ਸੰਸਾਰਕ ਤਾਕਤਾਂ ਦਾ ਬਦਲਦਾ ਤਵਾਜ਼ਨ!
ਗੁਰਚਰਨ ਕੌਰ ਥਿੰਦ
ਸਿਆਣਿਆਂ ਨੂੰ ਕਹਿੰਦੇ ਸੁਣਿਆ ਕਿ ਸਕਿਆਂ ਨਾਲ ਭਾਵੇਂ ਵਿਗੜ ਜਾਵੇ ਗੁਆਂਢੀਆਂ ਨਾਲ ਕਦੇ ਨਹੀਂ ਵਿਗੜਨੀ ਚਾਹੀਦੀ। ਗੁਆਂਢੀ ਤਾਂ ਸਿਰਹਾਣੇ ਦੀ ਬਾਂਹ ਹੁੰਦੇ ਹਨ ਜੋ ਔਖੀ ਘੜੀ ਸਭ ਤੋਂ ਪਹਿਲਾਂ ਅੰਗ ਸੰਗ ਖੜ੍ਹੇ ਨਜ਼ਰ ਆਉਂਦੇ ਨੇ। ਲੱਗਦਾ ਸਿਆਣਿਆਂ ਦੀਆਂ ਗੱਲਾਂ ਨਵੇਂ ਜ਼ਮਾਨੇ ਦੇ ਹਾਣ ਦੀਆਂ ਨਹੀਂ ਰਹੀਆਂ ਤਾਂ ਹੀ ਹਊ ਪਰ੍ਹੇ ਕਰ ਦਿੱਤੀਆਂ ਜਾਂਦੀਆਂ ਨੇ। ਦੂਰ ਕੀ ਜਾਣਾ ਸਦੀਆਂ ਤੋਂ ਸੁਚੱਜੇ ਗੁਆਂਢੀਆਂ ਵਾਂਗ ਰਹਿ ਰਹੇ ਅਮਰੀਕਾ, ਕੈਨੇਡਾ ਤੇ ਮੈਕਸੀਕੋ ਹੁਣ ਇੱਕ ਦੂਜੇ ’ਤੇ ਜ਼ੋਰ ਸ਼ੋਰ ਨਾਲ ਸ਼ਬਦੀ ਹਮਲੇ ਕਰ ਰਹੇ ਹਨ।
ਚਾਰ ਫਰਵਰੀ 2025 ਨੂੰ ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਾਗਡੋਰ ਸੰਭਾਲੀ। ਉਸ ਦਿਨ ਤੋਂ ਜਿਵੇਂ ਪੂਰੀ ਦੁਨੀਆ ਵਿੱਚ ਭੂਚਾਲ ਆ ਗਿਆ ਹੋਵੇ। ਡੋਨਲਡ ਟਰੰਪ ਨੇ ਚੋਣਾਂ ਹੀ ਜ਼ਬਰਦਸਤ ਸ਼ਬਦੀ ਹਮਲਿਆਂ ਨਾਲ ਜਿੱਤੀਆਂ। ਮਸਲਨ: ਅਮਰੀਕਾ ਵਿੱਚੋਂ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਨੂੰ ਬਾਹਰ ਕੱਢ ਸੁੱਟਣਾ, ਮਹਿੰਗਾਈ ਘੱਟ ਕਰਨੀ, ਅਯਾਤ-ਨਿਰਯਾਤ ’ਤੇ ਟੈਰਿਫ਼ ਲਗਾਉਣਾ ਤੇ ਖ਼ਾਸ ਤੌਰ ’ਤੇ ਗੱਦੀ ਸੰਭਾਲਦਿਆਂ ਹੀ ਇਜ਼ਰਾਈਲ ਤੇ ਹਮਾਸ ਅਤੇ ਯੂਕਰੇਨ ਤੇ ਰੂਸ ਦਰਮਿਆਨ ਹੋ ਰਹੇ ਯੁੱਧ ਨੂੰ ਰੁਕਵਾ ਦੇਣਾ। ਇਹ ਅਜਿਹੇ ਮੁੱਦੇ ਸਾਬਤ ਹੋਏ ਜਿਸ ਨੂੰ ਹਰ ਅਮਰੀਕਨ ਨੇ ਕਿਸੇ ਨਾ ਕਿਸੇ ਹੱਦ ਤੱਕ ਪ੍ਰਵਾਨਿਆ, ਸਲਾਹਿਆ ਤੇ ਫਲਸਰੂਪ ਡੋਨਲਡ ਟਰੰਪ ਨੂੰ ਭਰਵੀਂ ਜਿੱਤ ਹਾਸਲ ਕਰਵਾਈ। ਕਮਲਾ ਹੈਰਿਸ ਦੀ ਬਜਾਏ ਡੋਨਲਡ ਟਰੰਪ ਦੀ ਤੂਤੀ ਦੁਨੀਆ ਭਰ ਵਿੱਚ ਬੋਲਣ ਲੱਗੀ।
ਆਪਣੇ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਸਭ ਤੋਂ ਪਹਿਲਾਂ ਟਰੰਪ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸੋਂ ਬਾਹਰ ਕੱਢਣ ਦੇ ਹੁਕਮਾਂ ’ਤੇ ਸਹੀ ਪਾ ਕੇ ਆਪਣੇ ਵੋਟਰਾਂ ਨੂੰ ਖ਼ੁਸ਼ ਕਰ ਦਿੱਤਾ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਸੰਬੋਧਨ ਕਰ ਕੇ ਕੈਨੇਡਾ ਨੂੰ ਆਪਣਾ 51ਵਾਂ ਰਾਜ ਬਣਾ ਲੈਣ ਦਾ ਦਾਅਵਾ ਠੋਕ ਦਿੱਤਾ। ਇੱਥੇ ਹੀ ਨਹੀਂ ਗਰੀਨਲੈਂਡ ਤੇ ਪਨਾਮਾ ਨੂੰ ਆਪਣੀ ਫੌਜੀ ਤਾਕਤ ਦੇ ਜ਼ੋਰ ਨਾਲ ਜਿੱਤ ਲੈਣ ਦੀ ਗੱਲ ਵੀ ਦੁਨੀਆ ਨੂੰ ਸੁਣਾ ਦਿੱਤੀ। ਕੈਨੇਡਾ ਤੇ ਮੈਕਸਿਕੋ ਨੂੰ ਆਰਥਿਕ ਦਬਾਅ ਪਾ ਕੇ ਆਪਣੇ ਅਧੀਨ ਕਰਨ ਦੀ ਜੁਗਤ ਦਾ ਪੋਲ ਵੀ ਖੋਲ੍ਹ ਦਿੱਤਾ। ਇਹ ਤਾਂ ਹੈ ਦੁਨੀਆ ਦੇ ਅਲੰਬਰਦਾਰ ਦੇਸ਼ ਦਾ ਆਪਣੇ ਸੱਜੇ ਖੱਬੇ ਗੁਆਂਢੀਆਂ ਨਾਲ ਸਲੂਕ।
ਫਿਰ ਸ਼ੁਰੂ ਹੋਈ ਆਪਣੇ ਪੱਕੇ ਦੋਸਤ ਆਖੇ ਜਾਣ ਵਾਲ ਦੇਸ਼ਾਂ ਦੀ ਖੱਜਲ ਖੁਆਰੀ। ਜਿਨ੍ਹਾਂ ਵਿੱਚੋਂ ਟਰੰਪ ਨਾਲ ਪੱਕੀ ਯਾਰੀ ਦਾ ਦਾਅਵਾ ਭਰਨ ਵਾਲਾ ਦੇਸ਼ ਭਾਰਤ ਪਹਿਲੇ ਨੰਬਰ ’ਤੇ ਆਉਂਦਾ ਹੈ। ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਦਾ ਭਰਿਆ ਫ਼ੌਜੀ ਜਹਾਜ਼ ਭਾਰਤ ਨੂੰ ਰਵਾਨਾ ਕਰ ਦਿੱਤਾ। ਜਦੋਂ ਇਹ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਿਆ ਤਾਂ ਬੇੜੀਆਂ ਤੇ ਹੱਥਕੜੀਆਂ ਨਾਲ ਜਕੜੇ ਨੌਜੁਆਨ, ਔਰਤਾਂ ਤੇ ਬੱਚੇ ਬਾਹਰ ਨਿਕਲੇ ਤਾਂ ਵੇਖਣ ਵਾਲਿਆਂ ਦੀਆਂ ਅੱਖਾਂ ਵਹਿ ਤੁਰੀਆਂ। ਇਹ ਕੋਈ ਅਪਰਾਧੀ ਸਨ ਜੋ ਬੇੜੀਆਂ ਵਿੱਚ ਜਕੜ ਕੇ ਲਿਆਂਦੇ ਗਏ? ਇੱਥੇ ਬਸ ਨਹੀਂ ਫਿਰ ਇਸੇ ਹਾਲਤ ਵਿੱਚ ਇੱਕ ਹੋਰ ਜਹਾਜ਼ ਉਤਰਿਆ। ਤੀਜਾ ਜਹਾਜ਼ ਉਦੋਂ ਉਤਰਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜੋ ਟਰੰਪ ਨੂੰ ‘ਮਾਈ ਬੈਸਟ ਫਰੈਂਡ’ ਆਖਦੇ ਹਨ, ਉਹਦੇ ਮੁਲਕ ਵਿੱਚ ਉਹਦੇ ਨਾਲ ਮੂੰਹ ਵਿੱਚ ਦਹੀਂ ਜਮਾ ਗੱਲਬਾਤ ਕਰਕੇ ਅਜੇ ਮੁੜੇ ਹੀ ਸਨ। ਇਹ ਪੱਕੀ ਯਾਰੀ ਦਾ ਤੋਹਫ਼ਾ ਸੀ ਜੋ ਯਾਰ ਮਾਰ ਨੇ ਦਿੱਤਾ। ਹੋਰ ਮੁਲਕ ਤਾਂ ਆਪਣੇ ਬੰਦੇ ਆਪਣੇ ਜਹਾਜ਼ਾਂ ਵਿੱਚ ਬੈਠਾ ਕੇ ਵਾਪਸ ਲੈ ਗਏ, ਪਤਾ ਨਹੀਂ ਭਾਰਤ ਨੇ ਕਿਸ ਮਜਬੂਰੀ ਵੱਸ ਚੂੰ ਨਹੀਂ ਕੀਤੀ ਅਤੇ ਐਨੀ ਸ਼ਰਮਨਾਕ ਸਥਿਤੀ ਨੂੰ ਅੱਖੀਂ ਵੇਖ ਅਣਡਿੱਠ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਦਿੱਲੀ ਪਹੁੰਚਦਿਆਂ ਹੀ ਉਨ੍ਹਾਂ ਦੇ ਪਰਮ ਪੂੰਜੀਪਤੀ ਮਿੱਤਰ ਦੇ ਅਦਾਲਤੀ ਵਰੰਟ ਵੀ ਪਿੱਛੇ ਪਿੱਛੇ ਉਨ੍ਹਾਂ ਦੀ ਸਰਕਾਰ ਤੱਕ ਪੁੱਜਦੇ ਹੋ ਗਏ।
ਲਓ ਜੀ, ਫਿਰ ਵਾਰੀ ਆਉਂਦੀ ਹੈ ਟੈਰਿਫ਼ ਲਗਾਉਣ ਦੀ। ‘ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ’ ਦੇ ਕਥਨ ਅਨੁਸਾਰ ਟਰੰਪ ਸਾਹਿਬ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ। ਕੈਨੇਡਾ, ਮੈਕਸਿਕੋ, ਏਸ਼ੀਆ ਅਤੇ ਯੂਰੋਪੀਅਨ ਦੇਸ਼ਾਂ ਦੇ ਅਯਾਤ ਨਿਰਯਾਤ ’ਤੇ ਟੈਰਿਫ਼ ਲਾਉਣ ਦਾ ਸ਼ਬਦੀ ਹਮਲਾ ਸ਼ੁਰੂ ਕਰ ਇੱਕ ਪਾਸੇ ‘ਟਰੇਡ ਵਾਰ’ ਸ਼ੁਰੂ ਕਰ ਦਿੱਤੀ ਅਤੇ ਦੂਜੇ ਪਾਸੇ ਲੰਮੇ ਸਮੇਂ ਤੋਂ ਚੱਲ ਰਹੀਆਂ ਦੋ ਹਥਿਆਰਬੰਦ ਲੜਾਈਆਂ ਨੂੰ ਬੰਦ ਕਰਵਾਉਣ ਦਾ ਬੀੜਾ ਚੁੱਕ ਲਿਆ। ਇਜ਼ਰਾਈਲ ਤੇ ਫਲਸਤੀਨ ਦਰਮਿਆਨ ਯੁੱਧਬੰਦੀ ਕਰਵਾ ਕੇ ਨਾਗਰਿਕਾਂ ਦੀ ਵਾਪਸੀ ਹੋਣ ਲੱਗੀ ਤਾਂ ਗਾਜ਼ਾ ਪੱਟੀ ਵਾਲਾ ਇਲਾਕਾ ਕਾਬੂ ਕਰ ਕੇ ਉਸ ਉੱਪਰ ਹੋਟਲ, ਸੈਰਗਾਹਾਂ ਤੇ ਹੋਰ ਸ਼ਾਨਦਾਰ ਇਮਾਰਤਾਂ ਉਸਾਰਨ ਦੀ ਯੋਜਨਾਬੰਦੀ ਸ਼ੁਰੂ ਹੋ ਗਈ। ਉੱਧਰ ਰੂਸ ਨਾਲ ਯਾਰੀ ਗੰਢ ਯੂਕਰੇਨ ਨੂੰ ਧਮਕਾ ਕੇ ਉਸ ਦੇ ਅਤਿ ਕੀਮਤੀ ਖਣਿਜ ਪਦਾਰਥਾਂ ਨੂੰ ਹੜੱਪਣ ਦੀਆਂ ਤਰਕੀਬਾਂ ਸ਼ੁਰੂ ਹੋ ਗਈਆਂ।
ਇਹ ਸਾਰਾ ਕੁਝ ਚੰਦ ਕੁ ਹਫ਼ਤਿਆਂ ਵਿੱਚ ਵਾਪਰ ਗਿਆ। ਆਲਾ ਦੁਆਲਾ ਭਵੰਤਰ ਜਿਹਾ ਗਿਆ। ਇੰਜ ਲੱਗਾ ਜਿਵੇਂ ਸੰਸਾਰਕ ਤਾਕਤਾਂ ਦਾ ਤਵਾਜ਼ਨ ਵਿਗੜ ਰਿਹਾ ਹੋਵੇ। ਦਹਾਕਿਆਂ ਤੋਂ ਇੱਕ ਦੂਜੇ ਦੇ ਦੁਸ਼ਮਣ ਦੇਸ਼ਾਂ ਵਜੋਂ ਜਾਣੇ ਜਾਂਦੇ ਦੋ ਦੇਸ਼, ਵੱਖ ਵੱਖ ਵਿਚਾਰਧਾਰਾ ਵਾਲੀਆਂ ਦੋ ਤਾਕਤਾਂ ਜੋ ਹਮੇਸ਼ਾਂ ਵੱਖੋ ਵੱਖਰੇ ਪਾਲ਼ੇ ਵਿੱਚ ਖੜ੍ਹੀਆਂ ਸੰਸਾਰ ਨੂੰ ਦੋ ਹਿੱਸਿਆਂ ਵਿੱਚ ਵੰਡਦੀਆਂ ਰਹੀਆਂ ਹੋਣ, ਅਚਾਨਕ ਇੱਕ ਦੂਜੇ ਦੇ ਬਗਲਗੀਰ ਹੋ ਜਾਣ ਤਾਂ ਭੂਚਾਲ ਆਉਣ ਦੀ ਚੁਣੌਤੀ ਨਹੀਂ ਲੱਗਦੀ? ਜ਼ਰੂਰ ਲੱਗਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਪੂਤਿਨ ਨੂੰ ਜਾ ਗਲਵੱਕੜੀ ਪਾਈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਾ ਜਿਸ ਤਰ੍ਹਾਂ ਘਰ ਬੁਲਾ ਕੇ ਨਿਰਾਦਰ ਕੀਤਾ ਗਿਆ, ਭਲਾਂ ਕੀ ਇਹ ਇੱਕ ਸੋਚੀ ਸਮਝੀ ਸਕੀਮ ਨਹੀਂ ਲੱਗਦੀ? ਇਹ ਅਜੋਕੇ ਸਮੇਂ ਦੇ ਤੀਜੇ ਸੰਸਾਰ ਯੁੱਧ ਦੇ ਨਵੀਨ ਢੰਗ ਤਰੀਕੇ ਨਹੀਂ ਤਾਂ ਹੋਰ ਕੀ ਹੈ? ਦੂਜੇ ਪਾਸੇ ਵੀ ਝਾਤੀ ਮਾਰ ਲਈਏ। ਜ਼ੇਲੈਂਸਕੀ ਵ੍ਹਾਈਟ ਹਾਊਸ ਵਿੱਚੋਂ ਨਿਕਲ ਸਿੱਧਾਂ ਯੂਰੋਪੀਅਨ ਦੇਸ਼ਾਂ ਦੇ ਗਲ਼ੇ ਜਾ ਲੱਗਿਆ। ਕੈਨੇਡਾ ਨੇ ਆਪਣੇ ਵਸਤੂ ਵਪਾਰ ਲਈ ਯੂਰੋਪ ਤੇ ਏਸ਼ੀਆ ਵੱਲ ਮੂੰਹ ਮੋੜ ਲਿਆ ਹੈ। ਆਪਣਾ ਮਾਲ ਵੇਚਣਾ, ਦੂਰ ਕੀ ਨੇੜੇ ਕੀ! ਨਾਲੇ ਕੱਲ੍ਹ ਨੂੰ ਕੋਈ ਹਬੀ ਨਬੀ ਹੋ ਜਾਵੇ ਤਾਂ ਮਦਦ ਲਈ ਹਾਕ ਵੀ ਮਾਰੀ ਜਾ ਸਕਦੀ ਹੈ।
ਡੋਨਲਡ ਟਰੰਪ ਦੇ ਇਨ੍ਹਾਂ ਵਰਤਾਰਿਆਂ ਦੇ ਗੁਆਂਢ ਵਿੱਚ ਤਾਂ ਦੁਵੱਲੇ ਅਸਰ ਵਿਖਾਈ ਦੇਣ ਲੱਗੇ ਹਨ। ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਟਰੰਪ ਦੇ ਜੁਮਲੇ ਨੇ ਕੈਨੇਡਾ ਵਾਸੀਆਂ ਨੂੰ ਹੋਰ ਇੱਕਜੁੱਟ ਕਰ ਦਿੱਤਾ ਹੈ। ‘ਫਲੈਗ ਡੇ’ ਤੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਮਿਲ ਕੇ ਕੈਨੇਡਾ ਦਾ ਝੰਡਾ ਉੱਚਾ ਝੁਲਾਇਆ ਅਤੇ ਕੈਨੇਡਾ ਵਾਸੀਆਂ ਨੇ ਇਸ ਦਿਨ ਕੈਨੇਡਾ ਦੇ ਝੰਡੇ ਦਾ ਮਾਣ ਵਧਾਇਆ। ਜਦੋਂ ਸਰਹੱਦਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਟ੍ਰੈਫਿਕਿੰਗ ਦੀ ਗੱਲ ਆਈ ਤਾਂ ਕੈਨੇਡਾ ਨੇ ਆਪਣੀਆਂ ਸਰਹੱਦਾਂ ’ਤੇ ਆਪਣੀ ਨਫ਼ਰੀ ਵਧਾ ਦਿੱਤੀ ਤੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਕੈਨੇਡਾ ਤੋਂ ਕੇਵਲ ਇੱਕ ਪ੍ਰਤੀਸ਼ਤ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਹੁੰਦੀ ਹੈ। ਮਾਰਚ ਦੇ ਪਹਿਲੇ ਹਫ਼ਤੇ ਟੈਰਿਫ਼ ਦੇ ਵਾਧੇ ਦਾ ਐਲਾਨ ਹੁੰਦਿਆਂ ਹੀ ਕੈਨੇਡਾ ਵੱਲੋਂ ਰੈਸੀਪ੍ਰੋਕਲ ਟੈਰਿਫ਼ ਦੇ ਵਾਧੇ ਦਾ ਐਲਾਨ ਹੋ ਗਿਆ ਅਤੇ ਨਾਲ ਹੀ ਕੈਨੇਡਾ ਦੇ ਲਗਪਗ ਸਾਰੇ ਰਾਜ ਇੱਕਜੁੱਟ ਹੋ ਗਏ। ਅਮਰੀਕੀ ਵਸਤੂਆਂ ਨੂੰ ਸਟੋਰਾਂ ਦੀਆਂ ਸ਼ੇਲਫ਼ਾਂ ਤੋਂ ਲੋਪ ਕਰਨ ਅਤੇ ਕੈਨੇਡਾ ਦੇ ਖਾਧ-ਪਦਾਰਥ ਵਰਤਣ ਦੀਆਂ ਹਦਾਇਤਾਂ ਪ੍ਰੀਮੀਅਰਜ਼ ਵੱਲੋਂ ਜਾਰੀ ਹੋਣ ਲੱਗ ਪਈਆਂ। ਓਂਟਾਰੀਓ ਨੇ ਬਿਜਲੀ ਸਪਲਾਈ ਬੰਦ ਕਰਨ, ਬੀ.ਸੀ. ਨੇ ਅਲਾਸਕਾ ਨੂੰ ਜਾਣ ਵਾਲੀ ਸੜਕ ਤੋਂ ਲੰਘਣ ਵਾਲੇ ਅਮਰੀਕੀ ਵਾਹਨਾਂ ’ਤੇ ਟੋਲ ਤੇ ਟੈਰਿਫ਼ ਲਗਾਉਣ, ਅਲਬਰਟਾ ਨੇ ਅੰਤਰ-ਰਾਜੀ ਵਪਾਰ ਕਰਨ ਅਤੇ ਅੰਤਰ-ਰਾਜੀ ਤੇਲ ਪਾਈਪਾਂ ਵਿਛਾਉਣ ਵੱਲ ਕਦਮ ਵਧਾਉਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਗੁਆਂਢੀ ਦੇ ਖ਼ਤਰੇ ਨੇ ਘਰ ਦੇ ਜੀਆਂ ਨੂੰ ਇੱਕਮੁੱਠ ਕਰ ਦਿੱਤਾ।
ਹੋਰਨਾਂ ਦੇਸ਼ਾਂ ਦੇ ਸੰਗਠਨ ਵੀ ਹੋਰ ਮਜ਼ਬੂਤ ਹੋ ਰਹੇ ਹਨ। ਨਾਟੋ ਦੇਸ਼ ਆਪਣੇ ਫ਼ੌਜੀ ਬਜਟਾਂ ਵਿੱਚ ਵਾਧਾ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਇੱਕ ਮਜ਼ਬੂਤ ਸੰਗਠਨ ਬਣ, ਨਵੇਂ ਧਰੁਵੀਕਰਨ ਦੇ ਫਲਸਰੂਪ ਬਣੇ ਦੂਜੇ ਪਾਸੇ ਦਾ ਮੁਕਾਬਲਾ ਕਰ ਸਕਣ। ਨਿੱਤ ਕੁਝ ਨਵਾਂ ਵਾਪਰਦਾ ਵਿਖਾਈ ਦੇ ਰਿਹਾ ਹੈ। ਮੁਲਕ ਆਪੋ ਆਪਣੀ ਅਰਥਵਿਵਸਥਾ ਦਾ ਲੇਖਾ ਜੋਖਾ ਕਰ ਕੇ ਪੈਰਾਂ ਸਿਰ ਹੋਣ ਦਾ ਭਰਮ ਪਾਲ ਰਹੇ ਹਨ। ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ ਨੂੰ, ਜਿੱਥੇ ਉਪਭੋਗਤਾਵਾਂ ਦੀ ਅਥਾਹ ਗਿਣਤੀ ਹੈ, ਇਸ ਸਭ ਕਾਸੇ ਵਿੱਚੋਂ ਲਾਭ ਹੁੰਦਾ ਵਿਖਾਈ ਦਿੰਦਾ ਹੈ। ਚੀਨ ਵਰਗੇ ਬਹੁਗਿਣਤੀ ਵਸੋਂ ਅਤੇ ਮਹਿੰਗੇ ਸਸਤੇ ਹਰ ਪ੍ਰਕਾਰ ਦੇ ਬੇਅੰਤ ਉਤਪਾਦਨ ਕਰਨ ਵਾਲੇ ਦੇਸ਼ ਲਈ ਸ਼ਾਇਦ ਇਹ ਟੈਰਿਫ਼ ਕਿਹਾ ਜਾਣ ਵਾਲਾ ਭੂਤ ਉਂਜ ਹੀ ਬੇਅਸਰ ਸਾਬਤ ਹੋਵੇ।
ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵੱਧ ਟੈਰਿਫ਼ ਲਗਾ ਕੇ ਵਿਦੇਸ਼ੀ ਵਸਤੂਆਂ ਨੂੰ ਮਹਿੰਗਾ ਕਰਕੇ ਅਮਰੀਕਾ ਵਿੱਚ ਆਪਣੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਨੌਕਰੀਆਂ ਦਾ ਵਾਧਾ ਕਰਨ ਲਈ ਅਪਣਾਈ ਜਾ ਰਹੀ ਇੱਕ ਨੀਤੀ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਅੰਦਰ ਮਹਿੰਗਾਈ ਨੂੰ ਘੱਟ ਕਰਨ ਦੇ ਦਾਅਵੇ ’ਤੇ ਅਮਲ ਕਰਨ ਲਈ ਅਜਿਹਾ ਕਰ ਰਹੇ ਹਨ, ਪਰ ਹਾਲ ਦੀ ਘੜੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਤੇ ਵਧੇਗੀ ਕਿਉਂਕਿ ਦੂਸਰੇ ਦੇਸ਼ਾਂ ਵੱਲੋਂ ਲਗਾਏ ਗਏ ਰੈਸੀਪ੍ਰੋਕਲ ਟੈਰਿਫ਼ ਚੀਜ਼ਾਂ ਦੇ ਅਯਾਤ ਨਿਰਯਾਤ ਨੂੰ ਮਹਿੰਗਾ ਕਰ ਚੀਜ਼ਾਂ ਦੀ ਕੀਮਤ ਵਿੱਚ ਵਾਧਾ ਤੇ ਕਿੱਲਤ ਪੈਦਾ ਕਰਨਗੇ। ਇਸ ਤਰ੍ਹਾਂ ਮੰਦੀ ਦੇ ਅਸਾਰ ਬਣਨ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਜੋ ਦੁਨੀਆ ਭਰ ਦੀ ਆਰਥਿਕ ਸਥਿਤੀ ਨੂੰ ਡਾਵਾਂਡੋਲ ਕਰ ਸਕਦਾ ਹੈ। ਇਨ੍ਹਾਂ ਨਾਜ਼ੁਕ ਪ੍ਰਸਥਿਤੀਆਂ ਦਾ ਸੱਚ ਝੂਠ ਜਾਂ ਸਹੀ ਗ਼ਲਤ ਹੋਣਾ ਤਾਂ ਭਵਿੱਖ ਦੀ ਹਿੱਕ ਵਿੱਚ ਲੁਕਿਆ ਹੈ। ਹਾਲ ਦੀ ਘੜੀ ਤਾਂ ਡੋਨਲਡ ਟਰੰਪ ਦੇ ਭਾਸ਼ਨਾਂ ਤੇ ਉਸ ਦੇ ਮੂੰਹੋਂ ਨਿਕਲੇ ਊਲ ਜਲੂਲ ਬੋਲਾਂ ਨੇ ਨੇਤਾਵਾਂ, ਮਾਹਿਰਾਂ ਤੇ ਆਮ ਲੋਕਾਂ ਨੂੰ ਇੱਕ ਨਵੀਂ ਚਿੰਤਾ ਵਿੱਚ ਪਾਇਆ ਹੋਇਆ ਹੈ।
ਆਖਰ ਵਿੱਚ ਭਾਰਤੀ ਲੇਖਕ ਵਿਨੀਤ ਬਾਜਪਾਈ ਦੀ ਤਿੰਨ ਭਾਗਾਂ ਵਿੱਚ ਲਿਖੀ ਕਿਤਾਬ, ‘ਹੜੱਪਾ-ਕਰਸ ਆਫ ਦਿ ਬਲੱਡ ਰਿਵਰ, ਪਰਲੈ-ਦਿ ਗਰੇਟ ਡਿਲਊਜ਼ ਅਤੇ ਕਾਸ਼ੀ-ਸੀਕਰਟ ਆਫ ਬਲੈਕ ਟੈਂਪਲ’ ਦੇ ਹਵਾਲੇ ਨਾਲ ਗੱਲ ਕਰਨੀ ਬਣਦੀ ਹੈ ਜਿਸ ਵਿੱਚ ਹੜੱਪਾ ਸੱਭਿਅਤਾ ਦੇ ਵੱਸਣ ਤੇ ਉੱਜੜਨ ਨਾਲ ਸਬੰਧਤ ਦੇਵੀ ਦੇਵਤਿਆਂ ਤੋਂ ਲੈ ਕੇ ਗੰਗਾ ਕੰਢੇ ਕਾਸ਼ੀ (ਬਨਾਰਸ) ਵਿਖੇ ਸਥਿਤ ਇੱਕ ਮੰਦਰ ਤੱਕ ਦੀ ਦੇਵੀ ਦੇਵਤਿਆਂ ਤੇ ਦਾਨਵੀਂ ਤਾਕਤਾਂ ਦੀ ਆਪਸੀ ਖਹਿਬਾਜ਼ੀ ਦੀ ਲੜਾਈ ਦੀ ਗਾਥਾ ਨੂੰ ਅਜੋਕੇ ਸਮੇਂ ਦੇ ਪਾਤਰਾਂ ਨਾਲ ਜੋੜ ਕੇ ਬਿਆਨਿਆ ਗਿਆ ਹੈ। ਇਸ ਵਿੱਚ ‘ਨਿਊ ਵਰਲਡ ਆਰਡਰ’ ਦਾ ਜ਼ਿਕਰ ਆਉਂਦਾ ਹੈ ਜੋ ਕਿ ਕੁਝ ਮੁਲਕਾਂ ’ਤੇ ਰਾਜ ਕਰ ਰਹੇ ਸਾਸ਼ਕਾਂ ਤੇ ਪੂੰਜੀਪਤੀਆਂ ਦਾ ਸਮੂਹ ਹੈ ਜੋ ਪੂਰੀ ਦੁਨੀਆ ’ਤੇ ਰਾਜ ਕਰਨ ਦੀ ਹਿਰਸ ਨਾਲ ਕਈ ਸਾਜ਼ਿਸ਼ਾਂ ਰਚਦਾ ਹੈ। ਵਰਤਮਾਨ ਸਮੇਂ ਦੀਆਂ ਸੰਸਾਰਕ ਤਾਕਤਾਂ ਦਾ ਦੋ ਨਵੇਂ ਧੜਿਆਂ ਵਿੱਚ ਵੰਡਿਆ ਜਾਣਾ ਅਤੇ ਕੁਝ ਕੁ ਸਾਸ਼ਕਾਂ ਅਤੇ ਪੂੰਜੀਪਤੀਆਂ ਦਾ ਸਮੂਹ ਲੱਗਦਾ ਹੈ ‘ਨਿਊ ਵਰਲਡ ਆਰਡਰ’। ਹਾਲ ਦੀ ਘੜੀ ਇਹ ਭਾਣਾ ਵੀ ਮੰਨਣਾ ਪੈਣਾ ਹੈ। ਅਗਾਂਹ ਰੱਬ ਭਲੀ ਕਰੇ!
ਸੰਪਰਕ: 403-402-9635