‘ਕੇਸਰੀ ਚੈਪਟਰ 2’ ਦੀ ਸਕ੍ਰੀਨਿੰਗ ਦੀ ਮੇਜ਼ਬਾਨੀ ਲਈ ਅਕਸ਼ੈ ਵੱਲੋਂ ਹਰਦੀਪ ਪੁਰੀ ਦਾ ਧੰਨਵਾਦ
ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਫ਼ਿਲਮ ‘ਕੇਸਰੀ ਚੈਪਟਰ 2: ਦਿ ਅਨਟੋਲਡ ਸਟੋਰੀ ਆਫ ਜੱਲਿਆਂਵਾਲਾ ਬਾਗ਼’ ਦੀ ਸਕ੍ਰੀਨਿੰਗ ਦੀ ਮੇਜ਼ਬਾਨੀ ਕਰਨ ਲਈ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਦਾ ਸ਼ੁਕਰੀਆ ਅਦਾ ਕੀਤਾ। ਅਕਸ਼ੈ ਦੀ ਇਹ ਫ਼ਿਲਮ ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਬਾਅਦ ਦੀਆਂ ਘਟਨਾਵਾਂ ’ਤੇ ਅਧਾਰਤ ਹੈ। ਅਕਸ਼ੈ ਕੁਮਾਰ ਇਸ ਵਿੱਚ ਸੀ. ਸ਼ੰਕਰਨ ਨਾਇਰ, ਜਦਕਿ ਆਰ ਮਾਧਵਨ ਬਰਤਾਨਵੀ ਸਾਮਰਾਜ ਦੇ ਬਚਾਅ ਪੱਖ ਦੇ ਵਕੀਲ ਨੇਵਿਲੇ ਮੈਕਕਿਨਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਫ਼ਿਲਮ ਵਿੱਚ ਦੋਵਾਂ ਦਰਮਿਆਨ ਦਿਲਚਸਪ ਅਦਾਲਤੀ ਟੱਕਰ ਦਿਖਾਈ ਗਈ ਹੈ। ਸਕ੍ਰੀਨਿੰਗ ਤੋਂ ਬਾਅਦ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ ਸਕ੍ਰੀਨਿੰਗ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਧੰਨਵਾਦੀ ਹਨ। ਉਨ੍ਹਾਂ ਫ਼ਿਲਮ ਦੀ ਸਫ਼ਲਤਾ ਦੀ ਉਮੀਦ ਵੀ ਪ੍ਰਗਟ ਕੀਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਜਲਿਆਂਵਾਲਾ ਬਾਗ਼ ਕਤਲੇਆਮ ਮਗਰੋਂ ਚੱਲੇ ਕਾਨੂੰਨੀ ਘਟਨਾਕ੍ਰਮ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਮੰਨਿਆ ਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਉਹ ਕਿਤਾਬਾਂ ਵਿੱਚ ਦੱਸੇ ਇਤਿਹਾਸ ਤੋਂ ਜਾਣੂੰ ਹੈ। ਅਕਸ਼ੈ ਕੁਮਾਰ ਨੇ ਕਿਹਾ, ‘‘ਨਹੀਂ, ਮੈਂ ਇਸ ਬਾਰੇ ਨਹੀਂ ਜਾਣਦਾ ਸੀ। ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਸਿਰਫ਼ ਉਹੀ ਪਤਾ ਸੀ ਜੋ ਇਤਿਹਾਸ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ। ਇਸ ਵਿੱਚ ਸਾਨੂੰ ਕਦੇ ਨਹੀਂ ਦੱਸਿਆ ਗਿਆ ਕਿ ਉਸ ਤੋਂ ਬਾਅਦ ਕੀ ਹੋਇਆ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਬਰਤਾਨਵੀ ਸਰਕਾਰ ਇਸ ਫ਼ਿਲਮ ਨੂੰ ਦੇਖੇਗੀ ਅਤੇ ਸਮਝੇਗੀ ਕਿ ਕੀ ਗ਼ਲਤ ਹੋਇਆ ਹੈ।’’ ਕਰਨ ਸਿੰਘ ਤਿਆਗੀ ‘ਕੇਸਰੀ ਚੈਪਟਰ 2’ ਫ਼ਿਲਮ ਦੇ ਡਾਇਰੈਕਟਰ ਹਨ ਅਤੇ ਅਕਸ਼ੈ ਕੁਮਾਰ ਅਤੇ ਆਰ ਮਾਧਵਨ ਮੁੱਖ ਭੂਮਿਕਾ ਵਿੱਚ ਹਨ। -ਏਐੱਨਆਈ