ਆਬਾਦੀ ਮੁਤਾਬਕ ਭਾਰਤ ’ਚ ਸਿਨੇਮਾਘਰਾਂ ਦੀ ਗਿਣਤੀ ਘੱਟ: ਆਮਿਰ ਖ਼ਾਨ
ਮੁੰਬਈ: ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਡਬਲਿਯੂਏਵੀਈਐੱਸ) ਦੇ ਦੂਜੇ ਦਿਨ ਬੌਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਨੇ ਪੈਨਲ ਚਰਚਾ ’ਚ ਹਿੱਸਾ ਲਿਆ। ਇਸ ਦਾ ਵਿਸ਼ਾ ‘ਸਟੂਡੀਓਜ਼ ਆਫ ਦਿ ਫਿਊਚਰ: ਪੁਟਿੰਗ ਇੰਡੀਆ ਆਨ ਵਰਲਡ ਸਟੂਡੀਓਜ਼ ਮੈਪ’ ਸੀ। ਇਸ ਦੌਰਾਨ ਆਮਿਰ ਖ਼ਾਨ ਨੇ ਮੁਲਕ ਵਿੱਚ ਸਿਨੇਮਾਘਰਾਂ ਦੀ ਕਮੀ ’ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਬਾਦੀ ਦੇ ਹਿਸਾਬ ਨਾਲ ਸਿਨੇਮਾ ਘਰਾਂ ਦੀ ਗਿਣਤੀ ਬਹੁਤ ਘੱਟ ਹੈ। ਅਦਾਕਾਰ ਨੇ ਭਾਰਤ ਵਿੱਚ ਸਿਨੇਮਾ ਘਰਾਂ ਦੀ ਗਿਣਤੀ ਦੀ ਤੁਲਨਾ ਅਮਰੀਕਾ ਤੇ ਚੀਨ ਵਿਚਲੀ ਗਿਣਤੀ ਨਾਲ ਕੀਤੀ। ਇਸ ਮੌਕੇ ਅਦਾਕਾਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਸਾਡੇ ਮੁਲਕ ਦੇ ਖੇਤਰਫਲ ਦੇ ਹਿਸਾਬ ਨਾਲ ਸਿਨੇਮਾ ਘਰਾਂ ਦੀ ਗਿਣਤੀ ਬਹੁਤ ਘੱਟ ਹੈ ਜਦੋਂਕਿ ਇੱਥੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਨੇਮਾ ਘਰਾਂ ਦੀ ਗਿਣਤੀ ਕਰੀਬ 10 ਹਜ਼ਾਰ ਹੈ। ਦੂਜੇ ਪਾਸੇ, ਅਮਰੀਕਾ ਵਿੱਚ ਆਬਾਦੀ ਸਾਡੇ ਮੁਲਕ ਤੋਂ ਤੀਜਾ ਹਿੱਸਾ ਹੀ ਹੈ ਪਰ ਉੱਥੇ ਸਿਨੇਮਾ ਘਰਾਂ ਦੀ ਗਿਣਤੀ 40 ਹਜ਼ਾਰ ਹੈ। ਇਸੇ ਤਰ੍ਹਾਂ ਚੀਨ ਵਿੱਚ ਇਹ ਗਿਣਤੀ 90 ਹਜ਼ਾਰ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚਲੇ 10 ਹਜ਼ਾਰ ਸਿਨੇਮਾ ਘਰਾਂ ਵਿੱਚੋਂ ਅੱਧੀ ਗਿਣਤੀ ਇਕੱਲੇ ਦੱਖਣੀ ਭਾਰਤ ਵਿੱਚ ਹੈ ਜਦੋਂਕਿ ਬਾਕੀ ਸਾਰੇ ਮੁਲਕ ਵਿੱਚ ਸਿਨੇਮਾ ਘਰਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੈ। ਇਸ ਦੇ ਹਿਸਾਬ ਨਾਲ ਹਿੰਦੀ ਫਿਲਮ ਲਈ ਵੱਧ ਤੋਂ ਵੱਧ ਪੰਜ ਹਜ਼ਾਰ ਸਕਰੀਨ ਹੀ ਹੁੰਦੀ ਹੈ। ਅਦਾਕਾਰ ਨੇ ਖ਼ੁਲਾਸਾ ਕੀਤਾ ਕਿ ਭਾਰਤ ਦੀਆਂ ਹਿੱਟ ਫਿਲਮਾਂ ਨੂੰ ਦੇਖਣ ਲਈ ਮੁਲਕ ਦੀ ਆਬਾਦੀ ਦਾ ਕੁੱਲ ਦੋ ਫ਼ੀਸਦੀ ਹਿੱਸਾ ਹੀ ਸਿਨੇਮਾ ਘਰਾਂ ਵਿੱਚ ਆਉਂਦਾ ਹੈ। ਇਸ ਇਕੱਤਰਤਾ ਵਿੱਚ 90 ਮੁਲਕਾਂ ਦੇ 10,000 ਡੈਲੀਗੇਟਸ, 1000 ਨਿਰਮਾਤਾ, 300 ਤੋਂ ਵੱਧ ਕੰਪਨੀਆਂ ਨੇ ਸ਼ਮੂਲੀਅਤ ਕੀਤੀ। -ਏਐੱਨਆਈ