ਵਿਦਿਆਰਥੀਆਂ ਲਈ ਪੰਜ-ਰੋਜ਼ਾ ਵਰਕਸ਼ਾਪ ਲਾਈ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਸਾਹਿਤ ਅਕਾਦਮੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਅੰਦਰ ਰਚਨਾਤਮਕਤਾ ਜਗਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਕਿੱਸਾ-ਓ-ਕਲਾਮ ਦਿ ਸਪੀਕਿੰਗ ਪੈੱਨ ਵਿਸ਼ੇ ਹੇਠ ਬੱਚਿਆਂ ਲਈ ਪੰਜ ਦਿਨਾਂ ਵਰਕਸ਼ਾਪ ਲਗਵਾਈ ਗਈ।
ਵਰਕਸ਼ਾਪ ਦੇ ਆਖ਼ਰੀ ਦਿਨ ਇਕ ਵਿਸ਼ੇਸ਼ ਪ੍ਰੋਗਰਾਮ ‘ਚ ਅਕਾਦਮੀ ਦੇ ਸਕੱਤਰ ਡਾ. ਕੇ. ਸ੍ਰੀ ਨਿਵਾਸਰਾਓ ਨੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ। ਇਸ ਮੌਕੇ ਡਾ. ਨਿਵਾਸਰਾਓ ਨੇ ਕਿਹਾ ਕਿ ਸਾਹਿਤ ਅਕਾਦਮੀ ਪਿਛਲੇ ਚਾਰ ਸਾਲਾਂ ਤੋਂ ਹਰ ਵਰ੍ਹੇ ਅਜਿਹੀ ਵਰਕਸ਼ਾਪ ਕਰਦੀ ਹੈ, ਜਿਸ ਵਿਚ ਬੱਚਿਆਂ ਨੂੰ ਸਾਹਿਤ ਰਚਨ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਅਗੇ ਕਿਹਾ ਕਿ ਇਸ ਵਰ੍ਹੇ ਇਸ ਵਰਕਸ਼ਾਪ ਵਿੱਚ 75 ਬੱਚਿਆਂ ਨੇ ਹਿੱਸਾ ਲਿਆ। ਵੰਦਨਾ ਬਿਸ਼ਟ ਅਤੇ ਚੰਦਨ ਦੱਤਾ ਨੇ ਇਨ੍ਹਾਂ ਬੱਚਿਆਂ ਨੂੰ ਕਵਿਤਾ ਅਤੇ ਕਹਾਣੀ ਰਚਨਾ ਦੇ ਗੁਰ ਸਮਝਾਏ। ਇਸ ਦੌਰਾਨ ਬੱਚਿਆਂ ਨੂੰ ਬਿੰਬ, ਪ੍ਰਤੀਕ ਅਤੇ ਸਿੰਬਲੀਆਂ ਤੋਂ ਇਲਾਵਾ ਰਸ ਅਤੇ ਸਾਹਿਤ ਦੀ ਭਾਸ਼ਾ ਅਤੇ ਕਾਵਿ ਭਾਸ਼ਾ ਦੇ ਨਾਲ-ਨਾਲ ਬਿਰਤਾਂਤਕਾਰੀ ਦੇ ਮੁੱਢਲੇ ਸਬਕ ਵੀ ਦਿੱਤੇ ਗਏ।