‘ਪੰਚਾਇਤ’ ਦੇ ਚੌਥੇ ਸੀਜ਼ਨ ਦਾ ਪਹਿਲਾ ਟੀਜ਼ਰ ਜਾਰੀ
ਮੁੰਬਈ:
ਵੈੱਬ ਸੀਰੀਜ਼ ‘ਪੰਚਾਇਤ’ ਵੱਲੋਂ ਆਪਣੇ ਚੌਥੇ ਸੀਜ਼ਨ ਨਾਲ ਓਟੀਟੀ ਪਲੇਟਫਾਰਮ ’ਤੇ ਵਾਪਸੀ ਕੀਤੀ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦੇ ਨਵੇਂ ਸੀਜ਼ਨ ਦਾ ਪਹਿਲਾ ਟੀਜ਼ਰ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਜ਼) ਦੌਰਾਨ ਜਾਰੀ ਕੀਤਾ ਗਿਆ। ਪ੍ਰਾਈਮ ਵੀਡੀਓ ਨੇ ਅੱਜ ਆਪਣੇ ‘ਇੰਸਟਾਗ੍ਰਾਮ’ ਅਕਾਊਂਟ ’ਤੇ ਵੀ ਇਸ ਸੀਰੀਜ਼ ਦਾ ਟੀਜ਼ਰ ਸਾਂਝਾ ਕੀਤਾ ਹੈ। ਨਾਲ ਹੀ ਕੈਪਸ਼ਨ ਵਿੱਚ ਲਿਖਿਆ, ‘‘ਫੁਲੇਰਾ ਮੇਂ ਚੁਣਾਵ ਕੀ ਗਰਮਾ-ਗਰਮੀ ਸ਼ੁਰੂ ਹੋਣੇ ਵਾਲੀ ਹੈ। ਪੰਚਾਇਤ ਆਨ ਪ੍ਰਾਈਮ, ਨਵਾਂ ਸੀਜ਼ਨ, 2 ਜੁਲਾਈ।’’ ਟੀਜ਼ਰ ਵਿੱਚ ਪ੍ਰਸ਼ੰਸਕਾਂ ਨੂੰ ਫੁਲੇਰਾ ਪਿੰਡ ਵਿੱਚ ਭਖੇ ਚੋਣਾਂ ਦੇ ਮਾਹੌਲ ਦੀ ਝਲਕ ਦਿਖਾਈ ਗਈ ਹੈ। ਦਰਸ਼ਕਾਂ ਨੂੰ ਮੁੱਖ ਕਿਰਦਾਰਾਂ ਪ੍ਰਧਾਨ ਜੀ, ਭੂਸ਼ਨ, ਮੰਜੂ ਦੇਵੀ ਅਤੇ ਕ੍ਰਾਂਤੀ ਦੇਵੀ (ਭੂਸ਼ਨ ਦੀ ਪਤਨੀ) ਦਰਮਿਆਨ ਟਕਰਾਅ ਦੇਖਣ ਨੂੰ ਮਿਲੇਗਾ ਕਿਉਂਕਿ ਲੀਡਰਸ਼ਿਪ ਦੀ ਦੌੜ ਤੇਜ਼ ਹੋ ਗਈ ਹੈ। ‘ਪੰਚਾਇਤ’ ਦੇ ਚੌਥੇ ਸੀਜ਼ਨ ਵਿੱਚ ਜਤਿੰਦਰ ਕੁਮਾਰ, ਨੀਨਾ ਗੁਪਤਾ, ਰਘੂਬੀਰ ਯਾਦਵ ਵਰਗੇ ਜਾਣੇ-ਪਛਾਣੇ ਚਿਹਰੇ ਸ਼ਾਮਲ ਹਨ। ਇਸ ਸੀਰੀਜ਼ ਦਾ ਤੀਜਾ ਸੀਜ਼ਨ ਓਟੀਟੀ ਪਲੇਟਫਾਰਮ ’ਤੇ ਪਿਛਲੇ ਸਾਲ ਮਈ ਵਿੱਚ ਰਿਲੀਜ਼ ਕੀਤਾ ਗਿਆ ਸੀ। -ਏਐੱਨਆਈ