‘ਅੰਦਾਜ਼ ਅਪਨਾ ਅਪਨਾ’ ਨੇ ਬਾਕਸ ਆਫਿਸ ’ਤੇ 1.2 ਕਰੋੜ ਕਮਾਏ
ਨਵੀਂ ਦਿੱਲੀ:
ਬੌਲੀਵੁੱਡ ਫਿਲਮ ‘ਅੰਦਾਜ਼ ਅਪਨਾ ਅਪਨਾ’ ਨੂੰ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕੀਤਾ ਗਿਆ ਸੀ। ਇਸ ਫਿਲਮ ਨੇ ਘਰੇਲੂ ਬੌਕਸ ਆਫਿਸ ’ਤੇ ਰਿਲੀਜ਼ ਦੇ ਪਹਿਲੇ ਹਫ਼ਤੇ ਵਿੱਚ 1.2 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਸ ਵਿੱਚ ਕ੍ਰਿਸ਼ਮਾ ਕਪੂਰ, ਰਵੀਨਾ ਟੰਡਨ, ਪਰੇਸ਼ ਰਾਵਲ ਅਤੇ ਸ਼ਕਤੀ ਕਪੂਰ ਵੀ ਸਨ। ਇਹ ਹਾਸਰਸ ਫਿਲਮ ਸਾਲ 1994 ਵਿੱਚ ਰਿਲੀਜ਼ ਹੋਈ ਸੀ। ਇਸ ਨੂੰ ਹੁਣ 25 ਅਪਰੈਲ ਨੂੰ ਮੁੜ ਰਿਲੀਜ਼ ਕੀਤਾ ਗਿਆ ਸੀ। ਇਸ ਸਬੰਧੀ ਫਿਲਮ ਦੇ ਡਿਸਟ੍ਰੀਬਿਊਟਰਾਂ ਨੇ ਕਿਹਾ ਹੈ ਕਿ ਦਰਸ਼ਕਾਂ ਵੱਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਸ਼ਨਿਚਰਵਾਰ ਨੂੰ ਫਿਲਮ ਦੇ ਸ਼ੋਅ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫਿਲਮ ਨੇ ਮੁੜ ਰਿਲੀਜ਼ ਕੀਤੇ ਜਾਣ ਦੇ ਪਹਿਲੇ ਦਿਨ ਹੀ ਬੌਕਸ ਆਫਿਸ ’ਤੇ 25.75 ਲੱਖ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ 45.50 ਲੱਖ ਅਤੇ ਤੀਜੇ ਦਿਨ 51.25 ਲੱਖ ਦੀ ਕਮਾਈ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ਇਸ ਫਿਲਮ ਵਿੱਚ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੇ ਅਮਰ ਤੇ ਪ੍ਰੇਮ ਦੇ ਕਿਰਦਾਰ ਨਿਭਾਏ ਹਨ। ਇਹ ਫਿਲਮ ਰਿਲੀਜ਼ ਸਮੇਂ ਬੌਕਸ ਆਫਿਸ ’ਤੇ ਜ਼ਿਆਦਾ ਚੰਗੀ ਕਾਰਗੁਜ਼ਾਰੀ ਨਹੀਂ ਸੀ ਦਿਖਾ ਸਕੀ। ਪਰ ਟੀਵੀ ’ਤੇ ਇਸ ਫਿਲਮ ਨੂੰ ਵਾਰ ਵਾਰ ਦਿਖਾਉਣ ਕਰ ਕੇ ਇਹ ਦਰਸ਼ਕਾਂ ਦੀ ਪਸੰਦੀਦਾ ਫਿਲਮ ਬਣ ਗਈ ਸੀ। ਇਸ ਦੇ ਕਈ ਡਾਇਲਾਗ ਲੋਕਾਂ ਦੇ ਮੂੰਹ ’ਤੇ ਚੜ੍ਹ ਗਏ ਸਨ। -ਪੀਟੀਆਈ