ਮੈਂ ਕ੍ਰਿਸਟੋਫਰ ਦੇ ਨਿਰਦੇਸ਼ਨ ’ਚ ਕੰਮ ਕਰਨਾ ਚਾਹੁੰਦਾ ਹਾਂ: ਰਿਤਿਕ ਰੌਸ਼ਨ
ਮੁੰਬਈ: ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਬਰਤਾਨਵੀ-ਅਮਰੀਕੀ ਡਾਇਰੈਕਟਰ ਕ੍ਰਿਸਟੋਫਰ ਨੋਲਨ ਨਾਲ ਕੰਮ ਕਰਨਾ ਚਾਹੁੰਦਾ ਹੈ। ਅਦਾਕਾਰ ਨੇ ਇਹ ਖ਼ੁਲਾਸਾ ਆਪਣੇ ਫਿਲਮੀ ਸਫ਼ਰ ਦੇ 25 ਸਾਲ ਪੂਰੇ ਹੋਣ ’ਤੇ ਜਸ਼ਨ ਮਨਾਉਣ ਲਈ ਅਮਰੀਕਾ ਦੇ ਅਟਲਾਂਟਾ ’ਚ ਕਰਵਾਏ ਸਮਾਗਮ ਦੌਰਾਨ ਕੀਤਾ। ਸਮਾਗਮ ’ਚ ਕਰੀਬ 5000 ਲੋਕਾਂ ਨੇ ਸ਼ਿਰਕਤ ਕੀਤੀ। ਆਪਣੇ ਪਸੰਦੀਦਾ ਨਿਰਦੇਸ਼ਕਾਂ ਬਾਰੇ ਗੱਲਬਾਤ ਕਰਦਿਆਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਰਾਕੇਸ਼ ਰੌਸ਼ਨ ਦਾ ਜ਼ਿਕਰ ਕੀਤਾ। ਅਦਾਕਾਰ ਨੇ ਕਿਹਾ ਕਿ ਰਾਕੇਸ਼ ਰੌਸ਼ਨ ਨੇ ਉਸ ਨੂੰ ਸਾਲ 2000 ਵਿੱਚ ਫਿਲਮ ‘ਕਹੋ ਨਾ ਪਿਆਰ ਹੈ’ ਰਾਹੀਂ ਲਾਂਚ ਕੀਤਾ ਸੀ। ਅਦਾਕਾਰ ਨੇ ਕਿਹਾ ਕਿ ਉਸ ਦਾ ਆਪਣੇ ਪਿਤਾ ਨਾਲ ਕੰਮ ਕਰਨਾ ਇੱਕ ਸੁਫ਼ਨਾ ਸੀ ਜੋ ਉਸ ਦੇ ਕਰੀਅਰ ਦੇ ਸ਼ੁਰੂ ਵਿੱਚ ਹੀ ਸੱਚ ਹੋ ਗਿਆ ਸੀ। ਇਸ ਮਗਰੋਂ ਉਸ ਨੇ ਕਿਹਾ ਕਿ ਉਹ ਨੋਲਨ ਦੇ ਕੰਮ ਨੂੰ ਕਾਫ਼ੀ ਪਸੰਦ ਕਰਦਾ ਹੈ। ਉਹ ਉਸ ਦੇ ਪਸੰਦੀਦਾ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਰਿਤਿਕ ਨੇ ਆਸ ਜ਼ਾਹਰ ਕੀਤੀ ਕਿ ਉਹ ਇੱਕ ਦਿਨ ਨੋਲਨ ਦੇ ਨਿਰਦੇਸ਼ਨ ਹੇਠ ਕੰਮ ਕਰੇਗਾ। ਦੂਜੇ ਪਾਸੇ, ਰਿਤਿਕ ਅਗਲੀ ਫਿਲਮ ‘ਕ੍ਰਿਸ਼ 4’ ਰਾਹੀਂ ਆਪਣੇ ਨਿਰਦੇਸ਼ਨ ਦੇ ਸਫ਼ਰ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਸਬੰਧੀ ਅਦਾਕਾਰ ਦੇ ਪਿਤਾ ਰਾਕੇਸ਼ ਰੌਸ਼ਨ ਨੇ ਮਾਰਚ ਮਹੀਨੇ ਦੇ ਸ਼ੁਰੂ ਵਿੱਚ ਖ਼ੁਲਾਸਾ ਕੀਤਾ ਸੀ। ਇਹ ਫਿਲਮ ਇਸ ਸਾਲ 14 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ