ਮਿੰਨੀ ਕਹਾਣੀਆਂ
ਨਾਮਕਰਨ
ਨੀਲ ਕਮਲ ਰਾਣਾ
ਸੱਤਾ ਸੰਭਾਲਦਿਆਂ ਹੀ ਵੋਟਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਕੌਲ-ਕਰਾਰ ਪੁਗਾਉਣ ਦੇ ਮੁੱਢਲੇ ਯਤਨਾਂ ’ਚ ਖ਼ਜ਼ਾਨੇ ਨੇ ਹਾਮੀ ਨਾ ਭਰੀ ਤਾਂ ਬੇਹੱਦ ਦੁਬਿਧਾ ’ਚ ਗ੍ਰਸੇ ਸੱਜਰੇ ਹੁਕਮਰਾਨਾਂ ਨੇ ਆਖ਼ਰ ਉਹੀ ਰਵਾਇਤੀ ਸਿਆਸੀ ਹਥਕੰਡਾ ਅਪਣਾ ਲਿਆ, ਜਿਹੜਾ ਅਜਿਹੀ ਘੋਰ ਬਿਪਤਾ ਵੇਲ਼ੇ ਮੌਕੇ ਦੀ ਹਰ ਸੱਤਾਧਾਰੀ ਸਰਕਾਰ ਅਪਣਾਉਂਦੀ ਆ ਰਹੀ ਸੀ। ਚੁੱਪ-ਚਪੀਤੇ ਇੱਕ ਨਵਾਂ ਨਕੋਰ ਟੈਕਸ ਜਨਤਾ ਸਿਰ ਮੜ੍ਹ ਦਿੱਤਾ ਗਿਆ। ਪਹਿਲਾਂ ਹੀ ਅਣਗਿਣਤ ਟੈਕਸਾਂ ਦੇ ਬੋਝ ਤੋਂ ਕਲਪੀ ਜਨਤਾ ਦੇ ਰੋਹ ’ਚ ਆ ਕੇ ਨਵੀਂ ਸਰਕਾਰ ਨੂੰ ਭੰਡਣ ਦੇ ਤੌਖ਼ਲੇ ਕਰਕੇ ਸਾਰੀ ਵਜ਼ਾਰਤ ਸਿਰ ਜੋੜੀ ਬੈਠੀ ਨਵੇਂ ਟੈਕਸ ਦਾ ਨਾਮਕਰਨ ਕਰਨ ਲਈ ਕੋਈ ਪਿਆਰਾ ਜਿਹਾ ਨਾਮ ਤਲਾਸ਼ਣ ’ਚ ਜੁਟੀ ਸੀ।
ਸੰਪਰਕ: 98151-71874
* * *
ਓਵਰਡੋਜ਼
ਡਾ. ਸਾਧੂ ਰਾਮ ਲੰਗੇਆਣਾ
ਬਿੰਦਰੋ ਦੀ ਸੱਜ ਵਿਆਹੀ ਪੜ੍ਹੀ ਲਿਖੀ ਨੂੰਹ ਨਿੰਮੋ ਨੂੰ ਸਹੁਰੇ ਘਰ ਵਿੱਚ ਵਿਆਹੀ ਆਈ ਨੂੰ ਪਹਿਲੇ ਦਿਨ ਹੀ ਪੂਰੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਉਸ ਦਾ ਪਤੀ ਰਾਜੂ ਚਿੱਟੇ ਦਾ ਸ਼ਿਕਾਰੀ ਹੈ। ਮਾਪਿਆਂ ਦੀ ਇੱਜ਼ਤ ਦੇ ਮੱਦੇਨਜ਼ਰ ਉਹ ਇਸ ਗੱਲੋਂ ਚੁੱਪ ਹੋ ਗਈ ਸੀ ਕਿ ਇੱਕ ਤਾਂ ਉਸ ਦੇ ਦੋ ਭੈਣ ਭਰਾ ਛੋਟੇ ਹਨ ਅਤੇ ਪੇਕੇ ਘਰ ਦੀ ਮਾਲੀ ਹਾਲਤ ਵੀ ਜ਼ਿਆਦਾ ਵਧੀਆ ਨਹੀਂ ਹੈ, ਦੂਜਾ ਇਹ ਕਿ ਰਿਸ਼ਤੇਦਾਰੀ ’ਚੋਂ ਲੱਗਦੇ ਫੁੱਫੜ ਵਿਚੋਲੇ ਨੇ ਆਪਣੀ ਖੱਟੀ ਉਂਗਲ ਨੂੰ ਮੁੱਖ ਰੱਖ ਅਤੇ ਅਸਲੀ ਗੱਲ ਤੋਂ ਪਰਦਾ ਰੱਖ ਕੇ ਉਸ ਦੇ ਭਲੇਮਾਣਸ ਪਿਓ ਨੂੰ ਆਪਣੀਆਂ ਗੱਲਾਂ ਵਿੱਚ ਪੂਰੀ ਤਰ੍ਹਾਂ ਭੇਚਲ ਲਿਆ ਸੀ।
ਸਹੁਰੇ ਘਰ ਵਿੱਚ ਉਸ ਦੀ ਸੱਸ ਬਿੰਦਰੋ ਪੂਰੀ ਤਰ੍ਹਾਂ ਖ਼ੁਸ਼ ਹੋਈ ਫਿਰਦੀ ਸੀ ਕਿ ਉਸ ਨੇ ਆਪਣੇ ਇਕਲੌਤੇ ਨਸ਼ੇੜੀ ਪੁੱਤ ਰਾਜੂ ਨੂੰ ਵਿਆਹ ਕੇ ਆਪਣੀ ਕਬੀਲਦਾਰੀ ਦੀ ਜ਼ਿੰਮੇਵਾਰੀ ਨਿਪਟਾ ਲਈ ਹੈ। ਉਹ ਅੰਦਰੋ ਅੰਦਰੀ ਸੋਚ ਰਹੀ ਸੀ ਕਿ ਘਰ ਵਿੱਚ ਸਿਆਣੀ ਨੂੰਹ ਆ ਜਾਣ ਕਰਕੇ ਉਨ੍ਹਾਂ ਦੀ ਤਾਂ ਲਾਟਰੀ ਹੀ ਲੱਗ ਗਈ ਹੈ। ਉਹ ਗੱਲ ਗੱਲ ’ਤੇ ਵਿਚੋਲੇ ਦਾ ਧੰਨਵਾਦ ਕਰਦੀ ਰਹਿੰਦੀ।
ਓਧਰ ਨਿੰਮੋ ਆਪਣੇ ਪਤੀ ਦੀ ਭਲਾਈ ਵਾਸਤੇ ਪਰਮਾਤਮਾ ਮੂਹਰੇ ਅਰਦਾਸ ਬੇਨਤੀ ਕਰਦੀ ਰਹਿੰਦੀ। ਉਹ ਮਨ ਹੀ ਮਨ ਸੋਚਦੀ ਕਿ ਸ਼ਾਇਦ ਉਸ ਦਾ ਪਤੀ ਸਮਾਂ ਪਾ ਕੇ ਸੁਧਰ ਜਾਵੇ। ਨਾਲੋ ਨਾਲ ਉਹ ਪਤੀ ਨੂੰ ਸੁਧਰਨ ਲਈ ਦਲੀਲਾਂ ਵੀ ਦਿੰਦੀ ਰਹਿੰਦੀ। ਕਦੇ ਕਦੇ ਉਹ ਦੁਖੀ ਮਨ ਨਾਲ ਸਭ ਕੁਝ ਛੱਡ ਕੇ ਪੇਕਿਆਂ ਨੂੰ ਭੱਜ ਜਾਣ ਬਾਰੇ ਆਪਣੇ ਆਪ ਨਾਲ ਗੱਲਾਂ ਕਰਦੀ। ਫਿਰ ਸੋਚਦੀ, ‘ਨਹੀਂ ਨਿੰਮੋ, ਤੂੰ ਏਦਾਂ ਨਾ ਕਰ...। ਆਪਣੇ ਆਪ ਨਾਲ ਸਮਝੌਤਾ ਨਾ ਕਰ ਸਕਣ ਵਾਲਿਆਂ ਦੀ ਜ਼ਿੰਦਗੀ ਦਾ ਪੰਧ ਕੋਈ ਜ਼ਿਆਦਾ ਲੰਮਾ ਨਹੀਂ ਹੁੰਦਾ।’ ਇੱਕ ਦੋ ਵਾਰ ਇਸ ਮਸਲੇ ਨੂੰ ਲੈ ਕੇ ਗੱਲ ਉਲਝਣ ਲੱਗੀ ਤਾਂ ਫੁੱਫੜ ਅਤੇ ਪਿਤਾ ਦੀ ਮੌਜੂਦਗੀ ਵਿੱਚ ਸਹੁਰੇ ਪਰਿਵਾਰ ਨੇ ਨਿੰਮੋ ਦੇ ਨਾਂ ਪੰਜ ਏਕੜ ਜ਼ਮੀਨ ਦੀ ਰਜਿਸਟਰੀ ਅਤੇ ਬਾਕੀ ਜ਼ਮੀਨ-ਜਾਇਦਾਦ ਦੀ ਵਸੀਅਤ ਕਰਵਾ ਦਿੱਤੀ।
ਹੁਣ ਨਿੰਮੋ ਦੇ ਆਧਾਰ ਕਾਰਡ, ਵੋਟਰ ਕਾਰਡ ਦਾ ਪੱਕਾ ਪਤਾ ਵੀ ਬਦਲ ਗਿਆ ਸੀ ਅਤੇ ਉਹ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਵੀ ਕਰ ਚੁੱਕੀ ਸੀ।
ਆਖ਼ਰ ਨਿੰਮੋ ਦੇ ਘਰ ਭਾਣਾ ਵਰਤ ਗਿਆ ਸੀ। ਇੱਕ ਦਿਨ ਚਿੱਟੇ ਦੀ ਓਵਰਡੋਜ਼ ਨੇ ਉਸ ਦੇ ਪਤੀ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਨਿੰਮੋ ਨੇ ਖ਼ੁਦ ਉਸ ਦੀ ਖੱਬੀ ਬਾਂਹ ’ਚੋਂ ਸਰਿੰਜ ਨੂੰ ਪੁੱਟ ਕੇ ਸੁੱਟਿਆ ਸੀ।
ਭੋਗ ਉਪਰੰਤ ਸਹੁਰਾ ਪਰਿਵਾਰ ਅਤੇ ਕੁਝ ਸਾਕ ਸਬੰਧੀ ਉਸ ਨੂੰ ਸਹੁਰਾ ਘਰ ਛੱਡ ਕੇ ਨਾ ਜਾਣ ਲਈ ਮਿੰਨਤਾਂ ਤਰਲੇ ਕਰ ਰਹੇ ਸਨ। ਨਿੰਮੋ ਆਪਣਾ ਪੱਖ ਪੇਸ਼ ਕਰਦੀ ਹੋਈ ਕਹਿ ਰਹੀ ਸੀ, ‘‘ਵਿਆਹ ਤੋਂ ਲੈ ਕੇ ਹੁਣ ਅਠਾਰਾਂ ਮਹੀਨੇ ਤੱਕ ਸਾਡਾ ਆਪਸੀ ਪਤੀ-ਪਤਨੀ ਵਰਗਾ ਕੋਈ ਰਿਸ਼ਤਾ ਨਹੀਂ ਸੀ ਬਣ ਸਕਿਆ। ਮੈਂ ਕੁਆਰੀ ਕੁੜੀ ਵਾਂਗ ਦਿਨ ਕੱਢੇ ਹਨ। ਸਭ ਕੁਝ ਪਤਾ ਚੱਲ ਜਾਣ ਦੇ ਬਾਵਜੂਦ ਮੈਂ ਧੀਰਜ ਰੱਖਿਆ ਅਤੇ ਭੈੜੀਆਂ ਅਲਾਮਤਾਂ ਬਾਰੇ ਸਮਝਾਉਣ ਲਈ ਦਿਨ ਰਾਤ ਸਿਰ ਦੇ ਸਾਈਂ ਨਾਲ ਮੱਥਾ ਮਾਰਦੀ ਰਹੀ, ਪਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਬਾਜ਼ ਨਹੀਂ ਆਇਆ।
ਹੁਣ ਮੈਨੂੰ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਨਸ਼ੇ ਕਾਰਨ ਨਿਪੁੰਸਕ ਹੋਏ ਆਪਣੇ ਪਤੀ ਦੇ ਕਿਸੇ ਬੱਚੇ ਦੀ ਮਾਂ ਤਾਂ ਨਹੀਂ ਬਣ ਸਕੀ, ਪਰ ਉਸ ਹਿੱਸੇ ਆਉਂਦੀ ਦਸ ਏਕੜ ਜ਼ਮੀਨ ਅਤੇ ਬਾਕੀ ਜਾਇਦਾਦ ਦੀ ਹਿੱਸੇਦਾਰ ਜ਼ਰੂਰ ਬਣ ਗਈ ਹਾਂ। ਇਸ ਦੇ ਚਸ਼ਮਦੀਦ ਗਵਾਹ ਮੇਰੇ ਸੱਸ, ਸਹੁਰੇ ਕੋਲੋਂ ਪੁੱਛੋ ਕਿ ਜਦੋਂ ਮੈਂ ਇਸ ਮਸਲੇ ਨੂੰ ਲੈ ਕੇ ਇਨ੍ਹਾਂ ਕੋਲ ਵਾਰ ਵਾਰ ਦੁਹਾਈ ਪਾਉਂਦੀ ਸਾਂ ਤਾਂ ਇਹ ਮੈਨੂੰ ਲਾਲਚ ਦੇ ਕੇ ਮੇਰਾ ਮੂੰਹ ਬੰਦ ਕਰਵਾ ਦਿੰਦੇ ਸਨ, ਜਿਸ ਦਾ ਸਿੱਟਾ ਅੱਜ ਸਭ ਦੇ ਸਾਹਮਣੇ ਹੈ। ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ। ਜੇਕਰ ਉਹ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਹਨ ਤਾਂ ਉਨ੍ਹਾਂ ਦਾ ਇਲਾਜ ਕਰਵਾਓ, ਪਰ ਝੂਠ ਬੋਲ ਕੇ ਨਸ਼ੇੜੀ ਬੱਚਿਆਂ ਨੂੰ ਵਿਆਹੁਣ ਦੀ ਖੇਚਲ ਨਾ ਕਰਿਓ। ਅੱਜ ਇਸ ਨਸ਼ੇ ਨੇ ਛੇ ਫੁੱਟ ਦੇ ਗੱਭਰੂ ਨੂੰ ਆਪਣੀ ਮੁੱਠੀ ਵਿੱਚ ਜਕੜ ਕੇ ਬਿਰਧ ਮਾਪਿਆਂ ਨੂੰ ਇਕਲੌਤੇ ਪੁੱਤਰ ਅਤੇ ਇੱਕ ਵਹੁਟੀ ਨੂੰ ਪਤੀ ਤੋਂ ਵਾਂਝੇ ਕਰ ਦਿੱਤਾ ਹੈ...। ਹੁਣ ਮੈਨੂੰ ਇਕੱਲੀ ਨੂੰ ਇਸ ਘਰ ਵਿੱਚ ਰਹਿਣ ਲਈ ਮਜਬੂਰ ਨਾ ਕਰੋ। ਮੈਂ ਇੱਕ ਔਰਤ ਹੋਣ ਨਾਤੇ ਤਰਸ ਦੇ ਆਧਾਰ ’ਤੇ ਇਹ ਵਿਸ਼ਵਾਸ ਜ਼ਰੂਰ ਦਿਵਾਉਂਦੀ ਹਾਂ ਕਿ ਪੰਜ ਏਕੜ ਰਜਿਸਟਰੀ ਵਾਲੀ ਜ਼ਮੀਨ ਤੋਂ ਇਲਾਵਾ ਬਾਕੀ ਜ਼ਮੀਨ, ਜਾਇਦਾਦ ਦੇ ਮਾਲਕ ਮੇਰੇ ਸੱਸ ਸਹੁਰਾ ਹੀ ਰਹਿਣਗੇ।’’
ਹੁਣ ਅੱਗੇ ਬੈਠੇ ਇਕੱਠ ਵਿੱਚੋਂ ਕਿਸੇ ਕੋਲ ਕੋਈ ਵੀ ਬੋਲਣ ਜੋਗਾ ਸ਼ਬਦ ਨਹੀਂ ਸੀ ਰਿਹਾ।
* * *
ਬੀਹੀ ਵੱਲ ਖੁੱਲ੍ਹਦਾ ਬੂਹਾ
ਮਨਜੀਤ ਸਿੱਧੂ
ਕੋਠੀ ਬਣ ਕੇ ਤਿਆਰ ਹੋ ਗਈ ਤਾਂ ਨੂੰਹ ਪੁੱਤ ਨੇ ਬਾਹਰਲੀ ਬੈਠਕ ਬਾਪੂ ਨੂੰ ਅਲਾਟ ਕਰ ਦਿੱਤੀ। ਨਵੇਂ ਘਰ ਵਿੱਚ ਪੁਰਾਣੀਆਂ ਤਸਵੀਰਾਂ ਦਾ ਕੀ ਕੰਮ, ਸੋਚ ਕੇ ਉਹ ਵੀ ਬਾਪੂ ਦੀ ਬੈਠਕ ਵਿੱਚ ਟੰਗਵਾ ਦਿੱਤੀਆਂ। ਨੂੰਹ ਦੇ ਕਹੇ ਇਹ ਬੋਲ, ‘‘ਜੀ, ਬੇਬੇ ਦੀ ਫੋਟੋ ਵੀ ਉੱਥੇ ਹੀ ਟੰਗਵਾ ਦਿਉ ਬਾਪੂ ਦਾ ਜੀ ਪਰਚਿਆ ਰਹੂ’’ ਉਸ ਦਾ ਕਾਲ਼ਜਾ ਤਾਂ ਸਾੜਦੇ ਪਰ ਉਹ ਇਸ ਦਰਦ ਨੂੰ ਅੰਦਰ ਹੀ ਅੰਦਰ ਪੀ ਜਾਂਦਾ। ਹੋਰ ਕਰਦਾ ਵੀ ਕੀ? ਉਹ ਸੋਚਦਾ ਗੁੱਸਾ ਵੀ ਤਾਂ ਬੰਦਾ ਆਪਣਿਆਂ ’ਤੇ ਹੀ ਕਰ ਸਕਦਾ ਹੈ। ਤੇ ਇੱਥੇ ਤਾਂ ਉਹ ਬੇਗਾਨਾ ਹੀ ਨਹੀਂ, ਫਾਲਤੂ ਵੀ ਸੀ। ਰੋਟੀ ਪਾਣੀ ਨੌਕਰ ਨੇ ਸਮੇਂ ਸਿਰ ਦੇ ਦਿੱਤਾ ਤਾਂ ਖਾ ਲਿਆ। ਨਹੀਂ ਤਾਂ ਰੱਬ ਭਲੀ ਕਰੇ ਕਹਿ ਕੇ ਢਿੱਡ ’ਤੇ ਹੱਥ ਫੇਰ ਲੈਂਦਾ।
ਕਦੇ ਕਦੇ ਮੰਜੇ ’ਤੇ ਪਿਆ ਉਹ ਆਪਣੇ ਅਤੀਤ ਵਿੱਚ ਗੁਆਚ ਜਾਂਦਾ। ਬੈਠਕ ਦੀ ਛੱਤ ਉਸ ਲਈ ਪਰਦੇ ਦਾ ਕੰਮ ਕਰਦੀ। ਅੱਜ ਉਸ ਨੂੰ ਆਪਣੇ ਬਚਪਨ ਵੇਲੇ ਪਾਲਿਆ ਕੁੱਤਾ ਬੀਸੀ ਯਾਦ ਆਇਆ, ਜਿਸ ਨੂੰ ਉਹ ਨਿੱਕੇ ਜਿਹੇ ਨੂੰ ਸਕੂਲੋਂ ਵਾਪਸ ਆਉਂਦਿਆਂ ਚੁੱਕ ਲਿਆਇਆ ਸੀ। ਉਹ ਆਪਣੀ ਮਾਂ ਦੇ ਰੋਕਦਿਆਂ ਰੋਕਦਿਆਂ ਵੀ ਆਪਣੇ ਹਿੱਸੇ ਦਾ ਦੁੱਧ ਉਸ ਨੂੰ ਪਿਆ ਦਿੰਦਾ। ਬੀਸੀ ਨੇ ਵੀ ਉਮਰ ਭਰ ਆਪਣੇ ਮਾਲਕ ਦੀ ਸੇਵਾ ਦਾ ਮੁੱਲ ਮੋੜਿਆ, ਪਰ ਜਦ ਉਸਦਾ ਆਖ਼ਰੀ ਸਮਾਂ ਆਇਆ ਤਾਂ ਚਊਂ ਚਊਂ ਕਰਦਾ ਰਹਿੰਦਾ। ਉਸ ਦੇ ਕੋਲ ਬੈਠ ਕੇ ਉਹ ਬੀਸੀ ਦੇ ਸਿਰ ’ਤੇ ਹੱਥ ਫੇਰਦਾ ਤਾਂ ਉਹ ਚੁੱਪਚਾਪ ਹੋ ਅੱਖਾਂ ਬੰਦ ਕਰ ਲੈਂਦਾ। ਉਸ ਸਮੇਂ ਲਗਦਾ ਜਿਵੇਂ ਉਹ ਕਿਸੇ ਗੂੜ੍ਹੇ ਆਨੰਦ ਵਿੱਚ ਹੋਵੇ। ਇਹ ਸਭ ਯਾਦ ਆਉਂਦਿਆਂ ਹੀ ਉਸ ਦਾ ਦਿਲ ਕੀਤਾ ਕਿ ਉਹ ਵੀ ਬੀਸੀ ਵਾਂਗ ਚਊਂ ਚਊਂ ਕਰੇ, ਪਰ ਅਗਲੇ ਹੀ ਪਲ ਉਸ ਨੂੰ ਖ਼ਿਆਲ ਆਇਆ ਕਿ ਬੈਠਕ ਦਾ ਇੱਕ ਬੂਹਾ ਬਾਹਰ ਬੀਹੀ ਵੱਲ ਵੀ ਖੁੱਲ੍ਹਦਾ ਹੈ।
ਸੰਪਰਕ: 94664-78709
* * *
ਖਸਮਾਂ ਖਾਣੀ
ਸਤਨਾਮ ਸ਼ਾਇਰ
ਛੇ ਕੁ ਮਹੀਨੇ ਪਹਿਲਾਂ ਕਾਰ ਐਕਸੀਡੈਂਟ ਵਿੱਚ ਜਵਾਨ ਪੁੱਤ ਸੁਰਜੀਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ, ਮੱਲ ਸਿੰਘ ਸਵਰਗ ਸਿਧਾਰ ਗਿਆ।ਉੱਚੀ-ਉੱਚੀ ਵਿਹੜੇ ਵਿੱਚ ਪੈਂਦੇ ਵੈਣ ਕਾਲਜੇ ਨੂੰ ਚੀਰ ਰਹੇ ਸਨ...।
ਸੱਥਰ ’ਤੇ ਬੈਠੀ ਅੱਧਖੜ ਉਮਰ ਦੀ ਇੱਕ ਔਰਤ ਦੂਜੀ ਦੇ ਕੰਨ ’ਚ ਕਹਿੰਦੀ, ‘‘ਵਿਆਹ ਨੂੰ ਪੰਜ ਸਾਲ ਵੀ ਨਹੀਂ ਹੋਏ ਸੀ। ਸੁਰਜੀਤ ਦੀ ਢਾਈ ਸਾਲ ਦੀ ਨਿਆਣੀ ਧੀ ਤੇ ਜਵਾਨ ਵਹੁਟੀ...। ਸੁਰਜੀਤ ਦੀ ਮਾਂ ਵਿਚਾਰੀ ਅਧਰੰਗ ਦੀ ਮਾਰੀ ਮੰਜੇ ’ਤੇ ਪਈ ਐ... ਹੱਸਦੇ
ਖੇਡਦੇ ਪਰਿਵਾਰ ਨੂੰ ਖੌਰੇ ਕੀਹਦੀ ਨਜ਼ਰ ਲੱਗ ਗਈ...।’’ ਦੂਜੇ ਹੀ ਪਲ ਇੱਕ ਔਰਤ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਹੌਲੀ ਜਿਹੀ ਬੋਲੀ, “ਹੇ ਵਾਹਿਗੁਰੂ, ਧੰਨ
ਵੱਡਾ ਭਾਈ ਸਰਵਣ ਜੋ ਦੋ ਪਰਿਵਾਰਾਂ ਨੂੰ ਪਾਲੀ
ਜਾਂਦੈ, ਏਦਾਂ ਹੀ ਇਤਫ਼ਾਕ ਬਣਿਆ ਰਹੇ, ਪਰਿਵਾਰ ਦੇ ਜੀਆਂ ’ਚ।’’
ਇੱਕ ਹੋਰ ਨੇ ਹੌਲੀ ਜਿਹੇ ਬੋਲ ਕੱਢਿਆ, “ਨੀ ਤਾਈ, ਇਹ ਕੋਈ ਜ਼ਨਾਨੀ ਥੋੜ੍ਹੀ ਏ, ਖਸਮਾਂ ਨੂੰ ਖਾਣੀ ਐ... ਖਸਮਾਂ ਨੂੰ ਖਾਣੀ।” ਬਾਕੀ ਔਰਤਾਂ ਵੀ ਮੂੰਹ ਜੋੜ-ਜੋੜ ਗੱਲਾਂ ਕਰ ਰਹੀਆਂ ਸਨ।
ਛਿੰਦੋ ਗੁਆਂਢਣ ਹੌਲੀ ਕੁ ਦੇਣੇ ਬੋਲੀ, ‘‘ਨੀ ਭੈਣੇ, ਥੋਨੂੰ ਨਹੀਂ ਪਤਾ ਵਿਚਲੀ ਗੱਲ ਦਾ...’’ ਏਨਾ ਕਹਿ ਕੇ ਉਸ ਨੇ ਕੋਲ ਬੈਠੀਆਂ ਜ਼ਨਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ‘‘ਮੈਂ ਤਾਂ ਸੁਣਿਆ ਡਾਕਟਰਾਂ ਤੋਂ ਸਫ਼ਾਈ ਕਰਵਾਈ ਸੀ... ਨੰਨ੍ਹੀ ਜਾਨ ਦੀ ਬਦਦੁਆ ਲੱਗੀ ਐ... ਬੱਚੇਦਾਨੀ ’ਚ ਇਨਫੈਕਸ਼ਨ ਵਧ ਗਈ ਤਾਂ ਡਾਕਟਰਾਂ ਨੂੰ ਬਹੂ ਦੀ ਬੱਚੇਦਾਨੀ ਕੱਢਣੀ ਪਈ...। ਜਵਾਨ ਐ... ਬਾਂਝ ਕਿਸੇ ਨੇ ਵਿਆਹੁਣੀ ਵੀ ਨਹੀਂ...। ਉਹ ਤਾਂ ਭਲਾ ਹੋਵੇ ਸਰਵਣ ਦਾ, ਜੀਹਨੇ ਛੋਟੀ ਭਰਜਾਈ ਤੇ ਭਤੀਜੀ ਨੂੰ ਪਾਲਣ ਦਾ ਜ਼ਿੰਮਾ ਆਪਣੇ ਸਿਰ ਲੈ ਲਿਆ...।’’
ਮਰਦਾਂ ’ਚ ਸੱਥਰ ’ਤੇ ਬੈਠਾ ਨਛੱਤਰ ਛੜਾ ਬੋਲਿਆ, “ਸਾਡੇ ਵਰਗੇ ਰੱਬ ਦੇ ਜੀਆਂ ਨੂੰ ਇੱਕ ਤੀਵੀਂ ਨੀ ਜੁੜੀ, ਵੇਖ ਲੋ ਬਈ ਸਰਵਣ ਨੂੰ... ਘਰਵਾਲੀ ਨਾਲ ਛੋਟੀ ਭਰਜਾਈ... ਦੋ-ਦੋ ਤੀਵੀਆਂ ਰੱਖੀ ਬੈਠੈ। ਇਹਦੀਆਂ ਤਾਂ ਪੰਜੇ ਉਂਗਲਾਂ ਘਿਓ ’ਚ ਨੇ...।’’
ਸਰਵਣ ਇਹ ਗੱਲ ਸੁਣਦੇ ਸਾਰ ਸੁੰਨ ਹੋ ਗਿਆ। ਸਰਵਣ ਦੇ ਤਾਏ ਦਾ ਮੁੰਡਾ ਜੱਗੂ ਗੁੱਸੇ ’ਚ ਬੋਲਿਆ, ‘‘ਓ ਚਾਚਾ ਬੋਲਣ ਲੱਗਿਆ ਸੋਚ ਲਿਆ ਕਰ। ਧੌਲਾ ਦਾੜ੍ਹਾ ਤੇਰੇ ਮੂੰਹ ’ਤੇ ਐ, ਸਿਆਣਾ-ਬਿਆਣਾ ਹੈਗਾ ਤੂੰ...।’’ ਸਰਵਣ ਨੇ ਜੱਗੂ ਨੂੰ ਚੁੱਪ ਹੋਣ ਲਈ ਕਿਹਾ ਤੇ ਆਪ ਚੁੱਪ ਤੋੜੀ, ‘‘ਵੀਰਪਾਲ ਨੂੰ ਭਰਜਾਈ ਨਹੀਂ, ਮੈਂ ਭੈਣ ਮੰਨਦਾਂ ਤੇ ਉਹ ਮੈਨੂੰ ਵੀਰ ਜੀ ਤੋਂ ਬਿਨਾਂ ਨਹੀਂ ਬੁਲਾਉਂਦੀ...। ਚਾਚਾ, ਸਮਾਜ ਬਹੁਤ ਬਦਲ ਗਿਆ। ਰਿਸ਼ਤਿਆਂ ਨੂੰ ਲੈ ਕੇ ਰੂੜੀਵਾਦੀ ਤੇ ਘਟੀਆ ਸੋਚ ਨੂੰ ਬਦਲੋ।’’ ਸੱਥਰ ’ਤੇ ਬੈਠੇ ਸਾਰੇ ਬੰਦੇ-ਤੀਵੀਆਂ ਨਛੱਤਰ ਛੜੇ ਵੱਲ ਵੇਖ ਰਹੇ ਸਨ। ਕੱਚਾ ਜਿਹਾ ਹੁੰਦਾ ਨਛੱਤਰ ਨਜ਼ਰਾਂ ਚੁਰਾਉਂਦਾ ਸੱਥਰ ਤੋਂ ਉੱਠਿਆ ਤੇ ਪੈਰੀਂ ਜੁੱਤੀ ਅੜਕਾਉਂਦਾ ਰਾਹੇ ਪੈ ਤੁਰਿਆ...।
ਸੰਪਰਕ: 98787-15593
* * *
ਗੁੱਡੀ ਫੂਕੀ ਰੇਤ ’ਚ
ਕਮਲ ਚਡਿਆਲਾ
ਪਿੰਡ ਦੇ ਬੱਚੇ ਇਕੱਠੇ ਹੋ ਕੇ ਜੰਗਲ ’ਚੋਂ ਸੁੱਕੇ ਹੋਏ ਡੱਕੇ ਚੁਗ ਕੇ ਲਿਆਏ ਅਤੇ ਲੀਰਾਂ ਦੀ ਬਣਾਈ ਹੋਈ ਗੁੱਡੀ ਸੜਕ ਕਿਨਾਰੇ ਖੇਤ ਵਿੱਚ ਫੂਕਦੇ ਹੋਏ ਉੱਚੀ ਉੱਚੀ
ਗਾ ਰਹੇ ਸਨ: ‘‘ਗੁੱਡੀ ਫੂਕੀ ਰੇਤ ’ਚ ਮੀਂਹ ਬਰਸਾ ਦੇ
ਖੇਤ ’ਚ।’’
ਕੋਲੋਂ ਲੰਘਦਾ ਹੋਇਆ ਪਾਲ ਤਾਇਆ ਬੋਲਦਾ ਜਾ ਰਿਹਾ ਸੀ, ‘‘ਜਦੋਂ ਇੱਥੇ ਦਾਜ ਦੇ ਲੋਭੀ ਅਸਲੀ ਗੁੱਡੀਆਂ ਨੂੰ ਫੂਕਦੇ ਨੇ, ਉਦੋਂ ਤਾਂ ਰੱਬ ਮੀਂਹ ਨਹੀਂ ਪਾਉਂਦਾ। ਤੁਹਾਡੀ ਇਸ ਲੀਰਾਂ ਦੀ ਗੁੱਡੀ ਫੂਕਣ ਨਾਲ ਕਿਹੜਾ ਪਰਲੋ ਆ ਜਾਊ?’’ ਤਾਇਆ ਬੋਲਦਾ ਹੋਇਆ ਉੱਥੋਂ ਚਲਾ ਗਿਆ। ਉਸ ਦੀ ਗੱਲ ਸੁਣ ਕੇ ਬੱਚੇ ਇੱਕ-ਦੂਜੇ ਵੱਲ ਰਹੇ ਸਨ।
ਸੰਪਰਕ: 95926-12030
* * *