ਡੀਜੀਪੀ ਵੱਲੋਂ ਤਿੰਨ ਪੁਲੀਸ ਅਧਿਕਾਰੀਆਂ ਨੂੰ ਤਰੱਕੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਦਸੰਬਰ
ਡੀਜੀਪੀ ਗੌਰਵ ਯਾਦਵ ਨੇ ਵਧੀਆ ਸੇਵਾਵਾਂ ਬਦਲੇ ਮੋਗਾ ਪੁਲੀਸ ਦੇ ਤਿੰਨ ਥਾਣੇਦਾਰਾਂ ਨੂੰ ਤਰੱਕੀ ਦਿੱਤੀ ਹੈ। ਇਨ੍ਹਾਂ ਵਿਚ ਥਾਣਾ ਅਜੀਤਵਾਲ ਮੁਖੀ ਗੁਰਮੇਲ ਸਿੰਘ ਨੂੰ ਇੰਸਪੈਕਟਰ ਅਤੇ ਇਥੇ ਕੱਪੜਾ ਵਪਾਰੀ ਤੋਂ ਫ਼ਿਰੌਤੀ ਲੈਣ ਆਏ ਗੈਂਗਸਟਰਾਂ ਨੂੰ ਦਬੋਚਣ ਵਾਲੇ ਏਐਸਆਈ ਸਤਨਾਮ ਸਿੰਘ ਨੂੰ ਸਬ ਇੰਸਪੈਕਟਰ ਅਤੇ ਵਧੀਆ ਸੇਵਾ ਬਦਲੇ ਤਰਸੇਮ ਸਿੰਘ ਨੂੰ ਸਬ ਇੰਸਪੈਕਟਰ ਬਣਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਅਤੇ ਐਸਪੀ ਮਨਮੀਤ ਸਿੰਘ ਢਿੱਲੋਂ ਨੇ ਥਾਣਾ ਅਜੀਤਵਾਲ ਮੁਖੀ ਗੁਰਮੇਲ ਸਿੰਘ ਤੇ ਦੂਜੇ ਥਾਣੇਦਾਰਾਂ ਨੂੰ ਤਰੱਕੀ ਦੇ ਸਟਾਰ ਲਗਾਏ। ਥਾਣਾ ਅਜੀਤਵਾਲ ਮੁਖੀ ਗੁਰਮੇਲ ਸਿੰਘ 1989 ਵਿਚ ਸਿਪਾਹੀ ਭਰਤੀ ਹੋਏ ਸਨ। ਉਹ ਐੱਸਐੱਸਪੀਜ਼, ਐੱਸਪੀਜ਼,ਡੀਐੱਸਪੀਜ਼ ਦੇ ਵੀ ਰੀਡਰ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ ਤਹਿਤ ਹੁਣ ਪੁਲੀਸ ਮੁਲਾਜ਼ਮ ਏਐਸਆਈ ਦੇ ਅਹੁਦੇ ’ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾਮੁਕਤ ਨਹੀਂ ਹੋਵੇਗਾ। ਇਸ ਯੋਜਨਾ ਤਹਿਤ 16 ਸਾਲ ਦੀ ਨੌਕਰੀ ਉਪਰੰਤ ਸਿਪਾਹੀ ਤੋਂ ਹੌਲਦਾਰ, 24 ਸਾਲ ਦੀ ਨੌਕਰੀ ਪਿੱਛੋਂ ਏਐਸਆਈ, 30 ਸਾਲ ਦੀ ਨੌਕਰੀ ਪਿਛੋਂ ਸਬ-ਇੰਸਪੈਕਟਰ ਅਤੇ 35 ਸਾਲ ਦੀ ਨੌਕਰੀ ਤੋਂ ਬਾਅਦ ਇੰਸਪੈਕਟਰ ਵਜੋਂ ਤਰੱਕੀ ਦੇਣ ਦਾ ਪ੍ਰਬੰਧ ਰੱਖਿਆ ਗਿਆ ਹੈ।