ਸੋਨੂ ਸੂਦ ਵੱਲੋਂ ਲੋਕਾਂ ਨੂੰ ਸੀਟ ਬੈਲਟ ਲਾਉਣ ਦੀ ਅਪੀਲ
ਮੁੰਬਈ:
ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਆਪਣੀ ਪਤਨੀ ਸੋਨਾਲੀ ਦੇ ਪਿਛਲੇ ਦਿਨੀਂ ਹੋਏ ਸੜਕ ਹਾਦਸੇ ਨੂੰ ਯਾਦ ਕਰਦਿਆਂ ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲੀਆਂ ਸਵਾਰੀਆਂ ਨੂੰ ਅਹਿਮ ਸੁਨੇਹਾ ਦਿੱਤਾ ਹੈ। ਉਸ ਨੇ ਇਨ੍ਹਾਂ ਸਵਾਰੀਆਂ ਲਈ ਸੀਟ ਬੈਲਟ ਨੂੰ ਮਹੱਤਵਪੂਰਨ ਦੱਸਿਆ ਹੈ। ਨਾਗਪੁਰ ’ਚ ਸੜਕ ਹਾਦਸੇ ਬਾਰੇ ‘ਫ਼ਤਹਿ’ ਦੇ ਅਦਾਕਾਰ ਨੇ ਕਿਹਾ ਕਿ ਸੀਟ ਬੈਲਟ ਲਾਈ ਹੋਣ ਸਦਕਾ ਉਸ ਦੀ ਪਤਨੀ ਸਣੇ ਦੋ ਹੋਰ ਮੈਂਬਰਾਂ ਦਾ ਬਚਾਅ ਹੋ ਗਿਆ। ਉਸ ਨੇ ਕਿਹਾ, ‘‘ਮੇਰੇ ਵੱਲੋਂ ਇਹ ਬਹੁਤ ਅਹਿਮ ਸੁਨੇਹਾ ਹੈ। ਪਿਛਲੇ ਦਿਨੀਂ ਨਾਗਪੁਰ ਵਿੱਚ ਮੇਰੇ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਕਾਰ ਵਿੱਚ ਮੇਰੀ ਪਤਨੀ, ਉਸ ਦੀ ਭੈਣ ਸੁਨੀਤਾ ਅਤੇ ਭਤੀਜਾ ਸਨ। ਹਾਦਸੇ ਮਗਰੋਂ ਕਾਰ ਦੀ ਹਾਲਤ ਸਾਰੇ ਲੋਕਾਂ ਨੇ ਦੇਖੀ ਸੀ। ਇਸ ਦੌਰਾਨ ਜੇ ਮੇਰੇ ਪਰਿਵਾਰ ਦਾ ਬਚਾਅ ਹੋਇਆ ਤਾਂ ਉਹ ਸਿਰਫ਼ ਸੀਟ ਬੈਲਟ ਕਰ ਕੇ ਹੀ ਹੋਇਆ ਹੈ।’’ ਉਸ ਨੇ ਕਿਹਾ ਕਿ ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲੇ ਵਿਅਕਤੀ ਅਕਸਰ ਸੀਟ ਬੈਲਟ ਨਹੀਂ ਲਾਉਂਦੇ। ਉਸ ਨੇ ਹਾਦਸੇ ਵਾਲੇ ਦਿਨ ਦੀ ਗੱਲ ਕਰਦਿਆਂ ਕਿਹਾ ਕਿ ਹਾਦਸੇ ਦੇ ਕੁਝ ਪਲ ਪਹਿਲਾਂ ਹੀ ਸੋਨਾਲੀ ਨੇ ਸੁਨੀਤਾ ਨੂੰ ਸੀਟ ਬੈਲਟ ਲਾਉਣ ਲਈ ਕਿਹਾ ਸੀ ਜਿਸ ਨਾਲ ਉਨ੍ਹਾਂ ਦਾ ਬਚਾਅ ਹੋ ਗਿਆ। ਅਦਾਕਾਰ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਉਹ ਸੀਟ ਬੈਲਟ ਦੀ ਵਰਤੋਂ ਲਾਜ਼ਮੀ ਤੌਰ ’ਤੇ ਕਰਨ। ਉਸ ਨੇ ਕਿਹਾ ਕਿ ਆਮ ਤੌਰ ’ਤੇ ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲੇ 100 ਵਿਚੋਂ 99 ਲੋਕ ਸੀਟ ਬੈਲਟ ਨਹੀਂ ਲਾਉਂਦੇ ਜੋ ਖ਼ਤਰਨਾਕ ਹੈ। -ਏਐੱਨਆਈ