ਕਵਿਤਾਵਾਂ
ਗ਼ਰੀਬੀ ਕਿਸਮਤ ਨਹੀਂ
ਪ੍ਰੋ. ਜਸਵੰਤ ਸਿੰਘ
ਗ਼ਰੀਬੀ ਕਿਸਮਤ ਨਹੀਂ,
ਨਾ ਹੀ ਸਰਾਪ ਨਸੀਬਾਂ ਦਾ।
ਉੱਦਮ ਨਾਲ ਬਦਲ ਸਕਦਾ ਏ,
ਹਾਲ ਗ਼ਰੀਬਾਂ ਦਾ।
ਲੋਕਾਂ ਨੂੰ ਪਾਏ ਭੁਲੇਖੇ ਨੇ,
ਇਹ ਧਰਮ ਚੜ੍ਹਾਏ ਠੇਕੇ ਨੇ।
ਜਾਤਾਂ ਦੇ ਝਗੜੇ ਝੇੜੇ ਨੇ
ਕਿਤੇ ਦੰਗਿਆਂ ਵਾਲੇ ਸੇਕੇ ਨੇ।
ਕੁਰਬਾਨੀ ਨਾਲ ਲਾਲ ਹੋਇਆ,
ਇੱਥੇ ਰੰਗ ਸਲੀਬਾਂ ਦਾ।
ਉੱਦਮ ਨਾਲ ਬਦਲ ਸਕਦਾ ਏ,
ਹਾਲ ਗ਼ਰੀਬਾਂ ਦਾ।
ਤਖ਼ਤਾਂ ਦੀ ਬੇਈਮਾਨੀ ਏ,
ਤਾਹੀਓਂ ਰੁਲਦੀ ਫਿਰੇ ਜਵਾਨੀ ਏ।
ਕੰਧਾਂ ਵੀ ਹੋਈਆਂ ਕਾਤਲ ਨੇ,
ਬੱਚਿਆਂ ਦੀ ਵੱਡੀ ਕੁਰਬਾਨੀ ਏ।
ਕੋਈ ਨਾ ਇੱਥੇ ਮਿੱਤਰ ਬਣਦਾ,
ਆ ਕੇ ਹਬੀਬਾਂ ਦਾ।
ਉੱਦਮ ਨਾਲ ਬਦਲ ਸਕਦਾ ਏ,
ਹਾਲ ਗ਼ਰੀਬਾਂ ਦਾ।
ਦਿਨ ਵਾਰ ਸਾਰੇ ਚੰਗੇ ਨੇ,
ਨਾ ਕੋਈ ਮਾੜਾ ਏ,
ਕੁਦਰਤ ਦਾ ਹੀ ਰੂਪ,
ਸੂਰਜ ਚੰਨ ਹਰ ਤਾਰਾ ਏ,
ਉੱਦਮ ਕਰੋ ਤਾਂ ਘਰ ਪਹੁੰਚੇ
ਆਹਾਰ ਜੀਭਾਂ ਦਾ।
ਉੱਦਮ ਨਾਲ ਬਦਲ ਸਕਦਾ ਏ,
ਹਾਲ ਗ਼ਰੀਬਾਂ ਦਾ।
ਸੰਪਰਕ: 94634-31882
* * *
ਮਿਹਨਤਾਂ ਦੀ ਲੁੱਟ
ਹਰਪ੍ਰੀਤ ਪੱਤੋ
ਖੇਤਾਂ ਵਿੱਚ ਬਾਪੂ ਨੇ ਪਹਿਲਾਂ
ਫ਼ਸਲਾਂ ਉਗਾਉਣੀਆਂ,
ਫੇਰ ਵੱਢ, ਕੱਢ ਕੇ
ਮੰਡੀ ’ਚ ਲਿਆਉਣੀਆਂ।
ਕਿੰਨੇ ਕਿੰਨੇ ਦਿਨ ਬਾਪੂ ਮੰਡੀ
ਬੈਠਾ ਰਹਿੰਦਾ ਸੀ,
ਦੀਵਾਲੀ, ਵਿਸਾਖੀ ਕਈ ਵਾਰੀ
ਉੱਥੇ ਵੇਖ ਲੈਂਦਾ ਸੀ।
ਆੜ੍ਹਤੀਏ ਮਰਜ਼ੀ ਨਾਲ
ਫਸਲਾਂ ਨੂੰ ਤੋਲਦੇ,
ਕਿੰਨੇ ਕਿੰਨੇ ਦਿਨ ਦਾਣੇ
ਪੈਰਾਂ ਥੱਲੇ ਰੋਲਦੇ।
ਵੇਚ ਕੇ ਫ਼ਸਲ ਬਾਪੂ
ਜਦ ਘਰ ਆਉਂਦਾ ਸੀ,
ਹਿਸਾਬ ਵਾਲਾ ਵਰਕਾ
ਬੇਬੇ ਨੂੰ ਫੜਾਉਂਦਾ ਸੀ।
ਪਹਿਲਾਂ ਸੀ ਕਰਜ਼ਾ,
ਪੈਸੇ ਹੋਰ ਸਿਰ ਟੁੱਟਗੇ,
ਪਿਆ ਨਹੀਂ ਕੁਝ ਪੱਲੇ,
ਲੋਟੂ ਮਿਹਨਤਾਂ ਨੂੰ ਲੁੱਟਗੇ।
ਮੋਢੇ ਤੋਂ ਪਰਨਾ ਲਾਹ ਬਾਪੂ,
ਮੰਜੀ ਉੱਤੇ ਬਹਿੰਦਾ ਸੀ,
ਬਣੂਗਾ ਕੀ ਹੁਣ,
ਝੋਰਾ ਬੇਬੇ ਨੂੰ ਵੀ ਰਹਿੰਦਾ ਸੀ।
ਅਜੇ ਵੀ ਨੀਂ ਬਦਲੇ ਹਾਲਾਤ ‘ਪੱਤੋ’
ਕਾਮੇ ਕਿਰਸਾਨ ਦੇ,
ਵਿਹਲੜ ਨੇ ਬੈਠੇ,
ਮੌਜਾਂ ਇਨ੍ਹਾਂ ਸਿਰ ’ਤੇ ਮਾਣਦੇ।
ਸੰਪਰਕ: 94658-21417
* * *
ਜੀ ਕਰਦੈ
ਓਮਕਾਰ ਸੂਦ ਬਹੋਨਾ
ਜੀ ਕਰਦੈ ਸੰਨਿਆਸੀ ਹੋਵਾਂ।
ਰਾਮ ਵਾਂਗ ਬਨਵਾਸੀ ਹੋਵਾਂ।
ਜੰਗਲ ਬੇਲੇ ਗਾਹ ਸੁੱਟਾਂ ਸਭ,
ਜੰਗਲਾਂ ਦਾ ਹੀ ਵਾਸੀ ਹੋਵਾਂ।
ਚੋਰ-ਉਚੱਕਾ ਬਣਨਾ ਕੀ ਹੈ,
ਸੱਚਾ ਕੋਈ ਨਿਵਾਸੀ ਹੋਵਾਂ।
ਗਾਵਾਂ ਗੀਤ ਇਲਾਹੀ ਵਾਲੇ,
ਬੁੱਲੇ ਵਾਂਗ ਹੁਲਾਸੀ ਹੋਵਾਂ।
ਸੱਚ ਦਾ ਪਹਿਰੇਦਾਰ ਬਣਾ ਮੈਂ,
ਨਿਰਭੈ ਨਿਡਰ ਸਾਹਸੀ ਹੋਵਾਂ।
ਡੀਕ ਲਵਾਂ ਸਭ ਧੱਕੇਸ਼ਾਹੀਆਂ,
ਐਸੀ ਰੂਹ ਪਿਆਸੀ ਹੋਵਾਂ।
ਤੋੜ ਦਿਆਂ ਮਜ਼ਹਬਾਂ ਦੇ ਫੰਦੇ,
ਬੁੱਲ੍ਹਾਂ ਦੀ ਇੱਕ ਹਾਸੀ ਹੋਵਾਂ।
ਨਿੱਕੇ-ਵੱਡੇ ਸਭ ਲਈ ਜੀਵਾਂ,
ਜ਼ਾਲਮ ਲਈ ਗੰਡਾਸੀ ਹੋਵਾਂ।
ਸੰਪਰਕ: 96540-36080
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਥੋੜ੍ਹੀ-ਥੋੜ੍ਹੀ ਧੁੱਪ ਹੈ ਢਲਦੀ ਥੋੜ੍ਹੀ-ਥੋੜ੍ਹੀ ਛਾਂ ਵੇ ਸੱਜਣਾ।
ਦਿਲ ਦੀ ਨਿੱਘੀ ਗਲਵਕੜੀ ਵਿੱਚ ਤੇਰੀ ਮਿੱਠੀ ਹਾਂ ਵੇ ਸੱਜਣਾ।
ਜਜਮਾਨੀ ਤੇ ਮਹਿਮਾਨੀ ਦਾ ਦੌਰ ਰਿਹਾ ਨਾ ਪਹਿਲੇ ਵਰਗਾ,
ਕੋਠੇ ਉੱਤੇ ਹੁਣ ਨਈਂ ਕਰਦੇ ਕਾਲੇ ਕਾਂ, ਕਾਂ-ਕਾਂ ਵੇ ਸੱਜਣਾ।
ਕਦ ਪਰਦੇਸੋਂ ਆਵਣ ਪੁੱਤਰ ਘੁੱਟ ਕੇ ਸੀਨੇ ਨਾਲ ਲਗਾਵਾਂ,
ਵਿਹੜੇ ਦੇ ਵਿੱਚ ’ਕੱਲੇ ਬੈਠੀਆਂ ਅੱਖਾਂ ਟੰਗ ਕੇ ਮਾਂ ਵੇ ਸੱਜਣਾ।
ਮੌਸਮ ਦੀ ਅੰਗੜਾਈ ਅੰਦਰ ਕਿਣ ਮਿਣ, ਖ਼ੁਸ਼ਬੂ, ਕੋਇਲ ਬੋਲੇ,
ਸਾਨੂੰ ਵੱਢ-ਵੱਢ ਖਾਂਦੀ ਪਈ ਏ ਤੇਰੀ ਇੱਕ ਚੁੱਪ ਚਾਂ ਵੇ ਸੱਜਣਾ।
ਇਨ੍ਹਾਂ ਸੁੰਨੀਆਂ ਅੱਖਾਂ ਦੇ ਵਿੱਚ ਦਰਿਆਵਾਂ ਦਾ ਹੜ੍ਹ ਚੜ੍ਹਿਆ ਹੈ,
ਕੋਈ ਰਾਹ ਟਿਕਾਣਾ ਦੱਸ ਜਾ, ਦੱਸ ਜਾ ਕੋਈ ਥਾਂ ਵੇ ਸੱਜਣਾ।
ਸਾਹਿਲ ਕੋਲੋਂ ਕੋਈ ਪੁੱਛੇ ਇਸ ਦੇ ਮਾਅਨੇ ਕੀ ਹੁੰਦੇ ਨੇ,
ਵਹਿੰਦਾ ਦਰਿਆ ਹੋਂਦ ’ਚ ਆ ਕੇ ਕਰਦਾ ਜਦ ਸ਼ਾਂ-ਸ਼ਾਂ ਵੇ ਸੱਜਣਾ।
ਉਸ ਦੀਆਂ ਗ਼ਜ਼ਲਾਂ ਦਾ ਸੰਦੇਸ਼ਾ ਮਾਨਵਤਾ ਵਿੱਚ ਪਿਆਰ-ਮੁਹੱਬਤ,
ਦੁੱਖ ਮੁਸੀਬਤ ਜਦ ਵੀ ਆਏ ਬਾਲਮ ਫੜਦਾ ਬਾਂਹ ਵੇ ਸੱਜਣਾ।
ਸੰਪਰਕ: 98156-25409
* * *
ਚਿੜੀ ਦੇ ਬੋਟ
ਗੁਰਿੰਦਰ ਸਿੰਘ ਕਲਸੀ
ਚਿੜੀਆਂ ਚੀਂ ਚੀਂ ਬੋਲਦੀਆਂ
ਆਪਣੇ ਬੋਟਾਂ ਦਾ ਮੂੰਹ ਖੋਲ੍ਹਦੀਆਂ।
ਪੀਲੀਆਂ ਚੁੰਝਾਂ ਲਾਲ ਅੰਦਰੋਂ
ਚੀਂ ਚੀਂ ਚੀਂ ਚੀਂ ਬੋਲਦੀਆਂ।
ਚੋਗੇ ਲਈ ਪੁਕਾਰ ਕਰਦੀਆਂ
ਖਾਣ ਲਈ ਕੁਝ ਮੰਗਦੀਆਂ।
ਮਾਂ ਜਦੋਂ ਵੀ ਘਰ ਨਾ ਆਵੇ
ਇੱਕ ਦੂਜੀ ਸੰਗ ਟਹਿਕਦੀਆਂ।
ਅਜੇ ਕਮਜ਼ੋਰ ਨੇ ਫੁੱਲਾਂ ਵਾਂਗੂ
ਫੁੱਲਾਂ ਵਾਂਗੂ ਮਹਿਕਦੀਆਂ।
ਮਾਂ ਜਦੋਂ ਵੀ ਲਿਆਵੇ ਖਾਣਾ
ਰਲ ਮਿਲ ਕੇ ਨੇ ਚਹਿਕਦੀਆਂ।
* * *
ਨਾਲ ਮਿਹਨਤਾਂ ਮਿਲੇ ਸਫਲਤਾ
ਰਾਵਿੰਦਰ ਫਫੜੇ
ਗਾ ਕੇ ਦਿੱਤਾ ਦਾਨ ਨਹੀਂ ਹੁੰਦਾ।
ਇਹ ਕੋਈ ਅਹਿਸਾਨ ਨਹੀਂ ਹੁੰਦਾ।
ਚੰਗੇ ਕੰਮੀਂ ਪਛਾਣ ਹੈ ਬਣਦੀ,
ਕੁੱਖ ’ਚੋਂ ਕੋਈ ਮਹਾਨ ਨਹੀਂ ਹੁੰਦਾ।
ਅਕਲਹੀਣਿਆਂ ਦੀ ਫ਼ੌਜ ਲਾ ਪਿੱਛੇ,
ਇੰਝ ਕੋਈ ਭਗਵਾਨ ਨਹੀਂ ਹੁੰਦਾ!
ਬੇਸ਼ੱਕ! ਖ਼ੁਦ ਨੂੰ ਮੰਨ ਸਿਕੰਦਰ,
ਮਾੜਾ ਢਾਹ ਬਲਵਾਨ ਨਹੀਂ ਹੁੰਦਾ।
ਨਾਲ ਮਿਹਨਤਾਂ ਮਿਲੇ ਸਫ਼ਲਤਾ,
ਇਹ ਕੋਈ ਵਰਦਾਨ ਨਹੀਂ ਹੁੰਦਾ।
ਗੱਲੀਂ-ਬਾਤੀਂ ਇਤਿਹਾਸ ਨਹੀਂ ਬਣਦਾ,
ਜਦ ਤੱਕ ਕੋਈ ਕੁਰਬਾਨ ਨਹੀਂ ਹੁੰਦਾ।
ਵਿਛੜਦੇ ਅੱਖੀਂ ਲੱਖਾਂ ਤੱਕੇ,
ਕੋਈ ਤੇਰੇ ਤਰਾਂ ਅਣਜਾਣ ਨਹੀਂ ਹੁੰਦਾ।
ਠੱਗੀਆਂ ਮਾਰ ਕਮਾ ਲੈ ਦੌਲਤ,
ਕੋਈ ਨੀਤ ਬਿਨਾਂ ਧਨਵਾਨ ਨਹੀਂ ਹੁੰਦਾ।
ਮੂੰਹ ਦਾ ਮਿੱਠਾ, ਦਿਲ ਦਾ ਖੋਟਾ,
‘ਰਾਵਿੰਦਰ’ ਨੂੰ ਉਹ ਪਰਵਾਨ ਨਹੀਂ ਹੁੰਦਾ।
* * *
ਜ਼ਿੰਦਗੀ
ਸੋਹਣ ਸਿੰਘ ਬਰਨਾਲਾ
ਜ਼ਿੰਦਗੀ ਨਦੀ ਵਾਂਗ ਵਗਦੀ ਹੈ,
ਇਸ ਦਾ ਵਹਾਅ ਮੋੜਨਾ,
ਜਾਂ ਬੰਨ੍ਹ ਲਾਉਣਾ,
ਕਦੇ ਵੀ ਸੌਖਾ ਨਹੀਂ।
ਅਸੀਂ ਸੂਰਜ ਦਾ ਪਿੱਛਾ ਕਰਦੇ ਹਾਂ,
ਅਸੀਂ ਰਾਤ ਤੋਂ ਡਰਦੇ ਹਾਂ,
ਫਿਰ ਵੀ ਦੋਵਾਂ ਦੇ ਹੋਣ ਨਾਲ ਜ਼ਿੰਦਗੀ ਹੈ।
ਜ਼ਿੰਦਗੀ ਨਾ ਕੋਈ ਦੌੜ ਹੈ,
ਨਾ ਹੀ ਕੋਈ ਮੰਜ਼ਿਲ ਹੈ,
ਪਰ ਹਰ ਕਦਮ,
ਇੱਕ ਸਬਕ,
ਹਰ ਪਲ, ਇੱਕ ਫਲਸਫ਼ਾ ਹੈ,
ਅਣਦੇਖੇ ਲਈ ਮਾਰਗਦਰਸ਼ਨ।
ਅਸੀਂ ਡਿੱਗਦੇ ਹਾਂ,
ਅਸੀਂ ਸੁਧਾਰਦੇ ਹਾਂ,
ਅਸੀਂ ਵਧਦੇ ਹਾਂ।
ਕੁਝ ਵੀ ਨਹੀਂ ਰਹਿੰਦਾ,
ਫਿਰ ਵੀ ਕੁਝ ਨਹੀਂ ਗਵਾਇਆ,
ਸਿਰਫ਼ ਤਬਦੀਲੀ ਹੀ ਸਥਿਰ ਹੈ।
ਨਾ ਦੌਲਤ ਵਿੱਚ,
ਨਾ ਸੱਤਾ ਵਿੱਚ,
ਪਰ ਪਿਆਰ ਵਿੱਚ,
ਅਸੀਂ ਆਪਣੀ ਛਾਪ ਛੱਡਦੇ ਹਾਂ।
ਖ਼ੁਸ਼ੀ ਅਤੇ ਗ਼ਮੀ ਇਕੱਠੇ ਚੱਲਦੇ ਹਨ,
ਹਰ ਉਸ ਰਸਤੇ ਨੂੰ ਆਕਾਰ ਦਿੰਦੇ ਹਨ,
ਜਿਸ ’ਤੇ ਅਸੀਂ ਚੱਲਦੇ ਹਾਂ।
ਕੋਈ ਕਦਮ ਬਰਬਾਦ ਨਹੀਂ ਹੁੰਦਾ,
ਕੋਈ ਪਲ ਨਹੀਂ ਗੁਆਇਆ ਜਾਂਦਾ,
ਚੁੱਪ ਵਿੱਚ ਵੀ ਜ਼ਿੰਦਗੀ ਬੋਲਦੀ ਹੈ।
ਸੰਘਰਸ਼ ਵਿੱਚ ਛੁਪਿਆ ਹੋਇਆ ਵਿਕਾਸ,
ਅਣਜਾਣੇ ਤੋਂ ਪੈਦਾ ਹੋਈ ਸਿਆਣਪ।
ਜਿਊਣਾ ਹੈ ਖੋਜ ਕਰਨਾ,
ਸਵਾਲ ਕਰਨਾ, ਮਹਿਸੂਸ ਕਰਨਾ,
ਅੰਤ ਵਿੱਚ, ਅਸੀਂ ਯਾਤਰੀ ਹਾਂ,
ਸਮੇਂ ਦੇ ਖੁੱਲ੍ਹੇ ਹੱਥਾਂ ਵਿੱਚੋਂ ਲੰਘਣਾ.
ਨਾ ਜਿੱਤਣ ਲਈ,
ਨਾ ਆਪਣੇ ਲਈ,
ਪਰ ਵਹਿਣਾ ਸਿੱਖਣਾ,
ਜ਼ਿੰਦਗੀ ਚੱਲਦੀ ਰਹਿੰਦੀ ਹੈ,
ਚੱਲਦੇ ਰਹਿਣਾ ਹੀ ਜ਼ਿੰਦਗੀ ਹੈ।
ਸੰਪਰਕ: 98554-50557
ਈ-ਮੇਲ: sohansinghbarnala2018@gmail.com
* * *
ਇੱਕ ਉਮੀਦ ਨਵੀਂ
ਦੀਪਿਕਾ ਅਰੋੜਾ
ਸ਼ਾਮ ਗਮਗੀਂ ਹੀ ਸਹੀ, ਆਖ਼ਿਰ ਗੁਜ਼ਰ ਜਾਂਦੀ ਤਾਂ ਹੈ।
ਦਿਲ ’ਚ ਉਮੀਦ ਇੱਕ ਨਵੇਂ ਦਿਨ ਦੀ ਜਗਾਂਦੀ ਤਾਂ ਹੈ।
ਕੀ ਹੋਇਆ ਖ਼ਾਬ ’ਚ ਉਸ ਨੂੰ, ਗ਼ਰ ਅਸੀਂ ਪਾ ਨਾ ਸਕੇ
ਇਉਂ ਖ਼ੁਸ਼ੀ ਮੇਰਾ ਪਤਾ ਲੈਣ ਕਦੇ ਆਉਂਦੀ ਤਾਂ ਹੈ।
ਬਿਨ ਰੁਕੇ ਜਾਨਿਬ-ਏ-ਮੰਜ਼ਿਲ, ਉਹ ਸਦਾ ਚਲਦਾ ਰਿਹਾ
ਕਾਲੇ ਬੱਦਲਾਂ ਦੀ ਗਰਜ ਉਸ ਨੂੰ ਡਰਾਉਂਦੀ ਤਾਂ ਹੈ।
ਰਹਿ ਕੇ ਸਹਿਰਾ ’ਚ ਕੋਈ, ਨਾ ਸ਼ਿਕਾਇਤ ਸੀ ਹੋਈ
ਤਿਸ਼ਨਗੀ ਭਾਵੇਂ ਬਹੁਤ ਉਸ ਨੂੰ ਸਤਾਉਂਦੀ ਤਾਂ ਹੈ।
ਹਰ ਹਨੇਰੇ ’ਚੋਂ ਨਜ਼ਰ ਆਵੇਗੀ, ਓਹ ਲੁਕੀ ਲੋਅ ਵੇਖੋ
ਅਜ਼ਮਾਉਣ ਲਈ ਕਿਸਮਤ ਇਉਂ ਰੁਆਉਂਦੀ ਤਾਂ ਹੈ।
ਹੌਸਲਾ ਹੈ ਜੋ ਬੁਲੰਦੀ ’ਤੇ, ਫ਼ਤਿਹ ਹੋਣੀ ਵੀ ਮੁਮਕਿਨ
ਬੇੜੀ ਜਰਜਰ ਹੀ ਸਹੀ ਲਹਿਰਾਂ ਨਾਲ ਟਕਰਾਉਂਦੀ ਤਾਂ ਹੈ।
ਉਸਦੇ ਜਜ਼ਬੇ ਹੈ ਸਮੋਇਆ, ਨਾਲ ਹਾਲਾਤ ਦੇ ਲੜਨਾ
ਹਰ ਨਵੀਂ ਚੋਟ ਕੋਈ ਰਾਹ ਵੀ ਦਿਖਲਾਉਂਦੀ ਤਾਂ ਹੈ।
ਸੰਪਰਕ: 90411-60739
* * *
ਵਕਤ ਦੀ ਮਾਰ
ਜਸਵੰਤ ਗਿੱਲ ਸਮਾਲਸਰ
ਐ ਵਕਤ!
ਤੇਰੇ ਹੱਥ ਵਿੱਚ ਦੇ
ਆਪਣੇ ਸੁਫ਼ਨੇ
ਆਪਣਾ ਭਵਿੱਖ
ਮੈਂ ਤੁਰਿਆਂ ਸਾਂ
ਤੇਰੀ ਉਂਗਲੀ ਫੜ
ਪਰ ਤੂੰ ਇਹ ਕੀ ਕੀਤਾ?
ਤੇਰੇ ਹੱਥ ਵਿੱਚ
ਮੇਰਾ ਤਾਂ ਕੀ
ਕਿਸੇ ਦਾ ਵੀ
ਭਵਿੱਖ ਨਜ਼ਰ ਨਹੀਂ ਆ ਰਿਹਾ
ਤੇ ਤੂੰ ਰਾਜ ਭਵਨ ਵੱਲ ਮੂੰਹ ਕਰ
ਉਦਾਸ ਕਿਉਂ ਖੜ੍ਹਾ ਏਂ?
ਐ ਵਕਤ!
ਇੱਥੇ ਇੱਕ ਨਦੀ ਹੈ
ਜੋ ਕਿਸੇ ਸਮੇਂ
ਪਵਿੱਤਰ ਅਖਵਾਉਂਦੀ ਸੀ
ਲੋਕ ਉਸਨੂੰ ਪੂਜਦੇ ਸੀ
ਮਾਂ ਆਖ ਕੇ...
ਅੱਜ ਜਦ ਮੈਂ
ਅੱਛੇ ਦਿਨਾਂ ਦੀ ਤਲਾਸ਼ ’ਚ
ਭਵਿੱਖ ਨੂੰ ਲੱਭਦਾ
ਉਸਦੇ ਕੋਲੋਂ ਦੀ ਲੰਘਿਆ
ਤਾਂ ਉਸ ਵਿੱਚੋਂ
ਕੁਝ ਆਵਾਜ਼ਾਂ
ਆ ਰਹੀਆਂ ਸਨ
ਬਚਾਓ-ਬਚਾਓ ਦੇ ਸ਼ੋਰ ਨੇ
ਮੇਰੇ ਕੰਨ ਪਾੜ ਦਿੱਤੇ
ਤੂੰ ਸੱਚ ਦੱਸੀਂ
ਇਹ ਆਵਾਜ਼ਾਂ
ਉਸੇ ਮਾਂ ਦੀਆਂ ਸਨ।
ਐ ਵਕਤ!
ਚੱਲ ਆ ਬੈਠ ਮੇਰੇ ਨਾਲ
ਇਸ ਨਦੀ ਦੇ ਕੰਢੇ
ਤੇ ਆਪਾਂ ਲੱਭੀਏ
ਪਾਣੀ ਨਾਲ ਭਰੀਆਂ ਲਾਸ਼ਾਂ ’ਚੋਂ
ਕੋਈ ਸ਼ਾਂਤੀ ਨਾਲ ਭਰਿਆ ਮੁਰਦਾ।
ਐ ਵਕਤ!
ਇਹ ਤੂੰ ਕੈਸੀ ਮਾਰ ਮਾਰੀ ਏ
ਮੈਨੂੰ ਇਨ੍ਹਾਂ
ਤੁਰੀਆਂ-ਫਿਰਦੀਆਂ ਲੋਥਾਂ ’ਚੋਂ
ਬਦਬੂ ਆਉਂਦੀ ਏ
ਮਰ ਗਈ ਇਨਸਾਨੀਅਤ ਦੀ।
ਐ ਵਕਤ!
ਇਹ ਕੈਸਾ ਦੌਰ ਹੈ
ਜਿਸ ਵਿੱਚ ਮੈਂ
ਭਵਿੱਖ ਦੇ ਸੁਫ਼ਨੇ ਨੂੰ
ਸੀਨੇ ਵਿੱਚ ਦਫ਼ਨਾ
ਹੰਢਾਅ ਰਿਹਾ ਹਾਂ
ਵਰਤਮਾਨ ਦੀ ਪੀੜ ਨੂੰ।
ਸੰਪਰਕ: 97804-51878