ਜਾਦੂਈ ਫਿ਼ਲਮ ਸੀ ‘ਬਾਹੂਬਲੀ: ਦਿ ਬਿਗਨਿੰਗ’: ਤਮੰਨਾ
ਮੁੰਬਈ:
ਅਦਾਕਾਰਾ ਤਮੰਨਾ ਭਾਟੀਆ ਦਾ ਕਹਿਣਾ ਹੈ ਕਿ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਇਸ ਸਾਲ ਦਸ ਸਾਲ ਪੂਰੇ ਕਰਨ ਜਾ ਰਹੀ ‘ਬਾਹੂਬਲੀ: ਦਿ ਬਿਗਨਿੰਗ’ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ‘ਨਾਭੁੱਲਣਯੋਗ’ ਅਧਿਆਇ ਬਣ ਜਾਵੇਗੀ। ਐੱਸਐੱਸ ਰਾਜਾਮੌਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਸੁਪਰਹਿੱਟ ਫਿਲਮ ਦਾ ਪਹਿਲਾ ਭਾਗ 10 ਜੁਲਾਈ 2015 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਇਆ ਸੀ। ਪ੍ਰਭਾਸ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਹੈ। ਇਹ ਪੂਰੀ ਦੁਨੀਆਂ ਵਿੱਚ ਹਿੰਦੀ ’ਚ ਰਿਲੀਜ਼ ਹੋਣ ਵਾਲੀ ਪਹਿਲੀ ਤੇਲਗੂ ਫਿਲਮ ਸੀ। ਭਾਟੀਆ ਨੇ ਦੋ ਹਿੱਸਿਆਂ ਵਿੱਚ ਬਣੀ ਮਿਥਿਹਾਸਕ ਗਾਥਾ ਵਿੱਚ ਕੁਸ਼ਲ ਯੋਧਾ ਅਵੰਤਿਕਾ ਦੀ ਭੂਮਿਕਾ ਨਿਭਾਈ ਹੈ। ਉਸ ਨੇ ਕਿਹਾ ਕਿ ਇਹ ਫਿਲਮ ਉਸ ਲਈ ਕਰੀਅਰ ਬਦਲਣ ਤੋਂ ਕਿਤੇ ਵੱਧ ਹੈ। ਭਾਟੀਆ ਇੱਥੇ ‘ਲੈਕਮੇ ਫੈਸ਼ਨ ਵੀਕ ਐੱਕਸ ਐੱਫਡੀਸੀਆਈ’ ਵਿੱੱਚ ਹਿੱਸਾ ਲੈਣ ਆਈ ਸੀ। ਇਸ ਮੌਕੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਬਾਹੂਬਲੀ ਇੱਕ ਜਾਦੂਈ ਫਿਲਮ ਸੀ। ਮੈਨੂੰ ਨਹੀਂ ਲਗਦਾ ਕਿ ਸਾਡੇ ਵਿੱਚੋਂ ਕਿਸੇ ਨੇ ਕਦੇ ਸੋਚਿਆ ਹੋਵੇਗਾ ਕਿ ਉਹ ਫਿਲਮ ਕੀ ਕਮਾਲ ਦਿਖਾਏਗੀ। ਪਰ ਇਸ (ਫਿਲਮ) ਨੇ ਸਾਡੇ ਲਈ ਜੋ ਕੀਤਾ, ਨਾ ਸਿਰਫ਼ ਇੱਕ ਅਦਾਕਾਰਾ ਵਜੋਂ ਮੇਰੇ ਲਈ, ਸਗੋਂ ਦੇਸ਼ ਅਤੇ ਫਿਲਮ ਜਗਤ ਲਈ, ਉਹ ਨਾ ਭੁੱਲਣਯੋਗ ਤੇ ਇਤਿਹਾਸਕ ਹੈ।’’ -ਪੀਟੀਆਈ