ਐਮਾਜ਼ੋਨ ’ਤੇ 11 ਨੂੰ ਰਿਲੀਜ਼ ਹੋਵੇਗੀ ‘ਛੋਰੀ 2’
ਮੁੰਬਈ:
ਓਟੀਟੀ ਪਲੈਟਫਾਰਮ ਐਮਾਜ਼ੋਨ ਪ੍ਰਾਈਮ ਨੇ ਖ਼ੁਲਾਸਾ ਕੀਤਾ ਹੈ ਕਿ 11 ਅਪਰੈਲ ਨੂੰ ‘ਛੋਰੀ 2’ ਦਾ ਪ੍ਰੀਮੀਅਰ ਕੀਤਾ ਜਾਵੇਗਾ। ਇਸ ਫਿਲਮ ਵਿੱਚ ਨੁਸ਼ਰਤ ਭਰੂਚਾ ਅਤੇ ਸੋਹਾ ਅਲੀ ਖ਼ਾਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਫਿਲਮ ਵਿੱਚ ਗਸ਼ਮੀਰ ਮਹਾਜਨੀ, ਸੌਰਭ ਗੋਇਲ, ਪੱਲਵੀ ਅਜੈ, ਕੁਲਦੀਪ ਸਰੀਨ ਅਤੇ ਹਾਰਦਿਕਾ ਸ਼ਰਮਾ ਵੀ ਹਨ। ਇਸ ਫਿਲਮ ਦਾ ਨਿਰਦੇਸ਼ਨ ਵਿਸ਼ਾਲ ਫੁਰੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਆਈ ਫਿਲਮ ‘ਛੋਰੀ’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਉਸ ਵਿੱਚ ਦਿਲ ਦਹਿਲਾ ਦੇਣ ਵਾਲੀ ਕਹਾਣੀ ਸੀ। ਨਿਰਮਾਤਾਵਾਂ ਅਨੁਸਾਰ ਇਸ ਵਾਰ ਵੀ ਫਿਲਮ ਬੇਹੱਦ ਡਰਾਉਣੀ ਹੋਵੇਗੀ। ਇਸ ਵਿੱਚ ਮਾਂ ਨੂੰ ਅਲੌਕਿਕ ਸ਼ਕਤੀਆਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਦਿਆਂ ਦਿਖਾਇਆ ਗਿਆ ਹੈ। ਪ੍ਰਾਈਮ ਵੀਡੀਓ ਇੰਡੀਆ ਦੇ ਕੰਟੈਂਟ ਲਾਇਸੈਂਸਿੰਗ ਨਿਰਦੇਸ਼ਕ ਮਨੀਸ਼ ਮੇਘਾਨੀ ਨੇ ਕਿਹਾ ਕਿ ਪਹਿਲੀ ਫਿਲਮ ਦੀ ਸਫ਼ਲਤਾ ਮਗਰੋਂ ਇਸ ਫਿਲਮ ਦਾ ਮਕਸਦ ਰਚਨਾਤਮਕ ਦ੍ਰਿਸ਼ਾਂ ਨੂੰ ਇੱਕ ਕਦਮ ਅਗਾਂਹ ਲਿਜਾਣਾ ਹੈ। ਉਨ੍ਹਾਂ ‘ਛੋਰੀ’ ਰਾਹੀਂ ਅਜਿਹੀ ਕਹਾਣੀ ਨੂੰ ਦਿਖਾਇਆ ਗਿਆ ਸੀ, ਜੋ ਦਿਲਾਂ ਨੂੰ ਛੂਹਣ ਵਾਲੀ ਸੀ ਅਤੇ ਭਾਵਨਾਤਮਕ ਪੱਖ ਤੋਂ ਕਾਫ਼ੀ ਪ੍ਰਭਾਵੀ ਸੀ। ਉਨ੍ਹਾਂ ਕਿਹਾ ਕਿ ‘ਛੋਰੀ 2’ ਵਿਚਲੇ ਰਚਨਾਤਮਕ ਦ੍ਰਿਸ਼ ਦਰਸ਼ਕਾਂ ਨੂੰ ਪਸੰਦ ਆਉਣਗੇ। ਇਹ ਫਿਲਮ ਪਹਿਲੀ ਨਾਲੋਂ ਜ਼ਿਆਦਾ ਡਰਾਉਣੀ ਹੋਵੇਗੀ ਇਸ ਦੀ ਕਹਾਣੀ ਵਿੱਚ ਕਈ ਦਿਲਚਸਪ ਮੋੜ ਦਿਖਾਏ ਗਏ ਹਨ। ਇਸ ਫਿਲਮ ਦਾ ਨਿਰਮਾਣ ਟੀ-ਸੀਰੀਜ਼, ਅਬੁਡੈਂਟੀਆ ਐਂਟਰਟੇਨਮੈਂਟ ਅਤੇ ਟੈਮਰਿਸਕ ਲੇਨ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਗਿਆ ਹੈ। -ਏਐੱਨਆਈ