ਮਹਾਰਾਸ਼ਟਰ ਸਰਕਾਰ ਵੱਲੋਂ ਫਿਲਮ ਪੁਰਸਕਾਰਾਂ ਦਾ ਐਲਾਨ
ਮੁੰਬਈ: ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਆਸ਼ੀਸ਼ ਸ਼ੇਲਾਰ ਨੇ ਅੱਜ ਸਬੰਧਤ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਪੰਜ ਵੱਕਾਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਚਿਤਰਪਤੀ ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਐਵਾਰਡ, ਚਿਤਰਪਤੀ ਵੀ. ਸ਼ਾਂਤਾਰਾਮ ਸਪੈਸ਼ਲ ਕੰਟਰੀਬਿਊਸ਼ਨ ਐਵਾਰਡ, ਸਵਰਗੀ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ, ਸਵਰਗੀ ਰਾਜ ਕਪੂਰ ਸਪੈਸ਼ਲ ਕੰਟਰੀਬਿਊਸ਼ਨ ਐਵਾਰਡ ਅਤੇ ਗੀਤਾਂ ਦੀ ਰਾਣੀ ਲਤਾ ਮੰਗੇਸ਼ਕਰ ਐਵਾਰਡ ਸ਼ਾਮਲ ਹਨ। ਇਸ ਸਾਲ ਦੇ ਚਿਤਰਪਤੀ ਵੀ. ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਲਈ ਉੱਘੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਮਹੇਸ਼ ਮਾਂਜਰੇਕਰ ਨੂੰ ਚੁਣਿਆ ਗਿਆ ਹੈ। ਇਸ ਪੁਰਸਕਾਰ ਵਿੱਚ 10 ਲੱਖ ਰੁਪਏ ਦਾ ਨਕਦ ਇਨਾਮ, ਯਾਦਗਾਰੀ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ। ਚਿਤਰਪਤੀ ਵੀ. ਸ਼ਾਂਤਾਰਾਮ ਸਪੈਸ਼ਲ ਕੰਟਰੀਬਿਊਸ਼ਨ ਪੁਰਸਕਾਰ ਇਸ ਸਾਲ ਉੱਘੀ ਅਦਾਕਾਰਾ ਮੁਕਤਾ ਬਰਵੇ ਨੂੰ ਦਿੱਤਾ ਜਾਵੇਗਾ। ਸਵਰਗੀ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਇਸ ਸਾਲ ਬਹੁਪੱਖੀ ਅਦਾਕਾਰਾ ਕਾਜੌਲ ਦੇਵਗਨ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 1993 ਤੋਂ ਪੇਸ਼ ਕੀਤਾ ਜਾ ਰਿਹਾ ਲਤਾ ਮੰਗੇਸ਼ਕਰ ਪੁਰਸਕਾਰ ਇਸ ਸਾਲ ਅਨੁਭਵੀ ਮਰਾਠੀ ਗ਼ਜ਼ਲ ਗਾਇਕ ਭੀਮਰਾਓ ਪਾਂਚਲੇ ਨੂੰ ਦਿੱਤਾ ਜਾਵੇਗਾ। ਸਾਰੇ ਪੁਰਸਕਾਰ 25 ਅਪਰੈਲ ਨੂੰ ਐੱਨਐੱਸਸੀਆਈ ਡੋਮ, ਮੁੰਬਈ ਵਿੱਚ ਸਮਾਰੋਹ ਦੌਰਾਨ ਦਿੱਤੇ ਜਾਣਗੇ। ਇਸ ਸਮਾਰੋਹ ਤੋਂ ਇਲਾਵਾ, ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ 20 ਅਪਰੈਲ ਨੂੰ ਸ਼ਾਮ 6.30 ਵਜੇ ਗੇਟਵੇ ਆਫ਼ ਇੰਡੀਆ, ਮੁੰਬਈ ਵਿੱਚ ਸੰਵਿਧਾਨ ਅੰਮ੍ਰਿਤ ਮਹੋਤਸਵ ਅਤੇ ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਜੈਅੰਤੀ ਮੌਕੇ ਵਿਸ਼ੇਸ਼ ਸੰਗੀਤਕ ਸ਼ਰਧਾਂਜਲੀ ਪ੍ਰੋਗਰਾਮ ਕਰਵਾਇਆ ਜਾਵੇਗਾ। -ਏਐੱਨਆਈ