ਆਪਣੇ ਦੇਸ਼ ਦੀ ਸੇਵਾ ਕਰਨ ਲਈ ਪੈਦਾ ਹੋਇਆ ਹਾਂ: ਇਫ਼ਤਖ਼ਾਰ ਅਲੀ
ਜੰਮੂ, 3 ਮਈ
ਪਾਕਿਸਤਾਨ ਭੇਜੇ ਜਾਣ ਤੋਂ ਅਦਾਲਤ ਵੱਲੋਂ ਅੰਤਰਿਮ ਰਾਹਤ ਮਿਲਣ ਤੋਂ ਕੁਝ ਦਿਨਾਂ ਬਾਅਦ ਅੱਜ 45 ਸਾਲਾ ਪੁਲੀਸ ਮੁਲਾਜ਼ਮ ਇਫ਼ਤਖ਼ਾਰ ਅਲੀ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ ਕਸ਼ਮੀਰ ਪੁਲੀਸ ਅਤੇ ਆਪਣੇ ਦੇਸ਼ ਭਾਰਤ ਦੀ ਸੇਵਾ ਕਰਨ ਲਈ ਹੀ ਜਨਮ ਲਿਆ ਹੈ। ਹਾਈ ਕੋਰਟ ਵੱਲੋਂ ਸਮੇਂ ਸਿਰ ਦਖ਼ਲ ਦਿੱਤੇ ਜਾਣ ਕਾਰਨ ਅਲੀ ਤੇ ਉਸ ਦੇ ਅੱਠ ਭੈਣ-ਭਰਾਵਾਂ ਨੂੰ ਆਖ਼ਰੀ ਵਕਤ ’ਤੇ ਪਾਕਿਸਤਾਨ ਭੇਜਣ ਤੋਂ ਰੋਕ ਦਿੱਤਾ ਗਿਆ।
ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਮੇਂਧੜ ਉਪ ਮੰਡਲ ਦੇ ਵਸਨੀਕ ਅਲੀ ਨੇ ਆਪਣੀ ਲਗਪਗ ਅੱਧੀ ਜ਼ਿੰਦਗੀ ਪੁਲੀਸ ਬਲ ਨੂੰ ਸਮਰਪਿਤ ਕੀਤੀ ਹੈ। ਇਸ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਵਧੀਆ ਸੇਵਾ ਨਿਭਾਈ ਹੈ। ਉਸ ਨੂੰ ਬਹਾਦਰੀ ਤੇ ਫ਼ਰਜ਼ ਪ੍ਰਤੀ ਪ੍ਰਤੀਬੱਧਤਾ ਲਈ ਸ਼ਲਾਘਾ ਮਿਲੀ ਹੈ। ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਦੇਸ਼ ਦੀ ਲੀਡਰਸ਼ਿਪ ਉਸ ਨੂੰ ਮਹਿਜ਼ ਇਸ ‘ਸਾਜ਼ਿਸ਼’ ਦੇ ਆਧਾਰ ’ਤੇ ਦੁਸ਼ਮਣ ਦੇਸ਼ ਨੂੰ ਨਹੀਂ ਸੌਪੇਗੀ ਕਿ ਉਹ ਜੰਮੂ ਕਸ਼ਮੀਰ ਦੇ ਉਸ ਹਿੱਸੇ ਨਾਲ ਸਬੰਧ ਰੱਖਦਾ ਹਾਂ ਜੋ ਕਿ ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਹੇਠ ਹੈ।
ਅਲੀ ਦੇ ਪਰਿਵਾਰ ਦੇ ਨੌਂ ਮੈਂਬਰ ਉਨ੍ਹਾਂ ਦੋ ਦਰਜਨ ਤੋਂ ਵੱਧ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਮਕਬੂਜ਼ਾ ਕਸ਼ਮੀਰ ਦੇ ਹਨ ਤੇ ਜਿਨ੍ਹਾਂ ਨੂੰ ਪੁਣਛ, ਰਾਜੌਰੀ ਅਤੇ ਜੰਮੂ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਭਾਰਤ ਛੱਡਣ ਦੇ ਨੋਟਿਸ ਦਿੱਤੇ ਗਏ ਸਨ। ਉਨ੍ਹਾਂ ਨੂੰ ਮੰਗਲਵਾਰ ਤੇ ਬੁੱਧਵਾਰ ਨੂੰ ਪਾਕਿਸਤਾਨ ਭੇਜਣ ਲਈ ਪੰਜਾਬ ਲਿਜਾਇਆ ਗਿਆ ਸੀ। ਹਾਲਾਂਕਿ, ਅਲੀ ਤੇ ਉਸ ਦੇ ਅੱਠ ਭੈਣ-ਭਰਾਵਾਂ ਨੂੰ ਉਦੋਂ ਪੁਣਛ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਵਾਪਸ ਲਿਆਂਦਾ ਗਿਆ ਜਦੋਂ ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕਰ ਲਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਪਾਕਿਸਤਾਨੀ ਨਾਗਰਿਕ ਨਹੀਂ ਹਨ ਅਤੇ ਪੀੜ੍ਹੀਆਂ ਤੋਂ ਸਲਵਾਹ ਪਿੰਡ ਵਿੱਚ ਰਹਿ ਰਹੇ ਹਨ। -ਪੀਟੀਆਈ
ਸਲਵਾਹ ਪਿੰਡ ਦੇ ਵਸਨੀਕ ਹੋਣ ਦਾ ਸਾਡਾ ਸਦੀਆਂ ਪੁਰਾਣਾ ਇਤਿਹਾਸ ਹੈ: ਅਲੀ
ਪੁਲੀਸ ਮੁਲਾਜ਼ਮ ਇਫ਼ਤਖਾਰ ਅਲੀ ਨੇ ਕਿਹਾ, ‘‘ਸਲਵਾਹ ਦੇ ਵਸਨੀਕ ਹੋਣ ਦਾ ਸਾਡਾ ਸਦੀਆਂ ਪੁਰਾਣਾ ਇਤਿਹਾਸ ਹੈ, ਸਾਡੇ ਮਾਤਾ-ਪਿਤਾ ਅਤੇ ਹੋਰ ਪੁਰਖਿਆਂ ਨੂੰ ਪਿੰਡ ਵਿੱਚ ਦਫ਼ਨਾਇਆ ਗਿਆ ਸੀ..ਇਹ ਨੋਟ (26 ਅਪਰੈਲ ਨੂੰ ਪੁਣਛ ਦੇ ਡੀਸੀ ਵੱਲੋਂ) ਸਾਡੇ ਪਰਿਵਾਰ ਲਈ ਇਕ ਝਟਕਾ ਸੀ ਜਿਸ ਵਿੱਚ 200 ਤੋਂ ਵੱਧ ਮੈਂਬਰ ਹਨ, ਜਿਨ੍ਹਾਂ ’ਚੋਂ ਕੁਝ ਫੌਜ ਵਿੱਚ ਹਨ।’’ ਅਲੀ ਨੇ ਕਿਹਾ ਕਿ ਇਸ ਸਥਿਤੀ ਦਰਮਿਆਨ ਉਨ੍ਹਾਂ ਨੇ ਹਾਈ ਕੋਰਟ ਦਾ ਦਰਜਵਾਜ਼ਾ ਖੜਕਾਉਣ ਦਾ ਫੈਸਾਲ ਲਿਆ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਉਹ ਨਿਆਂਪਾਲਿਕਾ ਦੇ ਧੰਨਵਾਦੀ ਹਨ।