ਦੋਸਤੀ ਮੁੱਖ ਮੰਤਰੀ ਅਤੇ ਜਾਸੂਸ ਦੀ
ਸੁਰਿੰਦਰ ਸਿੰਘ ਤੇਜ
ਇਹ ਘਟਨਾ 12 ਫਰਵਰੀ 2020 ਦੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਰਪ੍ਰਸਤ ਡਾ. ਫਾਰੂਕ ਅਬਦੁੱਲਾ ਗੁਪਕਰ, ਸ੍ਰੀਨਗਰ ਵਿਚਲੇ ਆਪਣੇ ਨਿਵਾਸ ਵਿੱਚ ਨਜ਼ਰਬੰਦ ਸਨ। ਸੁਰੱਖਿਆ ਬਲਾਂ ਦੀਆਂ ਗੱਡੀਆਂ ਤੇ ਕੁਝ ਜਵਾਨਾਂ ਦੀ ਮੌਜੂਦਗੀ ਤੋਂ ਬਿਨਾਂ ਪੂਰੀ ਬੇਰੌਣਕੀ ਸੀ ਉਸ ਇਲਾਕੇ ਵਿੱਚ। ਅਚਾਨਕ ਇੱਕ ਸਰਕਾਰੀ ਗੱਡੀ ਉੱਥੇ ਪਹੁੰਚੀ। ਡਾ. ਫਾਰੂਕ ਦੇ ਨਿਵਾਸ ਦੇ ਗੇਟ ’ਤੇ ਤਾਇਨਾਤ ਦੋ ਸੁਰੱਖਿਆ ਜਵਾਨਾਂ ਨੂੰ ਕਿਹਾ ਗਿਆ ਕਿ ਉਹ ‘ਡਾਕਟਰ ਸਾਹਿਬ’ ਨੂੰ ਦੱਸਣ ਕਿ ਦਿੱਲੀ ਤੋਂ ਕੋਈ ਦੋਸਤ ਉਨ੍ਹਾਂ ਨੂੰ ਮਿਲਣ ਆਇਆ ਹੈ। ਡਾਕਟਰ ਸਾਹਿਬ ਝੱਟ ਸਮਝ ਗਏ ਕਿ ਕੌਣ ਆਇਆ ਹੈ। ਇਹ ਵੀ ਭਾਂਪ ਗਏ ਕਿ ਕਿਉਂ ਆਇਆ ਹੈ। ਇਹ ਦੋਸਤ ਸੀ ਅਮਰਜੀਤ ਸਿੰਘ ਦੁੱਲਟ। ਭਾਰਤੀ ਖ਼ੁਫ਼ੀਆ ਏਜੰਸੀ ‘ਰਿਸਰਚ ਐਂਡ ਐਨੇਲਾਇਸਿਜ਼ ਵਿੰਗ’ (ਰਾਅ) ਦਾ ਸਾਬਕਾ ਮੁਖੀ ਜੋ ਬਾਅਦ ਵਿੱਚ ਲੰਮਾ ਸਮਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਸ਼ਮੀਰ ਬਾਰੇ ਸਲਾਹਕਾਰ ਵੀ ਰਿਹਾ। ਦਿੱਲੀ ਵਿੱਚ ਬਹੁਤ ਲੋਕ ਹਨ ਜੋ ਡਾ. ਫਾਰੂਕ ਦੇ ਦੋਸਤਾਂ ਵਜੋਂ ਜਾਣੇ ਜਾਂਦੇ ਹਨ। ਪਰ ਨਜ਼ਰਬੰਦੀ ਦੌਰਾਨ ਸਿਰਫ਼ ਉਹੀ ਦੋਸਤ ਉਨ੍ਹਾਂ ਨੂੰ ਮਿਲਣ ਆ ਸਕਦਾ ਸੀ ਜਿਸ ਨੂੰ ਸਰਕਾਰ ਨੇ ਕੋਈ ਜ਼ਿੰਮੇਵਾਰੀ ਸੌਂਪੀ ਹੋਵੇ।
ਡਾ. ਫਾਰੂਕ ਦੀ ਸੁਰੱਖਿਆ ਦਾ ਇੰਚਾਰਜ ਐੱਸ.ਪੀ., ਸ੍ਰੀ ਦੁੱਲਟ ਨੂੰ ਅੰਦਰ ਲੈ ਗਿਆ। ਲੰਚ ਦਾ ਸਮਾਂ ਹੋਣ ਵਾਲਾ ਸੀ। ਪਰਿਵਾਰ ਨੇ ਥੋੜ੍ਹਾ ਬਹੁਤ ਖਾਣਾ ਬਣਾਇਆ ਹੋਇਆ ਸੀ। ਖੁੰਬਾਂ ਤੇ ਸ਼ਤਾਵਰੀ (ਐਸਪੈਰੇਗਸ) ਦੀ ਸਬਜ਼ੀ ਤੇ ਇੱਕ ਦਾਲ। ਸ਼ੁੱਧ ਸ਼ਾਕਾਹਾਰੀ ਲੰਚ। ਡਾ. ਫਾਰੂਕ ਦੀ ਪਤਨੀ ਮੌਲੀ ਨੇ ਮੁਆਫ਼ੀਨੁਮਾ ਲਹਿਜੇ ਵਿੱਚ ਕਿਹਾ: ‘‘ਘਰ ਵਿੱਚ ਬਸ ਇਹੋ ਕੁਝ ਪਿਆ ਸੀ।’’ ਡਾਕਟਰ ਸਾਹਿਬ ਦੇ ਘਰ ਸ਼ਾਕਾਹਾਰੀ ਲੰਚ ਖਾਣ ਦਾ ਸ੍ਰੀ ਦੁੱਲਟ ਦਾ ਸ਼ਾਇਦ ਇਹ ਪਹਿਲਾ ਤਜਰਬਾ ਸੀ। ਲੰਚ ਦੌਰਾਨ ਹੀ ਉਨ੍ਹਾਂ ਨੇ ਆਪਣੀ ਆਮਦ ਦੀ ਵਜ੍ਹਾ ਬਿਆਨ ਕਰ ਦਿੱਤੀ, ਬਿਨਾਂ ਲੱਗ-ਲਪੇਟ ਦੇ: ‘‘ਦਿੱਲੀ ਚਾਹੁੰਦੀ ਏ ਕਿ ਡਾਕਟਰ ਸਾਹਿਬ ਉਸ ਦਾ ਸਾਥ ਦੇਣ।’’ ‘‘ਕਿਵੇਂ?’’ ਡਾਕਟਰ ਸਾਹਿਬ ਨੇ ਪੁੱਛਿਆ। ‘‘ਦੋ ਤਰ੍ਹਾਂ ਨਾਲ। ਪਹਿਲਾ, ਕਸ਼ਮੀਰ ਦੇ ਵਿਸ਼ੇਸ਼ ਦਰਜੇ ਬਾਰੇ ਸੰਵਿਧਾਨ ਦੀ ਧਾਰਾ 370 ਦੇ ਖ਼ਾਤਮੇ ਨੂੰ ਦਰੁਸਤ ਦੱਸ ਕੇ ਅਤੇ ਦੂਜਾ, ਕਸ਼ਮੀਰੀਆਂ ਨੂੰ ਕਿਸੇ ਵੀ ਕਿਸਮ ਦੀ ਹਿੰਸਕ ਕਾਰਵਾਈ ਤੋਂ ਗੁਰੇਜ਼ ਕਰਨ ਦਾ ਸੱਦਾ ਦੇ ਕੇ।’’ ਡਾ. ਫਾਰੂਕ ਨੇ ਦੋਵੇਂ ਗੱਲਾਂ ਰੱਦ ਕਰ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਆਪਣੀ ਸਿਆਸੀ ਮੌਤ ਨਹੀਂ ਸੀ ਚਾਹੁੰਦੇ। ਦੁੱਲਟ ਨੂੰ ਇਸੇ ਜਵਾਬ ਦੀ ਪਹਿਲਾਂ ਹੀ ਤਵੱਕੋ ਸੀ। ਉਹ ਸਤੰਬਰ 2019 ਵਿੱਚ ਧਾਰਾ 370 ਹਟਾਏ ਜਾਣ ਅਤੇ ਇਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਤੋਂ ਖ਼ੁਦ ਵੀ ਨਾਖ਼ੁਸ਼ ਸਨ। ਪਰ ਉਹ ਦਿੱਲੀ ਦਰਬਾਰ ਦਾ ਹੁਕਮ ਵੀ ਨਹੀਂ ਸਨ ਟਾਲ ਸਕਦੇ। ਉਂਜ ਵੀ, ਡਾਕਟਰ ਸਾਹਿਬ ਨੂੰ ਮਿਲਣ ਦਾ ਮੌਕਾ ਉਹ ਨਹੀਂ ਸਨ ਗੁਆਉਣਾ ਚਾਹੁੰਦੇ।
ਖ਼ੈਰ, ਜੋ ਕੁਝ ਵੀ ਵਾਪਰਿਆ, ਉਹ ਡਾ. ਫਾਰੂਕ ਅਬਦੁੱਲਾ ਲਈ ਬਹੁਤਾ ਚੰਗਾ ਨਹੀਂ ਰਿਹਾ। ਦਿੱਲੀ ਦੇ ਦੂਤ ਦੀ ਡਾ. ਫਾਰੂਕ ਨਾਲ ਮੁਲਾਕਾਤ ਦੀ ਖ਼ਬਰ ਮੀਡੀਆ ਤੱਕ ਪਹੁੰਚ ਗਈ। ਨੈਸ਼ਨਲ ਕਾਨਫੰਰਸ ਤੇ ਮੋਦੀ ਸਰਕਾਰ ਦਰਮਿਆਨ ‘ਸੌਦੇਬਾਜ਼ੀ’ ਦੇ ਕਿੱਸੇ ਫਿਜ਼ਾ ਵਿੱਚ ਤੈਰਨ ਲੱਗੇ। ਇਸ ਨੇ ਕਸ਼ਮੀਰੀਆਂ ਦੀਆਂ ਨਜ਼ਰਾਂ ਵਿੱਚ ਡਾ. ਫਾਰੂਕ ਦੇ ਅਕਸ ’ਚ ਚਿੱਬ ਪਾ ਦਿੱਤੇ; ਉਹ ਵੀ ਬਿਨਾਂ ਕਿਸੇ ਕਸੂਰ ਦੇ।
* * *
ਉਪਰੋਕਤ ਬਿਰਤਾਂਤ ਅਮਰਜੀਤ ਸਿੰਘ ਦੁੱਲਟ ਦੀ ਨਵੀਂ ਕਿਤਾਬ ‘ਦਿ ਚੀਫ਼ ਮਿਨਿਸਟਰ ਐਂਡ ਦਿ ਸਪਾਈ’ (ਮੁੱਖ ਮੰਤਰੀ ਅਤੇ ਜਾਸੂਸ ਦੀ ਅਣਕਿਆਸੀ ਦੋਸਤੀ; ਜਗਰਨੌਟ ਬੁੱਕਸ; 289 ਪੰਨੇ; 799 ਰੁਪਏ) ਦੇ ਇੱਕ ਅਧਿਆਇ ਦਾ ਸਾਰ-ਅੰਸ਼ ਹੈ। ਖ਼ੂਬ ਚਰਚਾ ਵਿੱਚ ਹੈ ਇਹ ਕਿਤਾਬ; ਡਾਕਟਰ ਫਾਰੂਕ ਅਬਦੁੱਲਾ ਵੱਲੋਂ ਇਸ ਨਾਲੋਂ ਨਾਤਾ ਤੋੜਨ ਕਰ ਕੇ ਅਤੇ ਦੁੱਲਟ ਉੱਪਰ ‘ਦੋਸਤ, ਦੋਸਤ ਨਾ ਰਹਾ’ ਵਾਲੇ ਦੋਸ਼ ਲਾਉਣ ਕਰ ਕੇ। ਦੁੱਲਟ ਖ਼ੁਦ ਨੂੰ ਬੇਕਸੂਰ ਦੱਸਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਿਤਾਬ, ਡਾਕਟਰ ਸਾਹਿਬ ਨਾਲ ਪੂਰੀ ਵਫ਼ਾਈ ਕਰਦੀ ਹੈ। ਕਿਤਾਬ ਦੇ ਜਿਸ ਇੱਕ ਪੈਰੇ ਦਾ ਹਵਾਲਾ ਦੇ ਕੇ ਇੱਕ ਮੀਡੀਆ ਮੰਚ ਨੇ ਇਹ ਪ੍ਰਭਾਵ ਪੈਦਾ ਕੀਤਾ ਕਿ ਅਬਦੁੱਲਾ ਬਾਪ-ਬੇਟੇ (ਫਾਰੂਕ ਤੇ ਉਮਰ) ਨੂੰ ਧਾਰਾ 370 ਹਟਾਉਣ ਦੇ ਫ਼ੈਸਲੇ ਦੀ ਪਹਿਲਾਂ ਹੀ ਜਾਣਕਾਰੀ ਸੀ ਅਤੇ ਉਨ੍ਹਾਂ ਦੀ ਸਹਿਮਤੀ ਮਗਰੋਂ ਇਹ ਧਾਰਾ ਹਟਾਈ ਗਈ, ਉਸ ਪੈਰੇ ਦੇ ਉੱਪਰਲੇ ਹੇਠਲੇ ਪੈਰੇ ਉਪਰੋਕਤ ਪ੍ਰਭਾਵ ਨੂੰ ਗ਼ਲਤ ਦੱਸਣ ਵਾਲੇ ਹਨ। ਉਨ੍ਹਾਂ ਨੂੰ ਪੜ੍ਹਨ ਦੀ ਮੀਡੀਆ ਮੰਚਾਂ ਨੇ ਜ਼ਹਿਮਤ ਹੀ ਨਹੀਂ ਕੀਤੀ।
ਡਾ. ਫਾਰੂਕ ਅਤੇ ਉਨ੍ਹਾਂ ਦੇ ਬੇਟੇ ਉਮਰ ਅਬਦੁੱਲਾ (ਜੰਮੂ ਕਸ਼ਮੀਰ ਦੇ ਮੁੱਖ ਮੰਤਰੀ) ਵੱਲੋਂ ਪ੍ਰਗਟਾਈ ਨਾਰਾਜ਼ਗੀ ਤੇ ਨਾਖ਼ੁਸ਼ੀ ਦੇ ਬਾਵਜੂਦ ਸ੍ਰੀ ਦੁੱਲਟ ਨੂੰ ਯਕੀਨ ਹੈ ਕਿ ਫਾਰੂਕ ਦੀ ਫ਼ਰਾਖ਼ਦਿਲੀ ਛੇਤੀ ਹੀ ਪਰਤ ਆਏਗੀ ਅਤੇ ਦਹਾਕਿਆਂ ਪੁਰਾਣੀ ਦੋਸਤੀ, ਸੁਰਜੀਤ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲਵੇਗੀ। ਉਹ ਆਪਣੀ ਕਿਤਾਬ ਨੂੰ ਡਾ. ਫਾਰੂਕ ਦੀ ਸ਼ਖ਼ਸੀਅਤ ਦੀ ਖ਼ੂਬਸੂਰਤ ਤਸਵੀਰ ਦੱਸਦੇ ਹਨ। ਇਹ ਹੈ ਵੀ ਤਸਵੀਰ। ਉਹ ਤਸਵੀਰ ਜੋ ਸ਼ਖ਼ਸੀ ਖ਼ੂਬਸੂਰਤੀ ਨਿਖਾਰ ਕੇ ਸਾਹਮਣੇ ਲਿਆਉਂਦੀ ਹੈ ਅਤੇ ਦਾਗ਼ਾਂ, ਛਾਈਆਂ ਤੇ ਮੱਸਿਆਂ ਨੂੰ ਫੋਟੋਸ਼ਾਪ ਦੀ ਮਦਦ ਨਾਲ ਬੇਹੱਦ ਮੱਧਮ ਬਣਾ ਦਿੰਦੀ ਹੈ। ਅਜਿਹੀ ਸਾਖੀਕਾਰੀ ਦੇ ਬਾਵਜੂਦ ਕਿਤਾਬ ਹੈ ਪੂਰੀ ਦਿਲਚਸਪ; ਆਦਿ ਤੋਂ ਅੰਤ ਤੱਕ ਪੜ੍ਹਨਯੋਗ। ਸਾਡੇ ਸਮੇਂ ਦੀ ਤਵਾਰੀਖ਼ ਹੋਣ ਤੋਂ ਇਲਾਵਾ ਇਹ ਦੱਸਦੀ ਹੈ ਕਿ ਸਾਡੇ ਮੁਲਕ ਅਤੇ ਜੰਮੂ ਕਸ਼ਮੀਰ ਨੂੰ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਫਾਰੂਕ ਅਬਦੁੱਲਾ ਦੀ ਲੋੜ ਕਿਉਂ ਪੈਂਦੀ ਆਈ ਹੈ ਅਤੇ ਫਾਰੂਕ ਅਬਦੁੱਲਾ ਜਾਂ ਸਮੁੱਚੇ ਅਬਦੁੱਲਾ ਖ਼ਾਨਦਾਨ ਨੂੰ ਭਾਰਤ ਤੇ ਜੰਮੂ ਕਸ਼ਮੀਰ ਦੀ ਜ਼ਰੂਰਤ ਅਤੀਤ ਵਿੱਚ ਕਿਉਂ ਸੀ ਅਤੇ ਹੁਣ ਵੀ ਕਿਉਂ ਹੈ।
* * *
ਨੱਬੇਵਿਆਂ ਦੇ ਨੇੜੇ ਢੁੱਕਣ ਵਾਲੇ ਹਨ ਡਾ. ਫਾਰੂਕ, ਪਰ ਉਨ੍ਹਾਂ ਦਾ ਅਕਸ ਅਜੇ ਵੀ ਜਵਾਂਮਰਦ ਵਾਲਾ ਹੈ। ਰੰਗੀਨਮਿਜ਼ਾਜ, ਮਿਲਣਸਾਰ, ਸੁਨੱਖੇ, ਉੱਚੀ ਕੱਦ-ਕਾਠੀ ਵਾਲੇ ਅਤੇ ਅੰਦਰੋਂ-ਬਾਹਰੋਂ ਪੂਰੇ ਮਜਮੇਬਾਜ਼। ਫਾਰੂਕ, ਲੁਕਾਅ-ਛੁਪਾਅ ਵਿੱਚ ਯਕੀਨ ਨਹੀਂ ਰੱਖਦੇ। ਸੀਨੀਅਰ ਪੱਤਰਕਾਰ ਬਰਖਾ ਦੱਤ ਦੇ ਕਹਿਣ ਮੁਤਾਬਿਕ ‘‘ਉਹ ਆਖ਼ਰੀ ਜ਼ਿੰਦਾਦਿਲ ਸਿਆਸਤਦਾਨਾਂ ਵਿੱਚੋਂ ਇੱਕ ਹਨ।’’ ਉਨ੍ਹਾਂ ਵਾਂਗ ਅਮਰਜੀਤ ਸਿੰਘ ਦੁੱਲਟ ਵੀ ਸਾਰੀ ਉਮਰ ਸੂਹੀਆ ਰਹਿ ਕੇ ਵੀ ਸੂਹੀਆ ਨਹੀਂ ਲੱਗਦੇ। ਆਈਪੀਐੱਸ ਤੋਂ ਉਹ ਇੰਟੈਲੀਜੈਂਸ ਬਿਓਰੋ (ਆਈ.ਬੀ.) ਵਿੱਚ ਪੁੱਜੇ ਅਤੇ ਆਈ.ਬੀ. ਵਾਲਾ ਕਾਰਜਕਾਲ ਖ਼ਤਮ ਹੋਣ ’ਤੇ ‘ਰਾਅ’ ਦੇ ਮੁਖੀ ਥਾਪੇ ਗਏ। ਸੂਰਤ ਤੇ ਸੀਰਤ ਪੱਖੋਂ ਉਹ ਪੁਲੀਸ ਵਾਲੇ ਰਵਾਇਤੀ ਚੌਖਟੇ ਵਿੱਚ ਜ਼ਰਾ ਵੀ ਫਿੱਟ ਨਹੀਂ ਬੈਠਦੇ। ਖੁਸ਼ਮਿਜ਼ਾਜ, ਦੋਸਤਾਨਾ, ਹਲੀਮੀ ਨਾਲ ਪੇਸ਼ ਆਉਣ ਵਾਲੇ। ਲੰਮੀਆਂ ਜ਼ੁਲਫ਼ਾਂ, ਐਨਕ ਪਿਛਲੀਆਂ ਅੱਖਾਂ ਵਿੱਚ ਹਮੇਸ਼ਾਂ ਚਮਕ ਤੇ ਸ਼ਰਾਰਤ, ਹੋਠਾਂ ’ਤੇ ਮੁਸਕਰਾਹਟ, ਹਰ ਕਸੂਤੇ ਸਵਾਲ ਨੂੰ
ਗ਼ਾਲਿਬ ਦੇ ਢੁਕਵੇਂ ਸ਼ੇਅਰ ਨਾਲ ਟਾਲ ਜਾਣ ਵਾਲੇ। ਇਨ੍ਹਾਂ ਦੋਵਾਂ ਦੀ ਦੋਸਤੀ ਕਿਵੇਂ ਉਪਜੀ, ਕਿਵੇਂ ਮੌਲੀ
ਅਤੇ ਕਿਵੇਂ ਪਰਿਵਾਰਕ ਸਾਂਝ ਵਿੱਚ ਬਦਲੀ, ਇਹੋ
ਸਾਰਾ ਵਿਸ਼ਾ-ਵਸਤੂ ਹੈ ‘ਮੁੱਖ ਮੰਤਰੀ ਅਤੇ ਜਾਸੂਸ’ ਦੀ ਕਹਾਣੀ ਦਾ।
ਦਸ ਅਧਿਆਇ ਹਨ ਇਸ ਕਿਤਾਬ ਦੇ। ਆਖ਼ਰੀ ਤਿੰਨ ਅਧਿਆਇ ਧਾਰਾ 370 ਦੀ ਸਮਾਪਤੀ ਅਤੇ ਉਸ ਤੋਂ ਬਾਅਦ ਦੇ ਵਰ੍ਹਿਆਂ ਬਾਰੇ ਹਨ। ਸੱਤਵਾਂ ਅਧਿਆਇ ਬਾਪ-ਬੇਟੇ ਬਾਰੇ ਹੈ। ਸਿਆਸਤਦਾਨ ਤੇ ਇਨਸਾਨ ਵਜੋਂ ਦੋਵਾਂ ਦੀ ਤੁਲਨਾ ਕਰਨ ਵਾਲਾ। ਦੁੱਲਟ ਵੱਲੋਂ ਦੋਵਾਂ ਦਾ ਸਮਤੋਲ ਬਿਠਾਉਣ ਦੇ ਯਤਨਾਂ ਦੇ ਬਾਵਜੂਦ ਪਲੜਾ ‘ਡਾਕਟਰ ਸਾਹਿਬ’ ਵੱਲ ਝੁਕਦਾ ਚਲਿਆ ਜਾਂਦਾ ਹੈ। ਕੁਲ ਮਿਲਾ ਕੇ ਕੀ ਕੁਝ ਕਹਿੰਦੀ ਹੈ ਇਹ ਕਿਤਾਬ, ਇਸ ਦੀਆਂ ਕੁਝ ਝਲਕਾਂ ਇਨ੍ਹਾਂ ਕਾਲਮਾਂ ਵਿੱਚ ਪਾਠਕਾਂ ਦੀ ਨਜ਼ਰ ਹਨ, ਸੰਖੇਪ ਰੂਪ ਵਿੱਚ:
ਦੋਸਤੀ ਦਾ ਆਗਾਜ਼
ਅਕਤੂਬਰ 1987 ਵਿੱਚ ਹੋਇਆ ਡਾ. ਫਾਰੂਕ ਤੇ ਦੁੱਲਟ ਦੀ ਦੋਸਤੀ ਦਾ ਆਗਾਜ਼। ਫਾਰੂਕ ਉਸ ਸਮੇਂ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਸੀ। 1986 ਵਿੱਚ ਰਾਜੀਵ ਗਾਂਧੀ ਸਰਕਾਰ ਵੱਲੋਂ ਕਰਵਾਈਆਂ ਚੁਣਾਵੀ ਧਾਂਦਲੀਆਂ ਦੀ ਬਦੌਲਤ ਜੰਮੂ ਕਸ਼ਮੀਰ ਵਿੱਚ ਦੂਜੀ ਵਾਰ ਮੁੱਖ ਮੰਤਰੀ ਵਜੋਂ ਸੱਤਾ ਵਿੱਚ ਆਉਣ ਵਾਲਾ। ਉਸ ਨੇ ਗੁਪਕਰ ਰੋਡ ਸਥਿਤ ਆਪਣੇ ਨਿਵਾਸ ’ਤੇ ਆਈ.ਬੀ. ਦੇ ਵਿਦਾ ਹੋ ਰਹੇ ਸਟੇਸ਼ਨ ਚੀਫ਼ ਕੇ.ਪੀ. ਸਿੰਘ ਵਾਸਤੇ ਵਿਦਾਇਗੀ ਚਾਹ ਪਾਰਟੀ ਰੱਖੀ ਹੋਈ ਸੀ। ਦੁੱਲਟ ਨੇ ਅਗਲੇ ਦਿਨ ਕੇ.ਪੀ. ਸਿੰਘ ਵਾਲਾ ਅਹੁਦਾ ਸੰਭਾਲਣਾ ਸੀ। ਉਸ ਨੂੰ ਭੁਪਾਲ ਤੋਂ ਸ੍ਰੀਨਗਰ ਬਦਲਿਆ ਗਿਆ ਸੀ। ਕਸ਼ਮੀਰ ਬਾਰੇ ਉਸ ਦਾ ਗਿਆਨ ਬੜਾ ਸੀਮਿਤ ਜਿਹਾ ਸੀ। ਚਾਹ ਪਾਰਟੀ ਵਿੱਚ ਸਾਰੇ ਸਰਕਰਦਾ ਲੋਕ ਹਾਜ਼ਰ ਸਨ। ਦੁੱਲਟ ਦੇ ਵਾਕਿਫ਼ਕਾਰ ਨਾਂ-ਮਾਤਰ ਸਨ, ਇਸੇ ਲਈ ਉਹ ਬਗ਼ੀਚੇ ਦੇ ਇੱਕ ਕੋਨੇ ਵਿੱਚ ਖੜ੍ਹਾ ਉਸ ਹਸਤੀ ਨੂੰ ਦੇਖਦਾ ਆ ਰਿਹਾ ਸੀ ਜਿਸ ਨੂੰ ‘ਖ਼ੁਸ਼ ਰੱਖਣ’ ਦੀ ਹਦਾਇਤ ਉਸ ਨੂੰ ਦਿੱਲੀ ਤੋਂ ਹੋਈ ਸੀ। ਇਹ ਹਸਤੀ ਸੀ ਫਾਰੂਕ ਅਬਦੁੱਲਾ। ਲੰਮਾ-ਉੱਚਾ, ਗੋਰਾ-ਚਿੱਟਾ, ਹਸਮੁੱਖ। ਉਸ ਨੇ ਐਚਕਨ ਤੇ ਰਵਾਇਤੀ ਕਸ਼ਮੀਰੀ ਟੋਪੀ ਪਾਈ ਹੋਈ ਸੀ। ਹਰ ਇੱਕ ਨੂੰ ਨਿੱਘ ਨਾਲ ਮਿਲ ਰਿਹਾ ਸੀ ਉਹ। ਕੋਲ ਪਹੁੰਚਣ ’ਤੇ ਉਸ ਦਾ ਦੁੱਲਟ ਨਾਲ ਤੁਆਰੁਫ਼ ਕੇ.ਪੀ. ਸਿੰਘ ਨੇ ਕਰਾਇਆ। ਰਸਮੀ ਦੁਆ-ਸਲਾਮ ਮਗਰੋਂ ਫਾਰੂਕ ਅੱਗੇ ਵਧ ਗਿਆ। ਦੁੱਲਟ ਨੂੰ ਸ਼ੇਖ਼ ਅਬਦੁੱਲਾ ਖ਼ਾਨਦਾਨ ਦਾ ਇਹ ਚਸ਼ਮ-ਓ-ਚਿਰਾਗ ਕ੍ਰਿਸ਼ਮਈ ਸ਼ਖ਼ਸੀਅਤ ਜਾਪਿਆ, ਪਰ ਅਗਲੇਰੇ ਦਿਨਾਂ ਦੌਰਾਨ ਉਸ ਨੂੰ ਪਤਾ ਲੱਗ ਗਿਆ ਕਿ ਬਾਹਰੀ ਨਿੱਘ ਤੇ ਮਨਮੋਹਕਤਾ ਪਿੱਛੇ ਪੇਚੀਦਾ ਇਨਸਾਨ ਛੁਪਿਆ ਹੋਇਆ ਹੈ ਜੋ ਸਮੇਂ, ਸਥਾਨ ਤੇ ਮੂਡ ਮੁਤਾਬਿਕ ਬੇਬਾਕ ਵੀ ਹੋ ਸਕਦਾ ਹੈ ਅਤੇ ਮਿੱਤ-ਭਾਸ਼ੀ ਵੀ।
ਖ਼ੈਰ, ਚਾਹ ਪਾਰਟੀ ਖ਼ਤਮ ਹੁੰਦਿਆਂ ਹੀ ਕੁਝ ਅਣਕਿਆਸਿਆ ਵਾਪਰਿਆ। ਮੁੱਖ ਮੰਤਰੀ ਦੀ ਕਾਰ ਹਵਾਈ ਅੱਡੇ ਵੱਲ ਜਾਣ ਲੱਗੀ ਸੀ ਤਾਂ ਦੁੱਲਟ ਨੂੰ ਉਸ ਵਿੱਚ ਜਬਰੀ ਚੜ੍ਹਾਅ ਦਿੱਤਾ ਗਿਆ। ਕਾਰ ਵਿੱਚ ਬੈਠੇ ਫਾਰੂਕ ਨੇ ਉਸ ਦੀ ਝਿਜਕ ਦੇਖ ਕੇ ਕਿਹਾ, ‘‘ਆ ਜਾ, ਆ ਜਾ। ਆਪਾਂ ਰਾਹ ਵਿੱਚ ਗੱਲਾਂ-ਬਾਤਾਂ ਕਰਾਂਗੇ।’’ ਅਜਿਹੇ ਗ਼ੈਰ-ਰਵਾਇਤੀ ਆਗਾਜ਼ ਨੇ ਅਗਲੇ ਦਿਨਾਂ ਦੌਰਾਨ ਦੁੱਲਟ ਨੂੰ ਫਾਰੂਕ ਦੀ ਸ਼ਖ਼ਸੀਅਤ ਦੇ ਕਈ ਨਿਵੇਕਲੇ ਰੰਗਾਂ ਤੋਂ ਵਾਕਿਫ਼ ਕਰਵਾਇਆ।
ਫਾਰੂਕ ਦੀ ਸਰਕਾਰ ਕਾਂਗਰਸ ਨਾਲ ਸਾਂਝੀ ਸਰਕਾਰ ਸੀ। ਰਾਜੀਵ ਗਾਂਧੀ ਨੇ ਫਾਰੂਕ ਦੇ ਜੀਜੇ (ਸ਼ੇਖ਼ ਅਬਦੁੱਲਾ ਦੇ ਦਾਮਾਦ) ਗ਼ੁਲਾਮ ਮੁਹੰਮਦ ਸ਼ਾਹ ਨੂੰ ਜਬਰੀ ਹਟਾ ਕੇ ਫਾਰੂਕ ਨੂੰ 1985 ਵਿੱਚ ਮੁੱਖ ਮੰਤਰੀ ਦੀ ਗੱਦੀ ’ਤੇ ਪਰਤਾਇਆ ਸੀ। ਪਰ 1986 ਵਿੱਚ ਚੋਣਾਂ ਸਮੇਂ ਇਹ ਸਰਕਾਰ ਆਪਣੀ ਸਾਖ਼ ਗੁਆ ਚੁੱਕੀ ਸੀ। ਚੋਣਾਂ ਜਿੱਤਣ ਲਈ ਜੋ ਧਾਂਦਲੀਆਂ ਕੀਤੀਆਂ ਗਈਆਂ, ਉਨ੍ਹਾਂ ਨੇ ਕਸ਼ਮੀਰ ਵਾਦੀ ਵਿੱਚ ਵਿਦਰੋਹ ਨੂੰ ਜਨਮ ਦਿੱਤਾ। ਮੁਸਲਿਮ ਯੂਨਾਈਟਿਡ ਫਰੰਟ ਨੂੰ ਉਨ੍ਹਾਂ ਚੋਣਾਂ ਵਿੱਚ ਹੁੰਗਾਰਾ ਮਿਲ ਰਿਹਾ ਸੀ, ਪਰ ਉਸ ਦੇ ਉਮੀਦਵਾਰ ਜਬਰੀ ਹਰਾਏ ਗਏ। ਮਸਲਨ, ਅਮੀਰਾ ਕਦਲ ਹਲਕੇ ਵਿੱਚ ਮੁਹੰਮਦ ਯੂਸੁਫ਼ ਸ਼ਾਹ ਨੇ ਨੈਸ਼ਨਲ ਕਾਨਫਰੰਸ ਦੇ ਗ਼ੁਲਾਮ ਮੋਹੀਊਦੀਨ ਨੂੰ ਹਰਾ ਦਿੱਤਾ, ਪਰ ਰਿਟਰਨਿੰਗ ਅਫ਼ਸਰ ਨੇ ਜੇਤੂ ਮੋਹੀਊਦੀਨ ਨੂੰ ਕਰਾਰ ਦੇ ਦਿੱਤਾ। ਯੂਸੁਫ਼ ਸ਼ਾਹ ਇਸ ਨਾਇਨਸਾਫ਼ੀ ਕਾਰਨ ਬਾਗ਼ੀ ਹੋ ਗਿਆ ਅਤੇ ਚੰਦ ਮਹੀਨਿਆਂ ਬਾਅਦ ਖ਼ਤਰਨਾਕ ਖਾੜਕੂ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਸਰਗਨੇ ‘ਗਾਜ਼ੀ’ ਸੱਯਦ ਸਲਾਹੂਦੀਨ ਦੇ ਰੂਪ ਵਿੱਚ ਵਾਦੀ ਵਿੱਚ ਆ ਪ੍ਰਗਟ ਹੋਇਆ। ਉਸ ਦਾ ਚੋਣ ਮੈਨੇਜਰ ਯਾਸੀਨ ਮਲਿਕ ਵੀ ਬਾਗ਼ੀ ਹੋ ਗਿਆ ਅਤੇ ਫਿਰ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸਰਗਨੇ ਵਜੋਂ ਸਾਹਮਣੇ ਆਇਆ। ਹਿੰਸਾ ਦਾ ਤਿਆਗ ਕਰਨ ਦੇ ਬਾਵਜੂਦ ਉਹ ਹੁਣ ਵੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ।
ਹਵਾਈ ਅੱਡੇ ਵੱਲ ਜਾਂਦਿਆਂ ਫਾਰੂਕ ਨੇ ਚੋਣ ਧਾਂਦਲੀਆਂ ’ਤੇ ਨਾਖ਼ੁਸ਼ੀ ਦਾ ਇਜ਼ਹਾਰ ਕਈ ਵਾਰ ਕੀਤਾ। ਉਸ ਦਾ ਦਾਅਵਾ ਸੀ, ‘‘ਮੈਂ ਕੁਝ ਨਹੀਂ ਕੀਤਾ। ਜੋ ਕਰਵਾਇਆ, ਦਿੱਲੀ ਵਾਲਿਆਂ ਨੇ ਕਰਵਾਇਆ।’’ ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣ ਕੇ ਖ਼ੁਸ਼ ਸੀ। ਉਸ ਦੀ ਸ਼ਖ਼ਸੀਅਤ ਦੇ ਆਪਾ-ਵਿਰੋਧੀ ਪੱਖ ਦੁੱਲਟ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਕਰਦੇ ਰਹੇ ਕਿ ਅਸਲ ਫਾਰੂਕ ਕੌਣ ਹੈ? ਅਜਿਹੇ ਸੰਸਿਆਂ ਦੇ ਬਾਵਜੂਦ ਅਗਲੇ ਸਮਿਆਂ ਦੌਰਾਨ ਦੋਵਾਂ ਦਰਮਿਆਨ ਨੇੜਤਾ ਵਧਦੀ ਗਈ। ਦੋਵੇਂ ਗੋਲਫ਼ ਇਕੱਠੇ ਖੇਡਦੇ; ਦੋਵਾਂ ਨੂੰ ਇਸ ਖੇਡ ਦਾ ਪੂਰਾ ਝੱਸ ਸੀ। ਸ਼ਾਮਾਂ ਨੂੰ ਪੈੱਗ ਇਕੱਠਿਆਂ ਲਾਉਂਦੇ। ਪਰਿਵਾਰਕ ਪਰੇਸ਼ਾਨੀਆਂ ਸਾਂਝੀਆਂ ਕਰ ਲੈਂਦੇ। ਦੋਵਾਂ ਦਰਮਿਆਨ ਫ਼ਾਸਲਾ ਜ਼ਰੂਰ ਸੀ। ਦੁੱਲਟ ਨੇ ਆਪਣੇ ਅੰਦਰ ਇਹ ਅਹਿਸਾਸ ਹਮੇਸ਼ਾ ਜੀਵਤ ਰੱਖਿਆ ਕਿ ‘ਡਾਕਟਰ ਸਾਹਿਬ’ ਤੇ ਉਸ ਦੇ ਦਰਮਿਆਨ ਰੁਤਬੇ ਦਾ ਫ਼ਾਸਲਾ ਹੈ। ਨਾਲ ਹੀ ਉਸ ਦਾ ਇਹ ਪ੍ਰਭਾਵ ਲਗਾਤਾਰ ਪਕੇਰਾ ਹੁੰਦਾ ਗਿਆ ਕਿ ‘‘ਇਸ ਬੰਦੇ ਨੂੰ ਆਪਣੇ ਨਾਲ ਜੋੜੀ ਰੱਖਣ ਤੋਂ ਬਿਨਾਂ ਦਿੱਲੀ ਦਾ ਗੁਜ਼ਾਰਾ ਨਹੀਂ। ਕਸ਼ਮੀਰ ਤੇ ਕਸ਼ਮੀਰੀਆਂ ਨੂੰ ਜਿੰਨਾ ਇਹ ਜਾਣਦਾ ਹੈ, ਕੋਈ ਹੋਰ ਨਹੀਂ।’’ ... ਇਹ ਗੱਲ ਉਸ ਨੇ ਪਹਿਲੀ ਵਾਰ ਕਾਂਗਰਸੀ ਨੇਤਾ ਅਰਜਨ ਸਿੰਘ ਦੇ ਮੂੰਹੋਂ ਭੁਪਾਲ ਵਿੱਚ ਸੁਣੀ ਸੀ। ਦੁੱਲਟ ਦੇ ਅਗਲੇ ਅਨੁਭਵਾਂ ਨੇ ਵਾਰ ਵਾਰ ਇਹੋ ਦਰਸਾਇਆ ਕਿ ਅਰਜਨ ਸਿੰਘ ਦੀ ਰਾਇ ਸੱਚਮੁੱਚ ਸੌ ਫ਼ੀਸਦੀ ਸਹੀ ਸੀ।
ਦਿੱਲੀ ਤੇ ਦਗ਼ੇਬਾਜ਼ੀ
ਜੰਮੂ ਕਸ਼ਮੀਰ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਫਾਰੂਕ ਅਬਦੁੱਲਾ। ਸ਼ੁਰੂਆਤ 1982 ਤੋਂ ਹੋਈ। 2009 ਤੋਂ 2014 ਤੱਕ ਕੇਂਦਰੀ ਮੰਤਰੀ ਵੀ ਰਹੇ। ਵਾਜਪਾਈ ਸਰਕਾਰ ਦੇ ਆਖ਼ਰੀ ਵਰ੍ਹੇ ਦੌਰਾਨ ਉਨ੍ਹਾਂ ਨੂੰ ਭਾਰਤ ਦਾ ਉਪ ਰਾਸ਼ਟਰਪਤੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ, ਪਰ ਵਫ਼ਾ ਨਹੀਂ ਹੋਇਆ। ਅਜਿਹੀਆਂ ਰਾਜਸੀ ਬੇਵਫ਼ਾਈਆਂ ਉਨ੍ਹਾਂ ਨੇ ਕਈ ਵਾਰ ਭੋਗੀਆਂ, ਪਰ ਕਿਸੇ ਨਾਲ ਦੁਸ਼ਮਣੀ ਕਦੇ ਨਹੀਂ ਪਾਲ਼ੀ। ਦੁਲੱਟ ਦੇ ਲਿਖਣ ਅਨੁਸਾਰ ‘‘ਆਪਣੀਆਂ ਤਰਜੀਹਾਂ ਬਾਰੇ ਉਹ ਸਦਾ ਸਪੱਸ਼ਟ ਰਹੇ।’’ ਉਨ੍ਹਾਂ ਨੇ ਸਿਆਸੀ ਜੀਵਨ ਵਿੱਚ ਕਦਮ ਰੱਖਦਿਆਂ ਹੀ ਆਪਣੇ ਸਕਿਆਂ ਤੇ ਸ਼ਰੀਕਾਂ ਨੂੰ ਸਪਸ਼ਟ ਕਰ ਦਿੱਤਾ ਸੀ ਕਿ ‘‘ਮੈਂ ਆਪਣਾ ਜੀਵਨ ਆਪਣੇ ਪਿਤਾ (ਸ਼ੇਖ ਅਬਦੁੱਲਾ) ਵਾਂਗ ਜੇਲ੍ਹਾਂ ਵਿੱਚ ਨਹੀਂ ਗਾਲਣਾ। ਮੇਰੀ ਕੋਸ਼ਿਸ਼ ਇਹੋ ਰਹੇਗੀ ਕਿ ਹਮੇਸ਼ਾਂ ਦਿੱਲੀ (ਕੇਂਦਰ ਸਰਕਾਰ) ਦੇ ਸਹੀ ਪਾਸੇ ਰਹਾਂ।’’ ਸਹੀ ਪਾਸੇ ਰਹਿਣ ਦੇ ਨਿਸ਼ਚੈ ਨੇ ਹੀ ਉਨ੍ਹਾਂ ਨੂੰ ਰਾਜੀਵ ਗਾਂਧੀ ਦੇ ਕਰੀਬੀ ਵੀ ਬਣਾਈ ਰੱਖਿਆ ਅਤੇ ਨਰਸਿਮ੍ਹਾ ਰਾਓ ਤੇ ਅਟਲ ਬਿਹਾਰੀ ਵਾਜਪਾਈ ਦੇ ਵਿਸ਼ਵਾਸ਼-ਪਾਤਰ ਵੀ। ਨਰਿੰਦਰ ਮੋਦੀ ਨਾਲ ਘੁਲਣ-ਮਿਲਣ ਵਿੱਚ ਵੀ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਪਰ ਮੋਦੀ ਦਾ ਸੰਗੀ ਬਣਨਾ ਉਨ੍ਹਾਂ ਨੂੰ ਕਸ਼ਮੀਰੀਆਂ ਤੋਂ ਦੂਰ ਲਿਜਾ ਸਕਦਾ ਹੈ, ਉਹ ਇਹ ਜੋਖ਼ਿਮ ਨਹੀਂ ਉਠਾਉਣਾ ਚਾਹੁੰਦੇ।
ਧਾਰਾ 370 ਦੇ ਖ਼ਾਤਮੇ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਨੇ ਇਹ ਧਾਰਾ ਖ਼ਤਮ ਕਰ ਦੇਣੀ ਹੈ, ਇਸ ਦਾ ਉਨ੍ਹਾਂ ਨੂੰ ਪੂਰਵ-ਅਨੁਮਾਨ ਸੀ। ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਇਹ ਧਾਰਾ ਖ਼ਤਮ ਕਰਨੀ ਦਰਜ ਸੀ। ਉਂਜ ਵੀ, 1975 ਤੋਂ ਬਾਅਦ ਇਹ ਧਾਰਾ ਆਪਣੀ ਵੁੱਕਤ ਗੁਆ ਚੁੱਕੀ ਸੀ। ਪਰ ਅਜਿਹਾ ਹੋਣ ਦੇ ਬਾਵਜੂਦ ‘‘ਕਸ਼ਮੀਰੀਆਂ ਵਾਸਤੇ ਆਪਣਾ ਨੰਗੇਜ ਕੱਜਣ ਵਾਲੇ ਲੰਗੋਟੀਨੁਮਾ ਅੰਜੀਰੀ-ਪੱਤੇ ਵਰਗੀ ਸੀ ਇਹ ਧਾਰਾ। ਮੋਦੀ ਨੇ ਇਹ ਕੱਜਣ ਜਬਰੀ ਖਿੱਚ ਕੇ ਕਸ਼ਮੀਰੀਆਂ ਦਾ ਸਵੈਮਾਣ ਮਲੀਆਮੇਟ ਕਰ ਦਿੱਤਾ। ਬੜੇ ਕਰੂਰ ਢੰਗ ਨਾਲ ਕੀਤਾ ਗਿਆ ਇਹ ਕਾਰਾ।’’ ਲਿਹਾਜ਼ਾ, ਮੋਦੀ ਵਾਲੇ ਪਾਲ਼ੇ ਵਿੱਚ ਜਾਣਾ ਡਾ. ਫਾਰੂਕ ਲਈ ਮੁਮਕਿਨ ਨਹੀਂ। ਇਸ ਸਥਿਤੀ ਦੇ ਬਾਵਜੂਦ ਆਪਣੇ ਬੇਟੇ ਉਮਰ ਨੂੰ ਉਹ ਦਿੱਲੀ ਨਾਲ ਦੂਰੀ ਨਾ ਬਣਾਉਣ ਤੇ ਟਕਰਾਅ ਤੋਂ ਬਚਣ ਦਾ ਉਪਦੇਸ਼ ਦਿੰਦੇ ਆਏ ਹਨ।
ਕਿਤਾਬ ਮੁਤਾਬਿਕ ਧਾਰਾ 370 ਦੇ ਖ਼ਾਤਮੇ ਤੋਂ ਕਈ ਦਿਨ ਪਹਿਲਾਂ ਫਾਰੂਕ, ਮੋਦੀ ਨੂੰ ਮਿਲੇ ਸਨ। ਬੜੀ ਸੁਖਾਵੀਂ ਰਹੀ ਸੀ ਮੁਲਾਕਾਤ। ਸ਼ਹਿਦਨੁਮਾ ਸੀ ਮੋਦੀ ਦੀ ਬੋਲ-ਬਾਣੀ। ਇਸ ਮੁਲਾਕਾਤ ਦੌਰਾਨ ਧਾਰਾ 370 ਦੀ ਗੱਲ ਤੱਕ ਨਹੀਂ ਤੁਰੀ। ਫਾਰੂਕ ਨਿਸ਼ਚਿੰਤ ਹੋ ਗਏ। ਜਦੋਂ ਅਚਨਚੇਤੀ ਐਲਾਨ ਹੋਇਆ ਤਾਂ ਉਹ ਸਕਤੇ ਵਿੱਚ ਆ ਗਏ। ਮੋਦੀ ਨੇ ਵੀ ਐਲਾਨ ਆਪ ਨਹੀਂ ਕੀਤਾ, ਅਮਿਤ ਸ਼ਾਹ ਤੋਂ ਕਰਵਾਇਆ। ਫਾਰੂਕ ਦੀ ਰਾਇ ਵਿੱਚ ਇਹ ਗਿਣੀ-ਮਿਥੀ ਚਾਲ ਸੀ; ਪ੍ਰਤੀਕਰਮ ਬਹੁਤਾ ਅਸੁਖਾਵਾਂ ਰਹਿਣ ਦੀ ਸੂਰਤ ਵਿੱਚ ਘੜਾ ਅਮਿਤ ਸ਼ਾਹ ਦੇ ਸਿਰ ਭੰਨਣ ਦੀ।
ਗੁਪਕਰ ਐਲਾਨਨਾਮਾ
ਦੁੱਲਟ ਅਨੁਸਾਰ 2020 ਵਿੱਚ ਨਜ਼ਰਬੰਦੀ ਤੋਂ ਰਿਹਾਈ ਮਗਰੋਂ ਡਾ. ਫਾਰੂਕ ਦਾ ਸਭ ਤੋਂ ਵੱਡਾ ਕਾਰਨਾਮਾ ਸੀ ਪੀ.ਏ.ਜੀ.ਡੀ. ਭਾਵ ਪੀਪਲਜ਼ ਐਲਾਇੰਸ ਫਾਰ ਗੁਪਕਰ ਡੈਕਲਾਰੇਸ਼ਨ। ਇਹ ਕਸ਼ਮੀਰ ਦੀਆਂ ਸਾਰੀਆਂ ਪੁਰਾਣੀਆਂ ਤੇ ਨਵੀਆਂ ਪਾਰਟੀਆਂ ਦਾ ਗੱਠਜੋੜ ਸੀ ਜਿਸ ਨੇ ਆਪਣੀ ਜੱਦੋਜਹਿਦ ਦਾ ਆਗਾਜ਼ ‘ਗੁਪਕਰ ਐਲਾਨਨਾਮੇ’ ਰਾਹੀਂ ਕੀਤਾ। ਮਕਸਦ ਇੱਕੋ ਹੀ ਸੀ: ਜੋ ਨਵਾਂ ਰਾਜ-ਪ੍ਰਬੰਧ ਕਸ਼ਮੀਰ ਉੱਤੇ ਥੋਪਿਆ ਜਾ ਰਿਹਾ ਹੈ, ਉਸ ਦਾ ਪ੍ਰਚੰਡ ਵਿਰੋਧ ਕਰਨਾ। ਪੀ.ਏ.ਜੀ.ਡੀ. ਦੀ ਪਹਿਲੀ ਮੀਟਿੰਗ ਪੀ.ਡੀ.ਪੀ. ਦੀ ਨੇਤਾ ਮਹਿਬੂਬਾ ਮੁਫ਼ਤੀ ਦੇ ਘਰ ਹੋਈ। ਇੱਥੇ ਡਾ. ਫਾਰੂਕ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਚੋਣਾਂ ਦਾ ਬਾਈਕਾਟ ਨਹੀਂ ਕਰਨਗੇ। ਉਹ ਕਸ਼ਮੀਰੀਆਂ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਸੰਸਦ ਵਿੱਚ ਉਠਾਉਣਗੇ। ਇਹ ਧਿਰਾਂ ਸਵਾ ਸਾਲ ਇੱਕਮੁੱਠ ਰਹੀਆਂ। ਫਿਰ ਪੁਰਾਣੀਆਂ ਸਾਜ਼ਿਸ਼ਾਂ ਤੇ ਟੁੱਟ-ਭੱਜ ਸ਼ੁਰੂ ਹੋ ਗਈ। ਹੁਣ ਸੱਤਾ ਵਿੱਚ ਹੋਣ ਕਾਰਨ ਨੈਸ਼ਨਲ ਕਾਨਫਰੰਸ ਬਾਕੀ ਸਾਰੀਆਂ ਕਸ਼ਮੀਰੀ ਧਿਰਾਂ ਦੇ ਨਿਸ਼ਾਨੇ ’ਤੇ ਹੈ।
* * *
ਬੜੀਆਂ ਨਾਟਕੀ ਘਟਨਾਵਾਂ ਦਰਜ ਹਨ ਕਿਤਾਬ ਵਿੱਚ। ਦੁਹਰਾਅ ਵੀ ਹੈ ਗੱਲਾਂ ਦਾ। ਪਰ ਕੁਲ ਮਿਲਾ ਕੇ ਇਸ ਵਿੱਚੋਂ ਡਾ. ਫਾਰੂਕ ਅਬਦੁੱਲਾ ਦੀ ਜੋ ਤਸਵੀਰ ਉੱਭਰਦੀ ਹੈ, ਉਹ ਵਾਜਪਾਈ-ਕਾਲ ਵੇਲੇ ਦੇ ਕੌਮੀ ਸੁਰੱਖਿਆ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਦੇ ਇਸ ਕਥਨ ਦੀ ਤਸਦੀਕ ਕਰਦੀ ਹੈ: ‘‘ਫਾਰੂਕ ਸੌ ਫ਼ੀਸਦੀ ਭਾਰਤੀ ਹੈ ਤੇ ਨਾਲ ਹੀ ਸੌ ਫ਼ੀਸਦੀ ਕਸ਼ਮੀਰੀ ਹੈ।’’ ਕੀ ਹੋਰ ਕਿਸੇ ਪ੍ਰਮਾਣ ਪੱਤਰ ਦੀ ਲੋੜ ਹੈ ਡਾ. ਫਾਰੂਕ ਅਬਦੁੱਲਾ ਨੂੰ?