ਸੀਨੀਅਰ ਔਰਤਾਂ ਲਈ ‘ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ’ ਸ਼ੁਰੂ
ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਅਪਰੈਲ ਮਹੀਨੇ ਦੀ ਮੀਟਿੰਗ ਜੈਨੇਸਿਸ ਸੈਂਟਰ ਵਿੱਚ ਹੋਈ। ਦੇਸ਼ ਗਈਆਂ ਭੈਣਾਂ ਦੇ ਵਾਪਸ ਆਉਣ ’ਤੇ ਮੀਟਿੰਗ ਵਿੱਚ ਹਾਜ਼ਰੀ ਭਰਵੀਂ ਰਹੀ। ਸਭਾ ਦੀ ਇਕੱਤਰਤਾ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸੁਖਵਿੰਦਰ ਕੌਰ ਬਾਠ ਦੀ ਪ੍ਰਧਾਨਗੀ ਵਿੱਚ ਹੋਈ। ਕੋਆਰਡੀਨੇਟਰ ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਆਖਦਿਆਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਦਿਹਾੜੇ ਦੇ ਪਿਛੋਕੜ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਅਤੇ ਪ੍ਰਸਥਿਤੀਆਂ ਦੀ ਗੱਲ ਕੀਤੀ। ਉਪਰੰਤ ਉਸ ਨੇ ਸਭਾ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਜੈਕਟ ‘ਨਿਊ ਹੌਰਾਈਜ਼ਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ’ ਸ਼ੁਰੂ ਕਰਨ ਬਾਰੇ ਦੱਸਿਆ। ਇਸ ਵਿੱਚ ਸੀਨੀਅਰ (ਔਰਤਾਂ) ਨੂੰ ਬਜ਼ੁਰਗਾਂ ਨਾਲ ਹੁੰਦੇ ਦੁਰਵਿਹਾਰ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਹਰ ਪੱਖ ਤੋਂ ਸੁਚੇਤ ਤੇ ਸਸ਼ਕਤ ਕਰਨ ਲਈ ਉਲੀਕੇ ਜਾਣ ਵਾਲੇ ਸਭਾ ਦੇ ਸਾਲ ਭਰ ਦੇ ਪ੍ਰੋਗਰਾਮਾਂ ਦੀ ਸੰਖੇਪ ਜਾਣਕਾਰੀ ਦਿੱਤੀ।
ਗੁਰਦੀਸ਼ ਗਰੇਵਾਲ ਨੇ ਜੱਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਅਤੇ ਇਸੇ ਮਹੀਨੇ ਭਾਰਤ ਦੇ ਸੰਵਿਧਾਨ ਦੇ ਘਾੜੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਬਾਰੇ ਸਾਂਝ ਪਾਈ। ਉਨ੍ਹਾਂ ‘ਚੰਗਾ ਨਹੀਓਂ ਹੁੰਦਾ ਐਵੇਂ ਬਹੁਤਾ ਬੋਲਣਾ, ਦਿਲ ਵਾਲਾ ਭੇਤ ਹਰ ਥਾਂ ’ਤੇ ਖੋਲ੍ਹਣਾ’ ਰਚਨਾ ਪੇਸ਼ ਕਰਨ ਉਪਰੰਤ ਵਿਸਾਖੀ ਨੂੰ ਸੰਬੋਧਤ ਆਪਣੀ ਕਵਿਤਾ ਸੁਣਾਈ। ਹਰਦੇਵ ਬਰਾੜ, ਸੁਰਿੰਦਰਪਾਲ ਕੈਂਥ, ਬਲਬੀਰ ਕੌਰ ਤੇ ਅਮਰਜੀਤ ਕੌਰ ਟਿਵਾਣਾ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ਨੂੰ ਗੀਤਾਂ ਤੇ ਕਵਿਤਾਵਾਂ ਨਾਲ ਯਾਦ ਕੀਤਾ। ਮਨਿੰਦਰ ਚਾਨੇ ਨੇ ਆਪਣੀ ਅੱਖਰਕਾਰੀ ਤੇ ਕਲਮਕਾਰੀ ਦੀ ਕਲਾ ਬਾਰੇ ਭੈਣਾਂ ਨਾਲ ਸਾਂਝ ਪਾਈ।
ਦਲਬੀਰ ਕੌਰ ਨੇ ਬਾਬਾ ਬੁੱਲ੍ਹੇ ਸ਼ਾਹ ਦੇ ਬੋਲਾਂ ਨਾਲ ਹਾਜ਼ਰੀ ਲੁਆਈ। ਸਤਵਿੰਦਰ ਕੌਰ ਫਰਵਾਹ, ਸਰਬਜੀਤ ਉੱਪਲ, ਜਤਿੰਦਰ ਪੇਲੀਆ, ਬਲਵਿੰਦਰ ਕੌਰ, ਅਮਰਜੀਤ ਵਿਰਦੀ ਨੇ ਲੋਕ ਗੀਤਾਂ ਤੇ ਹਰਜੀਤ ਜੌਹਲ, ਕੁਲਵੰਤ ਕੌਰ ਨੇ ਬੋਲੀਆਂ ਅਤੇ ਸ਼ਿੰਦਰਪਾਲ ਤੇ ਜਗਦੀਸ਼ ਬਰੀਆ ਨੇ ਟੱਪਿਆਂ ਨਾਲ ਰੌਣਕਾਂ ਲਾਈਆਂ। ਸਭਾ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਮੈਂਬਰਾਂ ਨਾਲ ਜਾਣ ਪਛਾਣ ਕਰਵਾਈ ਗਈ। ਪਰਮਜੀਤ ਲੇਲ੍ਹ, ਸੁਰਿੰਦਰ ਕੌਰ ਢੁੱਡੀਕੇ, ਮਨਜੀਤ ਕੌਰ ਹੇਅਰ, ਪਰਵਿੰਦਰ ਕੌਰ, ਜਸਵਿੰਦਰ ਕੌਰ ਧਨੋਆ, ਜਸਲੀਨ ਕੌਰ ਤੇ ਮਨਪ੍ਰੀਤ ਕੌਰ ਨੇ ਵੀ ਹਾਜ਼ਰੀ ਲਵਾਈ।
ਫੋਨ: 403-402-9635
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ