ਦਿੱਲੀ: ਪ੍ਰਦੂਸ਼ਣ ’ਚ ਕਮੀ ਦੇ ਬਾਵਜੂਦ ਸਾਹ ਲੈਣਾ ਔਖਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਨਵੰਬਰ
ਨਵੀਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ ਪਰ ਫਿਰ ਹਾਲਾਤ ਬਹੁਤ ਖਰਾਬ ਹਨ। ਹਾਲਾਂਕਿ ਅੱਜ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚੋਂ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਤਬਦੀਲ ਹੋ ਗਈ ਹੈ ਪਰ ਕੌਮੀ ਰਾਜਧਾਨੀ ਖੇਤਰ ਦੇ ਲੋਕਾਂ ਨੂੰ ਅਜੇ ਵੀ ਧੁਆਂਖੀ ਧੁੰਦ ਕਾਰਨ ਸਾਹ ਲੈਣਾ ਔਖਾ ਹੋ ਰਿਹਾ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਵੱਲੋਂ ਸ਼ਨਿਚਰਵਾਰ ਨੂੰ ਸਵੇਰੇ 7.15 ਵਜੇ ਗਾਜ਼ੀਪੁਰ ਵਿੱਚ ਏਕਿਊਆਈ 398 ਦਰਜ ਕੀਤਾ ਗਿਆ। ਕੌਮੀ ਰਾਜਧਾਨੀ ਵਿੱਚ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ੁੱਕਰਵਾਰ ਨੂੰ ਸਵੇਰੇ 7 ਵਜੇ 461 ਤੋਂ ਘੱਟ ਕੇ ਅੱਜ ਸਵੇਰੇ 398 ’ਤੇ ਆ ਗਿਆ ਸੀ। ਵਧਦੇ ਹਵਾ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੀ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਹੱਲ ਕਰਨ ਲਈ ਕੇਂਦਰ ਦੇ ਦਖਲ ਦੀ ਮੰਗ ਕੀਤੀ ਸੀ। ਰਾਏ ਨੇ ਕਿਹਾ ਕਿ ਇਹ ਸਥਿਤੀ ਦਿੱਲੀ ਤੋਂ ਬਾਹਰ ਫੈਲੀ ਹੋਈ ਹੈ, ਜਿਸ ਨਾਲ ਹਰਿਆਣਾ ਦੇ 12 ਜ਼ਿਲ੍ਹਿਆਂ, ਰਾਜਸਥਾਨ ਦੇ 14 ਸਥਾਨਾਂ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਤੇ ਉਹ ਸਾਰੇ ‘ਗੰਭੀਰ’ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਇੱਥੇ ਕੌਮੀ ਰਾਜਧਾਨੀ ਖੇਤਰ ਦੇ ਅਧੀਨ ਰਾਜਾਂ ਅਤੇ ਸ਼ਹਿਰਾਂ ਦੇ ਏਕਿਊਆਈ ਦੀ ਦਰ ਵੱਖ-ਵੱਖ ਦਰਜ ਕੀਤੀ ਗਈ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿੱਚ ਹਵਾ ਗੁਣਵੱਤਾ 405 ਦੇ ਨਾਲ ‘ਗੰਭੀਰ’ ਸ਼੍ਰੇਣੀ ਵਿੱਚ ਸੀ, ਹਰਿਆਣਾ ਦੇ ਫਰੀਦਾਬਾਦ ਅਤੇ ਬਹਾਦੁਰਗੜ੍ਹ ਜ਼ਿਲ੍ਹਿਆਂ ਦਾ 390 ਦਾ ਦੂਜਾ ਸਭ ਤੋਂ ਖਰਾਬ ਏਕਿਊਆਈ ਦਰਜ ਕੀਤਾ ਗਿਆ। ਗੁਰੂਗ੍ਰਾਮ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਨੋਇਡਾ ਦਾ ਏਕਿਊਆਈ ਕ੍ਰਮਵਾਰ 358, 348, 335 ਅਤੇ 334 ਸੀ। ਅੰਕੜਿਆਂ ਮੁਤਾਬਕ ਦਿੱਲੀ-405, ਫਰੀਦਾਬਾਦ- 390, ਗੁਰੂਗ੍ਰਾਮ- 358, ਗ੍ਰੇਟਰ ਨੋਇਡਾ-348, ਗਾਜ਼ੀਆਬਾਦ- 335 ਤੇ ਨੋਇਡਾ ਵਿੱਚ 334 ਮਾਪਿਆ ਗਿਆ। ਸਭ ਤੋਂ ਖ਼ਰਾਬ ਏਕਿਊਆਈ ਵਾਲੇ ਸਿਖਰਲੇ ਤਿੰਨ ਰਾਜ ਦਿੱਲੀ, ਹਰਿਆਣਾ ਅਤੇ ਰਾਜਸਥਾਨ ਰਹੇ।