ਜ਼ਹੀਰ ਖ਼ਾਨ ਅਤੇ ਸਾਗਰਿਕਾ ਦੇ ਘਰ ਪੁੱਤਰ ਨੇ ਜਨਮ ਲਿਆ
ਮੁੰਬਈ:
ਬੌਲੀਵੁੱਡ ਅਦਾਕਾਰਾ ਸਾਗਰਿਕਾ ਘਾਟਗੇ ਖ਼ਾਨ ਅਤੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਫਿਲਮ ‘ਚੱਕ ਦੇ ਇੰਡੀਆ’ ਦੀ ਅਦਾਕਾਰਾ ਸਾਗਰਿਕਾ ਨੇ ਆਪਣੇ ਪਤੀ ਜ਼ਹੀਰ ਖ਼ਾਨ ਨਾਲ ਅੱਜ ਇੰਸਟਾਗ੍ਰਾਮ ’ਤੇ ਪਾਈ ਸਾਂਝੀ ਪੋਸਟ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਹੈ। ਇਸ ਜੋੜੇ ਨੇ ਆਪਣੇ ਪੁੱਤਰ ਦਾ ਨਾਂ ਫ਼ਤਹਿਸਿੰਹ ਖ਼ਾਨ ਰੱਖਿਆ ਹੈ। ਉਨ੍ਹਾਂ ਇਸ ਪੋਸਟ ਵਿੱਚ ਬੱਚੇ ਦਾ ਨਾਂ ਲਿਖਿਆ ਹੈ ਅਤੇ ਉਸ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਫੋਟੋ ਵਿੱਚ ਜ਼ਹੀਰ ਨੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। ਸਾਗਰਿਕਾ ਵੀ ਆਪਣੇ ਪਤੀ ਦੇ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ। ਦੂਜੀ ਫੋਟੋ ਵਿੱਚ ਇਸ ਜੋੜੇ ਨੇ ਸੁੱਤੇ ਹੋਏ ਬੱਚੇ ਦੇ ਹੱਥਾਂ ਨੂੰ ਹੱਥਾਂ ਵਿੱਚ ਫੜਿਆ ਹੋਇਆ ਹੈ। ਇਨ੍ਹਾਂ ਬਲੈਕ ਐਂਡ ਵ੍ਹਾਈਟ ਫੋਟੋਆਂ ਨਾਲ ਉਨ੍ਹਾਂ ਨੇ ਕੈਪਸ਼ਨ ਵੀ ਲਿਖੀ ਹੈ। ਇਸ ਵਿੱਚ ਲਿਖਿਆ ਹੈ ਕਿ ਬਹੁਤ ਪਿਆਰ ਨਾਲ ਅਸੀਂ ਆਪਣੇ ਪੁੱਤਰ ਫ਼ਤਹਿਸਿੰਹ ਖ਼ਾਨ ਦਾ ਸਵਾਗਤ ਕਰਦੇ ਹਾਂ। ਇਨ੍ਹਾਂ ਦੋਵਾਂ ਨੇ ਸਾਲ 2017 ਵਿੱਚ ਵਿਆਹ ਕਰਵਾਇਆ ਸੀ। ਇਹ ਦੋਵੇਂ ਜਣੇ ਸਾਂਝੇ ਦੋਸਤ ਰਾਹੀਂ ਮਿਲੇ ਸਨ। ਇਸ ਮਗਰੋਂ ਦੋਵਾਂ ’ਚ ਪਿਆਰ ਹੋ ਗਿਆ ਅਤੇ ਇਨ੍ਹਾਂ ਦੇ ਵਿਆਹ ਕਰਵਾ ਲਿਆ ਸੀ। ਸਾਗਰਿਕਾ ਨੂੰ ‘ਚੱਕ ਦੇ ਇੰਡੀਆ’, ‘ਫੋਕਸ’ ਅਤੇ ‘ਇਰਾਦਾ’ ਕਰ ਕੇ ਜਾਣਿਆ ਜਾਂਦਾ ਹੈ। -ਏਐੱਨਆਈ