ਰਾਊਜ਼ ਹਿਲ ਰੈਮਜ਼ ਵ੍ਹਾਈਟ ਦਾ ਚੈਂਪੀਅਨਸ਼ਿਪ ’ਤੇ ਮੁੜ ਕਬਜ਼ਾ
ਲਖਵਿੰਦਰ ਸਿੰਘ ਰਈਆ
ਸਿਡਨੀ: ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੀ ਪੈਰਾਮੈਟਾ ਡਿਸਟ੍ਰਿਕਟ ਐਸੋਸੀਏਸ਼ਨ (ਸਿਡਨੀ ਆਸਟਰੇਲੀਆ) ਕ੍ਰਿਕਟ ਮੈਚਾਂ ਦੀ ਲੜੀ ਤਹਿਤ ਰਾਊਜ਼ ਹਿਲ ਰੈਮਜ਼ ਵ੍ਹਾਈਟ ਤੇ ਵੈਂਟੀ ਲੀਗਜ਼ ਟੀਮਾਂ ਵਿਚਕਾਰ ਕ੍ਰਿਕਟ ਦਾ ਫਾਈਨਲ ਮੈਚ ਖੇਡਿਆ ਗਿਆ।
ਦੋ ਦਿਨਾਂ ਚੱਲੇ ਇਸ ਮੈਚ ਦੌਰਾਨ ਵੈਂਟੀ ਲੀਗਜ਼ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਉਹ ਆਪਣੀ ਵਿਰੋਧੀ ਟੀਮ ਅੱਗੇ ਮਹਿਜ਼ 128 ਦੌੜਾਂ ਦਾ ਟੀਚਾ ਹੀ ਰੱਖ ਸਕੀ। ਦੂਸਰੇ ਪਾਸੇ ਜਦੋਂ ਰਾਊਜ਼ ਹਿਲ ਰੈਮਜ਼ ਵ੍ਹਾਈਟ ਟੀਮ ਦੇ ਪੰਜ ਬੱਲੇਬਾਜ਼ 55 ਦੌੜਾਂ ਉਤੇ ਆਊਟ ਹੋ ਗਏ ਤਾਂ ਇੰਜ ਜਾਪਣ ਲੱਗ ਪਿਆ ਸੀ ਜਿਵੇਂ ਵੈਂਟੀ ਲੀਗਜ਼ ਟੀਮ ਛੇਤੀ ਹੀ ਇਹ ਬਾਜ਼ੀ ਮਾਰ ਜਾਵੇਗੀ, ਪਰ ਜਦੋਂ ਨਾਟ ਆਊਟ ਰਹਿ ਕੇ ਹੁਨਰ ਉੱਪਲ ਖੰਨਾ ਤੇ ਕੁਨਾਲ ਰੁਪਾਨੀ ਨੇ ਬੱਲੇਬਾਜ਼ੀ ਦੀ ਕਮਾਨ ਸੰਭਾਲੀ ਤਾਂ ਹੁਨਰ ਉੱਪਲ ਖੰਨਾ ਨੇ ਦੌੜਾਂ ਦਾ ਅਰਧ ਸੈਂਕੜਾ ਪਾਰ ਕਰਦਿਆਂ ਹਾਰ ਰਹੀ ਬਾਜ਼ੀ ਪਲਟ ਦਿੱਤੀ। ਇਸ ਤਰ੍ਹਾਂ ਬੱਲੇਬਾਜ਼ਾਂ ਦੀ ਇਸ ਜੋੜੀ ਨੇ 73 ਦੌੜਾਂ ਦਾ ਯੋਗਦਾਨ ਪਾ ਕੇ ਸਾਲ 2024-25 ਦੀ ਚੈਂਪੀਅਨਸ਼ਿਪ (ਵਾਲ ਪ੍ਰਿੰਸ ਟਰਾਫੀ) ਆਪਣੀ ਟੀਮ (ਰਾਊਜ਼ ਹਿਲ ਰੈਮਜ਼ ਵ੍ਹਾਈਟ ਟੀਮ) ਦੀ ਝੋਲੀ ਵਿੱਚ ਪਵਾਈ।
ਵਰਣਨਯੋਗ ਹੈ ਕਿ ਕਪਤਾਨ ਸ਼ਿਵਮ ਸਿੰਘ ਦੀ ਅਗਵਾਈ ਵਿੱਚ ਸਤਵੰਤ ਸਿੰਘ ਢਿੱਲੋਂ ਪਟਿਆਲਾ, ਜਸਲ ਦੀਪਕ ਜਲੰਧਰ, ਹਰਮਨਪ੍ਰੀਤ ਸਿੰਘ ਮਾਨ ਹਵੇਲੀਆਣਾ, ਹਰਪ੍ਰੀਤ ਸਿੰਘ, ਗੌਰਵ ਰਨਵਾੜਾ ਗੁਜਰਾਤ, ਗਾਜ਼ੀ ਉਲ੍ਹਾ ਮਾਲੇਰਕੋਟਲਾ, ਅਭਿਸ਼ੇਕ ਕਰਵਾੜਾ ਗੁਜਰਾਤ, ਅਨਮੋਲ ਰਾਣਾ, ਫ਼ੈਜ਼ਲ ਆਹਿਦ, ਹੁਨਰ ਉੱਪਲ ਖੰਨਾ ਤੇ ਕੁਨਾਲ ਰੁਪਾਨੀ ਦੀ ਟੀਮ ਨੇ ਇਸ ਲੜੀ ਦੇ 16 ਮੈਚਾਂ ਵਿੱਚੋਂ ਫਾਈਨਲ ਸਮੇਤ 14 ਮੈਚ ਜਿੱਤ ਕੇ ਸਿਖਰਲੀ ਟੀਮ ਹੋਣ ਦਾ ਮਾਣ ਵੀ ਪ੍ਰਾਪਤ ਕੀਤਾ ਤੇ ਇਸ ਟੀਮ ਦੇ ਬਹੁਤ ਸਾਰੇ ਖਿਡਾਰੀਆਂ ਨੂੰ ‘ਬਿਹਤਰ ਖਿਡਾਰੀ’ ਹੋਣ ਦਾ ਮਾਣ ਵੀ ਮਿਲਿਆ।
ਸੰਪਰਕ: 61430204832