ED issues notice: ਈਡੀ ਵੱਲੋਂ ਏਜੇਐਲ ਦੀ ਅਚੱਲ ਸੰਪਤੀ ਕਬਜ਼ੇ ਵਿੱਚ ਲੈਣ ਦਾ ਨੋਟਿਸ ਜਾਰੀ
ਨਵੀਂ ਦਿੱਲੀ, 12 ਅਪਰੈਲ
ED issues notice to take possession of assets in Cong-linked AJL case: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਹੈ ਕਿ ਉਸ ਨੇ ਕਾਂਗਰਸ ਵੱਲੋਂ ਚਲਾਏ ਜਾਂਦੇ ਐਸੋਸੀਏਟਿਡ ਜਨਰਲ ਲਿਮਟਿਡ (ਏਜੇਐਲ) ਦੀ 661 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਜਨਰਲ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਗਈ ਸੀ। ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਸ਼ੁੱਕਰਵਾਰ ਨੂੰ ਇਹ ਨੋਟਿਸ ਦਿੱਲੀ ’ਚ ਆਈਟੀਓ ਸਥਿਤ ਹੈਰਾਲਡ ਹਾਊਸ, ਮੁੰਬਈ ਦੇ ਬਾਂਦਰਾ ਇਲਾਕੇ ’ਚ ਸਥਿਤ ਇਮਾਰਤ ਅਤੇ ਲਖਨਊ ਦੇ ਬਿਸ਼ੇਸ਼ਵਰ ਨਾਥ ਰੋਡ ’ਤੇ ਸਥਿਤ ਏਜੇਐੱਲ ਇਮਾਰਤ ’ਤੇ ਚਿਪਕਾਏ ਹਨ। ਨੋਟਿਸਾਂ ਵਿੱਚ ਇਮਾਰਤ ਖਾਲੀ ਕਰਨ ਜਾਂ ਈਡੀ ਨੂੰ ਕਿਰਾਏ (ਮੁੰਬਈ ਸੰਪਤੀ ਦੇ ਮਾਮਲੇ ਵਿੱਚ) ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਧਾਰਾ (8) ਅਤੇ ਨਿਯਮ 5(1) ਦੇ ਤਹਿਤ ਕੀਤੀ ਗਈ ਹੈ। ਇਹ ਅਚੱਲ ਜਾਇਦਾਦ ਈਡੀ ਨੇ ਨਵੰਬਰ 2023 ਵਿੱਚ ਕੁਰਕ ਕੀਤੀ ਸੀ। ਮਨੀ ਲਾਂਡਰਿੰਗ ਦਾ ਇਹ ਮਾਮਲਾ ਏਜੇਐਲ ਅਤੇ ਯੰਗ ਇੰਡੀਅਨ ਖਿਲਾਫ ਹੈ। ਜ਼ਿਕਰਯੋਗ ਹੈ ਕਿ ਏਜੇਐਲ ਹੀ ਨੈਸ਼ਨਲ ਹੈਰਾਲਡ ਨੂੰ ਪ੍ਰਕਾਸ਼ਿਤ ਕਰਦੀ ਹੈ ਤੇ ਇਸ ਦੀ ਮਾਲਕੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਕੋਲ ਹੈ। ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਯੰਗ ਇੰਡੀਅਨ ਵਿਚ ਵੱਡੇ ਸ਼ੇਅਰਧਾਰਕ ਹਨ ਜਿਨ੍ਹਾਂ ਕੋਲ 38-38 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਈਡੀ ਨੇ ਕਿਹਾ ਕਿ ਇਹ ਸੰਪਤੀ ਦਿੱਲੀ, ਮੁੰਬਈ ਤੇ ਲਖਨਊ ਸਮੇਤ ਕਈ ਸ਼ਹਿਰਾਂ ਵਿਚ ਹੈ। ਇਸ ਕੇਸ ਵਿਚ ਏਜੰਸੀ ਪਹਿਲਾਂ ਰਾਹੁਲ ਤੇ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਆਗੂਆਂ ਪਵਨ ਬਾਂਸਲ, ਡੀਕੇ ਸ਼ਿਵਕੁਮਾਰ ਦੇ ਬਿਆਨ ਦਰਜ ਕਰ ਚੁੱਕੀ ਹੈ। ਮਨੀ ਲਾਂਡਰਿੰਗ ਦਾ ਇਹ ਕੇਸ ਦਿੱਲੀ ਦੇ ਮੈਟਰੋਪੌਲਿਟਨ ਮੈਜਿਸਟਰੇਟ ਦੇ ਇਕ ਹੁਕਮ ਨਾਲ ਸਬੰਧਤ ਹੈ, ਜਿਸ ਨੇ ਨੈਸ਼ਨਲ ਹੈਰਾਲਡ ਵਿਚ ਕਥਿਤ ਬੇਨਿਯਮੀਆਂ ਸਬੰਧੀ ਇਕ ਪ੍ਰਾਈਵੇਟ ਸ਼ਿਕਾਇਤ ਦਾ ਨੋਟਿਸ ਲਿਆ ਸੀ। ਇਹ ਸ਼ਿਕਾਇਤ 2014 ਵਿਚ ਆਈ ਸੀ।