ਸ਼ਾਇਰ ਨਦੀਮ ਪਰਮਾਰ ਦੇ ਦੇਹਾਂਤ ’ਤੇ ਸਾਹਿਤਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਸਰੀ (ਮਾਨ): ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਦੀਮ ਪਰਮਾਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ 88 ਵਰ੍ਹਿਆਂ ਦੇ ਸਨ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਲੰਮੇ ਸਮੇਂ ਤੋਂ ਸਰਗਰਮ ਮੈਂਬਰ ਸਨ। ਉਨ੍ਹਾਂ ਆਪਣਾ ਸਾਹਿਤਕ ਸਫ਼ਰ ਉਰਦੂ ਗ਼ਜ਼ਲ ਤੋਂ ਕੀਤਾ ਅਤੇ ਫਿਰ ਪੰਜਾਬੀ ਗ਼ਜ਼ਲ ਵੱਲ ਰੁਖ਼ ਕੀਤਾ। ਉਹ ਗ਼ਜ਼ਲ ਅਤੇ ਪਿੰਗਲ-ਅਰੂਜ਼ ਦੇ ਮਾਹਿਰ ਸਨ। ਗ਼ਜ਼ਲ ਦੇ ਨਾਲ ਨਾਲ ਉਨ੍ਹਾਂ ਨਾਵਲ ਅਤੇ ਕਹਾਣੀਆਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੇ 11 ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ।
ਉਨ੍ਹਾਂ ਦੇ ਰੁਖ਼ਸਤ ਹੋ ਜਾਣ ’ਤੇ ਵੈਨਕੂਵਰ, ਸਰੀ ਅਤੇ ਕੈਨੇਡਾ ਦੇ ਸਾਹਿਤਕਾਰਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਨਾਵਲਕਾਰ ਜਰਨੈਲ ਸਿੰਘ ਸੇਖਾ, ਵੈਨਕੂਵਰ ਵਿਚਾਰ ਮੰਚ ਦੇ ਆਗੂ ਮੋਹਨ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਸ਼ਾਇਰ ਪਾਲ ਢਿੱਲੋਂ (ਵਰਨਣ), ਗ਼ਜ਼ਲ ਮੰਚ ਸਰੀ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ, ਗੁਰਮੀਤ ਸਿੱਧੂ, ਸੁਖਜੀਤ ਕੌਰ ਤੇ ਬਲਦੇਵ ਸੀਰਾ, ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਅਮਰੀਕ ਪਲਾਹੀ, ਅਜਮੇਰ ਰੋਡੇ, ਸੁਰਜੀਤ ਕਲਸੀ, ਜਸਬੀਰ ਮਾਨ, ਹਰਕੀਰਤ ਕੌਰ ਚਾਹਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਿਤਪਾਲ ਗਿੱਲ, ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਰੰਧਾਵਾ, ਚਰਨ ਸਿੰਘ, ਸਾਹਿਤ ਸਭਾ ਸਰੀ ਦੇ ਇੰਦਰਜੀਤ ਧਾਮੀ, ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ, ਨਵਨੀਤ ਕੌਰ ਵਿਨੀਪੈੱਗ, ਸੁਖਵਿੰਦਰ ਸਿੰਘ ਚੋਹਲਾ, ਤਰਲੋਚਨ ਤਰਨ ਤਾਰਨ ਅਤੇ ਰਣਧੀਰ ਢਿੱਲੋਂ ਨੇ ਵੱਖ ਵੱਖ ਬਿਆਨਾਂ ਰਾਹੀਂ ਮਰਹੂਮ ਨਦੀਮ ਪਰਮਾਰ ਵੱਲੋਂ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰ ਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਰਚਨਾਵਾਂ ਨਾਲ ਹਮੇਸ਼ਾਂ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਧੜਕਦੇ ਰਹਿਣਗੇ।
ਸੰਪਰਕ: 1 604 308 6663