ਸਰਕਾਰ ਲੋਕਤੰਤਰ ਨੂੰ ਨਾਗਰਿਕਾਂ ਵੱਲੋਂ ਕੇਵਲ ਚੋਣਾਂ ਵਿਚ ਹਿੱਸਾ ਲੈ ਕੇ ਪ੍ਰਤੀਨਿਧ ਚੁਣਨ ਦੇ ਅਧਿਕਾਰ ਤੱਕ ਹੀ ਸੀਮਤ ਸਮਝਦੀ ਹੈ। ਉਸ ਤੋਂ ਬਾਅਦ ਚੁਣੀ ਹੋਈ ਸਰਕਾਰ ਨੂੰ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਕੇ ਲਾਗੂ ਕਰਨ ਦਾ ਅਧਿਕਾਰ ਸਮਝਦੀ ਹੈ। ਇਸ ਲਈ ਸਰਕਾਰ ਮੁਤਾਬਕ ਬਣਾਏ ਕਾਨੂੰਨਾਂ ਵਿਰੁੱਧ ਜਨਤਕ ਅੰਦੋਲਨ ਰਾਜ-ਧ੍ਰੋਹ ਹੈ। ਇਸੇ ਲਈ ਇਨ੍ਹਾਂ ਨੂੰ ਸਭ ਪਾਠ ਪੁਸਤਕਾਂ ਵਿਚੋਂ ਛਾਂਗ ਦਿੱਤਾ ਗਿਆ ਹੈ ਜਦਕਿ ਅਜਿਹੇ ਜਨਤਕ ਅੰਦੋਲਨ ਹੀ ਕਿਸੇ ਜੀਵੰਤ ਲੋਕਤੰਤਰ ਦੀ ਰੂਹ ਹੁੰਦੇ ਹਨ।
ਇਸ ਪ੍ਰਸੰਗ ਵਿਚ ਤੀਜਾ ਪਹਿਲੂ ਵੀ ਹੈ ਜਿਸ ਵਿਚ ਰੱਖਿਆਂ ਪਾਠ ਪੁਸਤਕਾਂ ਵਿਚੋਂ ਪੁਰਾਤਨ ਭਾਰਤ ਅੰਦਰ ਵਰਣ ਵੰਡ ਪ੍ਰਥਾ, ਦਲਿਤਾਂ/ਸ਼ੂਦਰਾਂ/ਨੀਵੀਂ ਜਾਤੀ/ ਔਰਤਾਂ ਨਾਲ ਵਿਤਕਰਾ/ਅਪਮਾਨਤ ਕਰਨ ਵਾਲੇ ਵਿਹਾਰ ਦੇ ਬਿਰਤਾਂਤ ਦੀ ਛੰਗਾਈ ਅਤੇ ਮੁਗਲ ਇਤਿਹਾਸ ਨੂੰ ਨਿਗੂਣਾ ਬਣਾ ਕੇ ਪੇਸ਼ ਕਰਨ ਦੀ ਸਮਝ ਪੈਂਦੀ ਹੈ; ਉਹ ਪਹਿਲੂ ਹੈ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧਣ ਦੀ ਯੋਜਨਾ ਤਹਿਤ ਪੁਰਾਤਨ ਭਾਰਤੀ ਸੰਸਕ੍ਰਿਤੀ/ਸਦਾਚਾਰ/ਪਰੰਪਰਾਵਾਂ/ਕਦਰਾਂ ਕੀਮਤਾਂ ਵਾਲੇ ਸਮਾਜ ਦੀ ਹਰ ਪੱਖੋਂ ਆਦਰਸ਼ ਸਮਾਜ ਵਜੋਂ ਪੇਸ਼ਕਾਰੀ ਲਈ ਇਨ੍ਹਾਂ ਵਿਤਕਰਿਆਂ/ਵਧੀਕੀਆਂ ਦੇ ਵਰਨਣ ਨੂੰ ਪਾਠ ਪੁਸਤਕਾਂ ‘ਚੋਂ ਛਾਂਗਣਾ।
ਮੌਜੂਦਾ ਕੇਂਦਰ ਸਰਕਾਰ ਵੱਲੋਂ ਐੱਨਸੀਈਆਰਟੀ ਰਾਹੀਂ ਸਕੂਲ ਸਿੱਖਿਆ ਦੀਆਂ ਪਾਠ ਪੁਸਤਕਾਂ ਦੀ ਛਾਂਗ-ਛੰਗਾਈ ਐੱਨਈਪੀ-2020 ਦੀ ਦਿਸ਼ਾ-ਸੇਧ ਤਹਿਤ ਹੀ ਕੀਤੀ ਗਈ ਹੈ। ਐੱਨਈਪੀ ਦੀ ਸਮੀਖਿਆ ਕਰਨੀ ਹਥਲੀ ਲਿਖਤ ਦਾ ਵਿਸ਼ਾ ਨਹੀਂ ਪਰ ਉਕਤ ਸਿਲੇਬਸ ਛਾਂਗ-ਛੰਗਾਈ ਦੇ ਪ੍ਰਸੰਗ ਵਿਚ ਦਿਸ਼ਾ-ਸੇਧ ਦੀ ਮੂਲ ਚੂਲ ਨੂੰ ਸਮਝਣਾ ਜ਼ਰੂਰੀ ਹੈ। ਮੋਦੀ ਸਰਕਾਰ ਵੱਲੋਂ ਜਿੱਥੇ ਅਰਥਚਾਰੇ ਦੇ ਸਭ ਖੇਤਰਾਂ ਦੇ ਕਾਰਪੋਰੇਟੀਕਰਨ/ ਕੇਂਦਰੀਕਰਨ ਦੀ ਲਾਗੂ ਕੀਤੀ ਜਾ ਰਹੀ ਨੀਤੀ, ਸਿੱਖਿਆ ਖੇਤਰ ਸਬੰਧੀ ਵੀ ਐੱਨਈਪੀ-2020 ਅੰਦਰ ਸਪਸ਼ਟ ਹੀ ਹੈ ਪਰ ਨਾਲ ਹੀ ਜਿੱਥੇ ਪਾਠਕ੍ਰਮ ਪ੍ਰਣਾਲੀ ਸਮੇਤ ਸਮੁੱਚੇ ਸਿੱਖਿਆ ਢਾਂਚੇ ਨੂੰ ਮੁੱਢੋਂ-ਸੁੱਢੋਂ ਬਦਲ ਕੇ 21ਵੀਂ ਸਦੀ ਦੀ ਸਿੱਖਿਆ ਦੇ ਮੇਚ ਦੇ ਕਰਨ ਦੀ ਗੱਲ ਕਹੀ ਗਈ ਹੈ, ਉੱਥੇ ਸਿੱਖਿਆ ਦੇ ‘ਭਾਰਤੀਕਰਨ’ ਦੇ ਨਾਂ ਹੇਠ ਇਸ ਨਵੀਂ ਸਿੱਖਿਆ ਪ੍ਰਣਾਲੀ ਰਾਹੀਂ ਪੁਰਾਤਨ ਭਾਰਤੀ ਸੰਸਕ੍ਰਿਤੀ, ਵਿਰਸੇ, ਪਰੰਪਰਾਵਾਂ, ਕਦਰਾਂ ਕੀਮਤਾਂ, ਸਦਾਚਾਰ, ਲੋਕਾਚਾਰ, ਫਲਸਫੇ ਨੂੰ ਸਾਂਭਣ, ਉਭਾਰਨ, ਖੋਜਣ ਤੇ ਇਸ ਨੂੰ ਹੋਰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਪਾਠ ਪੁਸਤਕਾਂ ਵਿਚੋਂ ਪਾਠਕ੍ਰਮ ਦੀ ਛਾਂਗ-ਛੰਗਾਈ ਮੁੱਖ ਤੌਰ ‘ਤੇ ਐੱਨਈਪੀ-2020 ਦੀ ਇਸੇ ਦਿਸ਼ਾ-ਸੇਧ ਮੁਤਾਬਕ ਹੀ ਕੀਤੀ ਗਈ ਹੈ।
ਜਿਸ ਤਰ੍ਹਾਂ ਐੱਨਈਪੀ-2020 ਦੇ ਸਾਰੇ ਦਸਤਾਵੇਜ਼ ਅੰਦਰ ਲੋਕਤੰਤਰ ਤੇ ਧਰਮ ਨਿਰਲੇਪਤਾ ਸ਼ਬਦ ਗਾਇਬ ਹਨ, ਉਸੇ ਤਰ੍ਹਾਂ ਹੀ ਇਸ ਛਾਂਗ-ਛੰਗਾਈ ਵਿਚ ਵੀ ਇਨ੍ਹਾਂ ਦੋਵਾਂ ਸ਼ਬਦਾਂ ਨਾਲ ਜੁੜੇ ਸਭ ਪਾਠ/ਪੈਰੇ/ਹਿੱਸੇ ਗਾਇਬ ਕਰ ਦਿੱਤੇ ਗਏ ਹਨ।
ਐੱਨਈਪੀ-2020 ਦੇ ਦਸਤਾਵੇਜ਼ ਅੰਦਰ ਪਾਰਖੂ ਚਿੰਤਨ (critical thinking) ਅਤੇ ਵਿਗਿਆਨਕ ਬਿਰਤੀ (scientific temper) ਦੇ ਸ਼ਬਦ ਅਨੇਕ ਜਗ੍ਹਾ ਰਸਮੀ ਤੌਰ ‘ਤੇ ਵਰਤੇ ਗਏ ਹਨ ਪਰ ਬੱਚਿਆਂ ਅੰਦਰ ਇਨ੍ਹਾਂ ਦਾ ਸੰਚਾਰ ਕਰਨ ਵਾਲੇ ਸਮਾਜੀ-ਸਿਆਸੀ ਵਰਤਾਰਿਆਂ ਦੇ ਬਿਰਤਾਂਤ ਅਤੇ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਵਰਗੇ ਵਿਗਿਆਨਕ ਪਾਠ ਪੁਸਤਕਾਂ ‘ਚੋਂ ਕੱਢ ਦਿੱਤੇ ਗਏ ਹਨ।
ਇਕ ਗੱਲ ਹੋਰ, ਪਾਠ ਪੁਸਤਕਾਂ ਦੀ ਛਾਂਗ-ਛੰਗਾਈ ਦੀ ਇਹ ਕਵਾਇਦ ਵੀ (ਜੋ ਕੋਵਿਡ-19 ਸਮੇਂ ਤੋਂ ਹੀ ਸ਼ੁਰੂ ਹੈ) ਐੱਨਈਪੀ-2020 ਦੀ ਧਾਰਾ (4.27)ਤਹਿਤ ‘ਮੌਜੂਦਾ ਬਦਲ ਰਹੇ ਪ੍ਰਸੰਗ’ ਦੀ ਆੜ ਵਿਚ ਕੌਮੀ ਪਾਠਕ੍ਰਮ ਪ੍ਰਣਾਲੀ ਚੌਖਟਾ-2005 ‘ਅਪਡੇਟ’ ਕਰਨ ਦੇ ਨਾਂ ਹੇਠ ਕੀਤੀ ਗਈ ਹੈ ਜਿਸ ਦੇ ਚੇਅਰਮੈਨ ਉੱਘੇ ਵਿਗਿਆਨੀ ਪ੍ਰੋ. ਯਸ਼ ਪਾਲ ਸਨ ਅਤੇ ਡਾਇਰੈਕਟਰ ਭਾਰਤ ਦੇ ਨਾਮਵਰ ਸਿੱਖਿਆ ਸ਼ਾਸ਼ਤਰੀ ਪ੍ਰੋ. ਕ੍ਰਿਸ਼ਨ ਕੁਮਾਰ ਸਨ। ਮੌਜੂਦਾ ਸਰਕਾਰ ਨੂੰ ਇਸ ਚੌਖਟੇ ਤਹਿਤ ਸੋਧੀਆਂ ਹੋਈਆਂ ਪਾਠ ਪੁਸਤਕਾਂ, ਉਸ ਦੇ ਸਮਾਜੀ-ਸਿਆਸੀ ਏਜੰਡੇ ਨੂੰ ਰਾਸ ਨਾ ਆਉਣ ਕਰ ਕੇ ਵਧੇਰੇ ਰੜਕਦੀਆਂ ਸਨ। ਵਧੇਰੇ ਛਾਂਗ-ਛੰਗਾਈ ਇਨ੍ਹਾਂ ਪੁਸਤਕਾਂ ਵਿਚੋਂ ਹੀ ਕੀਤੀ ਗਈ ਹੈ। ਯਕੀਨਨ, ਅਜੇ ਐੱਨਈਪੀ-2020 ਤਹਿਤ ਛਾਂਗ-ਛੰਗਾਈ ਹੋਰ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਰਾਸ ਬੈਠਣ ਵਾਲੀ ਹੋਰ ਸਮੱਗਰੀ ਪਾਠ ਪੁਸਤਕਾਂ ਵਿਚ ਪਾਈ ਵੀ ਜਾਵੇਗੀ। ਅਜੇ ਸਕੂਲੀ ਸਿੱਖਿਆ ਦੀ ਸ਼੍ਰੇਣੀ 5 ਤੱਕ ਦੇ ਪਾਠਕ੍ਰਮ ਦੀ ਸੁਧਾਈ ਵੀ ਬਾਕੀ ਹੈ। ਪਾਠ ਪੁਸਤਕਾਂ ਦੀ ਸਮੱਗਰੀ ਤੇ ਦਿੱਖ ਸਬੰਧੀ ਬਣਾਈ ਸੰਸਦੀ ਕਮੇਟੀ ਨੇ ਮੁਲਕ ਭਰ ਦੇ ਸਕੂਲਾਂ ਵਿਚ ਕੇਵਲ ਹਿੰਦੂ ਧਰਮ ਦੇ ਗ੍ਰੰਥ, ਵੇਦ, ਪੁਰਾਣ, ਗੀਤਾ ਪੜ੍ਹਾਉਣ ਅਤੇ ਮੁਸਲਮਾਨਾਂ ਨੂੰ ਛੱਡ ਕੇ ਸਿੱਖ, ਗੁੱਜਰ, ਜਾਟ ਇਤਿਹਾਸ ਨੂੰ ਪਾਠਕ੍ਰਮਾਂ ਦਾ ਹਿੱਸਾ ਬਣਾਉਣ ਦੀ ਸਿਫਾਰਸ਼ ਕੀਤੀ ਹੋਈ ਹੈ। ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਇਸ ‘ਤੇ ਅਮਲ ਵੀ ਸ਼ੁਰੂ ਹੈ।
ਜਿਸ ਤਰ੍ਹਾਂ ਐੱਨਈਪੀਐੱਨਈਪੀ-2020 ਮੁਲਕ ਉੱਪਰ ਠੋਸੀ ਗਈ, ਉਸੇ ਤਰ੍ਹਾਂ ਪਾਠ ਪੁਸਤਕਾਂ ਦੀ ਛਾਂਗ-ਛੰਗਾਈ ਰਾਹੀਂ ਮੁਲਕ ਭਰ ਦੇ ਬੱਚਿਆਂ/ਅਧਿਆਪਕਾਂ ਉੱਪਰ ਇਹ ਠੋਸ ਕੇ ਕਿ ਉਨ੍ਹਾਂ ਨੇ ਕੀ ਪੜ੍ਹਨਾ ਹੈ ਤੇ ਉਨ੍ਹਾਂ ਨੂੰ ਕੀ ਪੜ੍ਹਾਉਣਾ ਹੈ, ਆਪਣੇ ਸਿਆਸੀ-ਰਣਨੀਤਕ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਇਹ ਮੁੱਦਾ ਬੱਚਿਆਂ ਦੇ ਸੰਤੁਲਿਤ ਮਾਨਸਿਕ ਵਿਕਾਸ, ਅਧਿਆਪਕਾਂ ਦੀ ਸਿਰਜਨਾਤਮਕਤਾ ਅਤੇ ਬੱਚਿਆਂ ਦੇ ਮਾਪਿਆਂ ਦੀ ਜਾਣਕਾਰੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੀ ਕੁਝ ਪੜ੍ਹਾਇਆ ਜਾ ਰਿਹਾ ਹੈ ਤੇ ਕੀ ਨਹੀਂ, ਲਈ ਗੰਭੀਰ ਸਰੋਕਾਰਾਂ ਦਾ ਮੁੱਦਾ ਬਣਦਾ ਹੈ। ਇਸ ਅੰਦਰ ਸਭ ਤੋਂ ਵੱਡੀ ਜਿ਼ੰਮੇਵਾਰੀ/ਭੂਮਿਕਾ ਅਧਿਆਪਕ ਵਰਗ ਅਤੇ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੀ ਬਣਦੀ ਹੈ ਕਿ ਉਹ ਅਣਜਾਣ ਮਾਪਿਆਂ ਵੀ ਇਸ ਪੱਖੋਂ ਸੁਚੇਤ ਕਰਨ।
ਸੰਪਰਕ: 98145-35005