ਨੀਟ-ਯੂਜੀ ਅੱਜ, ਦੇਸ਼ ਭਰ ’ਚ 5453 ਕੇਂਦਰ ਬਣੇ
ਨਵੀਂ ਦਿੱਲੀ: ਦੇਸ਼ ਪੱਧਰੀ ਮੈਡੀਕਲ ਦਾਖਲਾ ਪ੍ਰੀਖਿਆ (ਨੀਟ-ਯੂਜੀ) ਸਹੀ ਢੰਗ ਨਾਲ ਯਕੀਨੀ ਬਣਾਉਣ ਲਈ ਅੱਜ ਸਾਰੇ ਨੀਟ-ਯੂਜੀ ਕੇਂਦਰਾਂ ’ਤੇ ‘ਮੌਕ ਡਰਿੱਲ’ ਕਰਵਾਈ ਗਈ। ਇਹ ਪ੍ਰੀਖਿਆ 4 ਮਈ ਨੂੰ ਦੇਸ਼ ਭਰ ਦੇ 500 ਤੋਂ ਵੱਧ ਸ਼ਹਿਰਾਂ ’ਚ 5,453 ਕੇਂਦਰਾਂ ’ਤੇ ਕਰਵਾਈ ਜਾਵੇਗੀ। ਇਸ ਸਾਲ 22.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਈ ਹੈ। ਸਿੱਖਿਆ ਮੰਤਰਾਲੇ ਦੇ ਸੂਤਰ ਨੇ ਦੱਸਿਆ, ‘ਪ੍ਰੀਖਿਆ ਵਾਲੇ ਦਿਨ ਜ਼ਿਲ੍ਹਾ, ਸੂਬਾਈ ਤੇ ਕੇਂਦਰੀ ਪੱਧਰ ’ਤੇ ਤਿੰਨ-ਪੱਧਰੀ ਨਿਗਰਾਨੀ ਕੀਤੀ ਜਾਵੇਗੀ।’ ਇਸ ਸਾਲ ਜ਼ਿਆਦਾਤਰ ਕੇਂਦਰ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਸੰਸਥਾਵਾਂ ’ਚ ਬਣਾਏ ਗਏ ਹਨ। ਸੂਤਰ ਨੇ ਕਿਹਾ, ‘ਪ੍ਰੀਖਿਆ ਸਹੀ ਤੇ ਸੁਰੱਖਿਅਤ ਢੰਗ ਨਾਲ ਕਰਾਉਣੀ ਯਕੀਨੀ ਬਣਾਉਣ ਲਈ ਸਾਰੇ ਕੇਂਦਰਾਂ ’ਤੇ ‘ਮੌਕ ਡਰਿੱਲ’ ਕਰਵਾਈ ਜਾ ਰਹੀ ਹੈ। ਇਸ ਅਭਿਆਸ ਨਾਲ ਮੋਬਾਈਲ ਸਿਗਨਲ ਜੈਮਰ ਦੀ ਸਮਰੱਥਾ, ਤਲਾਸ਼ੀ ਲਈ ਲੋੜੀਂਦੇ ਮੁਲਾਜ਼ਮਾਂ ਤੇ ਬਾਇਓਮੈਟ੍ਰਿਕ ਪੜਤਾਲ ਪ੍ਰਕਿਰਿਆ ਦੇ ਸੰਦਰਭ ’ਚ ਪ੍ਰੀਖਿਆ ਦੀ ਤਿਆਰੀ ’ਚ ਮਦਦ ਮਿਲੇਗੀ।’ -ਪੀਟੀਆਈ