ਪੀ.ਏ.ਯੂ ਅਤੇ ਪੰਜਾਬ ਦੀ ਖੇਤੀ ਦੀਆਂ ਚੁਣੌਤੀਆਂ
ਡਾ. ਰਣਜੀਤ ਸਿੰਘ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਦੋਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਅਗਾਂਹਵਧੂ ਸੋਚ ਸਦਕਾ 1962 ਵਿੱਚ ਬਣੀ ਸੀ। ਇਸ ਦਾ ਰਸਮੀ ਉਦਘਾਟਨ 8 ਜੁਲਾਈ 1963 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਨਾਲ ਨਹਿਰੂ ਨੇ ਕੀਤਾ ਸੀ। ਦੇਸ਼ ਦੀ ਪਹਿਲੀ ਖੇਤੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਵਿੱਚ ਪੰਤ ਨਗਰ ਬਣੀ ਸੀ। ਕੈਰੋਂ ਸਾਹਿਬ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਅਜਿਹੀ ਯੂਨੀਵਰਸਿਟੀ ਪੰਜਾਬ ਵਿੱਚ ਬਣਾਉਣ ਦੇ ਯਤਨ ਕੀਤੇ। ਡਾ. ਮਹਿੰਦਰ ਸਿੰਘ ਰੰਧਾਵਾ ਉਦੋਂ ਕੇਂਦਰ ਵਿੱਚ ਖੇਤੀਬਾੜੀ ਮੰਤਰਾਲੇ ਵਿੱਚ ਉੱਚ ਅਹੁਦੇ ’ਤੇ ਸਨ। ਉਨ੍ਹਾਂ ਦੇ ਸਹਿਯੋਗ ਨਾਲ ਪੀ.ਏ.ਯੂ. ਦੇਸ਼ ਦੀ ਦੂਜੀ ਖੇਤੀਬਾੜੀ ਯੂਨੀਵਰਸਿਟੀ ਬਣੀ। ਹੁਣ ਦੇਸ਼ ਵਿੱਚ 75 ਯੂਨੀਵਰਸਿਟੀਆਂ ਹਨ ਜਦੋਂ ਕਿ ਖੇਤੀ ਕਾਲਜਾਂ ਦੀ ਗਿਣਤੀ ਹਜ਼ਾਰਾਂ ਨੂੰ ਟੱਪ ਚੁੱਕੀ ਹੈ। ਪੀ.ਐੱਨ. ਥਾਪਰ ਨੂੰ ਇਸ ਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ। ਉਹ ਆਈਸੀਐੱਸ ਅਫ਼ਸਰ ਸਨ।
ਸਰਦਾਰ ਦਰਬਾਰਾ ਸਿੰਘ ਉਦੋਂ ਪੰਜਾਬ ਦੇ ਖੇਤੀ ਮੰਤਰੀ ਸਨ। ਉਨ੍ਹਾਂ ਇੱਕ ਸ਼ਹਿਰੀ ਬੰਦੇ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਸਮੇਂ ਕੁਝ ਸ਼ੰਕੇ ਜ਼ਾਹਿਰ ਕੀਤੇ, ਪਰ ਜਦੋਂ ਉਨ੍ਹਾਂ ਨੇ ਥਾਪਰ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਇਨ੍ਹਾਂ ਤੋਂ ਵਧੀਆ ਬੰਦਾ ਸਾਨੂੰ ਕੋਈ ਹੋਰ ਮਿਲ ਹੀ ਨਹੀਂ ਸਕਦਾ। ਉਨ੍ਹਾਂ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਉਪਕੁਲਪਤੀ ਬਣੇ। ਉਹ ਵੀ ਆਈਸੀਐੱਸ ਅਫ਼ਸਰ ਸਨ। ਜਦੋਂ ਉਹ ਮੁੜ ਵਸਾਊ ਮਹਿਕਮੇ ਦੇ ਡਾਇਰੈਕਟਰ ਜਨਰਲ ਸਨ ਤਾਂ ਉਨ੍ਹਾਂ ਨੇ ਹੀ ਲੁਧਿਆਣੇ ਵਿਖੇ ਖੇਤੀਬਾੜੀ ਕਾਲਜ ਲਈ 600 ਏਕੜ ਜ਼ਮੀਨ ਦਿੱਤੀ ਸੀ। ਕਾਲਜ ਦੀ ਖੁੱਲ੍ਹ ਕੇ ਵਿੱਤੀ ਸਹਾਇਤਾ ਥਾਪਰ ਸਾਹਿਬ ਵੱਲੋਂ ਮਿਲੀ ਕਿਉਂਕਿ ਉਦੋਂ ਉਹ ਪੰਜਾਬ ਦੇ ਵਿੱਤ ਸਕੱਤਰ ਸਨ। ਕਾਲਜ ਦੀ ਉਸਾਰੀ ਵਿੱਚ ਵੰਡ ਪਿੱਛੋਂ ਪੰਜਾਬ ਦੇ ਪਹਿਲੇ ਖੇਤੀਬਾੜੀ ਡਾਇਰੈਕਟਰ ਲਾਲ ਸਿੰਘ ਦੀ ਅਹਿਮ ਭੂਮਿਕਾ ਸੀ। ਡਾ. ਥਾਪਰ ਅਤੇ ਡਾ. ਰੰਧਾਵਾ ਨੇ ਇਸ ਯੂਨੀਵਰਸਿਟੀ ਦੀ ਇਸ ਢੰਗ ਨਾਲ ਉਸਾਰੀ ਕਰਵਾਈ ਕਿ ਇਹ ਮੁੱਢ ਤੋਂ ਹੀ ਸਾਰੇ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਬਣੀ ਰਹੀ ਹੈ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਦਾ ਸ਼ੁਮਾਰ ਸੰਸਾਰ ਦੀਆਂ ਵਧੀਆ ਖੇਤੀ ਯੂਨੀਵਰਸਿਟੀਆਂ ਵਿੱਚ ਹੁੰਦਾ ਹੈ। ਪੰਜਾਬ ਵਿੱਚ ਹਰੇ ਇਨਕਲਾਬ ਨੂੰ ਰਚਣ ਅਤੇ ਦੇਸ਼ ਵਿੱਚੋਂ ਭੁੱਖਮਰੀ ਨੂੰ ਦੂਰ ਕਰਨ ਵਿੱਚ ਇਸ ਸੰਸਥਾ ਦੀ ਅਹਿਮ ਭੂਮਿਕਾ ਹੈ। ਸਾਰੇ ਸੂਬੇ ਦੀ ਖੇਤੀ ਖੋਜ ਸਬੰਧੀ ਜ਼ਿੰਮੇਵਾਰੀ ਇਸੇ ਸੰਸਥਾ ਦੀ ਹੈ। ਪੰਜਾਬ ਦੇ ਕਿਸਾਨਾਂ ਨਾਲ ਇਸ ਦੇ ਬਹੁਤ ਹੀ ਨੇੜਲੇ ਅਤੇ ਨਿੱਘੇ ਸਬੰਧ ਹਨ। ਹਰ ਸਾਲਾਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇੱਥੇ ਨਵੇਂ ਗਿਆਨ ਦੀ ਭਾਲ ਵਿੱਚ ਆਉਂਦੇ ਹਨ। ਦੇਸ਼ ਵਿੱਚ ਤਾਂ ਕੀ ਸੰਸਾਰ ਵਿੱਚ ਹੋਰ ਕੋਈ ਵੀ ਵਿਦਿਅਕ ਸੰਸਥਾ ਅਜਿਹੀ ਨਹੀਂ ਹੈ ਜਿਸ ਨੂੰ ਵੇਖਣ ਅਤੇ ਨਵਾਂ ਗਿਆਨ ਪ੍ਰਾਪਤ ਕਰਨ ਇੰਨੀ ਗਿਣਤੀ ਵਿੱਚ ਕਿਸਾਨ ਆਉਂਦੇ ਹੋਣ। ਇੱਥੇ ਕਿਸਾਨ ਮੇਲੇ ਦਾ ਆਰੰਭ 1967 ਵਿੱਚ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮੇਲਾ ਨਿਰਵਿਘਨ ਲੱਗਦਾ ਆ ਰਿਹਾ ਹੈ। ਦੋ ਦਿਨ ਦੇ ਮੇਲੇ ਵਿੱਚ ਦੋ ਲੱਖ ਦੇ ਕਰੀਬ ਕਿਸਾਨ ਇੱਥੇ ਹਾਜ਼ਰੀ ਭਰਦੇ ਹਨ। ਇਸ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ 100 ਕਰੋੜ ਦੀ ਵਿਸ਼ੇਸ਼ ਰਾਸ਼ੀ ਦਿੱਤੀ ਸੀ।
ਯੂਨੀਵਰਸਿਟੀ ਨੂੰ ਬਣਿਆ 62 ਸਾਲ ਹੋ ਗਏ ਹਨ। ਪੰਜਾਬ ਦੀ ਖੇਤੀ ਇਸ ਸਮੇਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਿਛਲੇ ਪੰਜਾਹ ਸਾਲ ਤੋਂ ਪੰਜਾਬ ਵਿੱਚ ਇੱਕੋ ਫ਼ਸਲ ਚੱਕਰ ਕਣਕ-ਝੋਨਾ ਹੀ ਪ੍ਰਮੁੱਖ ਹੈ। ਸਮੇਂ ਦੇ ਬੀਤਣ ਨਾਲ ਪਰਿਵਾਰਕ ਵੰਡੀਆਂ ਪੈਣ ਨਾਲ ਮਾਲਕੀ ਧਰਤੀ ਘਟ ਰਹੀ ਹੈ। ਇਸ ਫ਼ਸਲ ਚੱਕਰ ਵਿੱਚੋਂ ਹਰੇਕ ਵਰ੍ਹੇ ਸ਼ੁੱਧ ਲਾਭ ਘਟ ਰਿਹਾ ਹੈ। ਜਿਸ ਦਰ ਨਾਲ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ, ਉਸੇ ਦਰ ਨਾਲ ਕਣਕ-ਝੋਨੇ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ। ਪੰਜਾਬ ਦੀ ਖੇਤੀ ਦਾ ਪੂਰਾ ਮਸ਼ੀਨੀਕਰਨ ਹੋ ਚੁੱਕਿਆ ਹੈ ਜਿਸ ਕਾਰਨ ਇਸ ਫ਼ਸਲ ਚੱਕਰ ਵਿੱਚ ਕਿਸਾਨ ਬਹੁਤ ਸਮਾਂ ਵਿਹਲਾ ਹੀ ਰਹਿੰਦਾ ਹੈ। ਉਸ ਦੇ ਰੁਝੇਵਿਆਂ ਅਤੇ ਆਮਦਨ ਦੇ ਵਾਧੇ ਲਈ ਇਸ ਫ਼ਸਲ ਚੱਕਰ ਵਿੱਚੋਂ ਕੁਝ ਧਰਤੀ ਕੱਢ ਕੇ ਸਬਜ਼ੀਆਂ, ਚਾਰੇ ਤੇ ਹੋਰ ਰੋਕੜੀ ਫ਼ਸਲਾਂ ਹੇਠ ਲਿਜਾਣ ਦੀ ਲੋੜ ਹੈ। ਪੰਜਾਬ ਦੀ ਸਾਰੀ ਧਰਤੀ ਸੇਂਜੂ ਹੈ ਅਤੇ ਸਾਰੇ ਛੇ ਦੇ ਛੇ ਮੌਸਮ ਇੱਥੇ ਆਉਂਦੇ ਹਨ, ਇਸ ਕਰਕੇ ਮਿੱਸੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਵਧ ਰਹੀ ਆਬਾਦੀ ਅਤੇ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਕਮੀ ਆ ਰਹੀ ਹੈ। ਆਲਮੀ ਤਪਸ਼ ਦੇ ਵਾਧੇ ਨਾਲ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਜਿਸ ਦਾ ਪ੍ਰਤੱਖ ਅਸਰ ਫ਼ਸਲਾਂ ਦੇ ਘਟ ਰਹੇ ਝਾੜ ਤੋਂ ਵੇਖਿਆ ਜਾ ਸਕਦਾ ਹੈ। ਮਸ਼ੀਨੀ ਖੇਤੀ ਹੋਣ ਨਾਲ ਸੂਬੇ ਵਿੱਚ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ ਜਿਸ ਕਾਰਨ ਰੂੜੀ ਦੀ ਘਾਟ ਹੈ। ਕਿਸਾਨਾਂ ਨੂੰ ਰਸਾਇਣਾਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ। ਇਸ ਨਾਲ ਖ਼ਰਚੇ ਵਿੱਚ ਵਾਧਾ ਹੁੰਦਾ ਹੈ ਤੇ ਕਈ ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਿਸਾਨ ਕਣਕ ਝੋਨੇ ਤੋਂ ਮੁੱਖ ਇਸ ਲਈ ਨਹੀਂ ਮੋੜਦਾ ਕਿ ਸਰਕਾਰ ਵੱਲੋਂ ਮਿੱਥੇ ਘੱਟੋ ਘੱਟ ਸਮਰਥਨ ਮੁੱਲ ਉੱਤੇ ਇਸ ਦੀ ਖ਼ਰੀਦ ਕਰ ਲਈ ਜਾਂਦੀ ਹੈ ਅਤੇ ਰਕਮ ਦੀ ਅਦਾਇਗੀ ਵੀ ਸਮੇਂ ਸਿਰ ਹੋ ਜਾਂਦੀ ਹੈ। ਦੂਜੀਆਂ ਫ਼ਸਲਾਂ ਵਿੱਚ ਖ਼ਤਰਾ ਬਹੁਤ ਹੈ। ਇਸ ਵਾਰ ਆਲੂ ਦਾ ਭਾਅ ਠੀਕ ਰਿਹਾ। ਕਿਸਾਨਾਂ ਦਾ ਘਰ ਪੂਰਾ ਹੋ ਗਿਆ, ਪਰ ਗੋਭੀ ਦਾ ਭਾਅ ਡਿੱਗ ਪਿਆ ਅਤੇ ਕਿਸਾਨ ਘਾਟੇ ਵਿੱਚ ਚਲਾ ਗਿਆ। ਕਿਸਾਨਾਂ ਨੇ ਵਣ ਖੇਤੀ ਸ਼ੁਰੂ ਕੀਤੀ ਸੀ, ਪਰ ਘਾਟਾ ਪਿਆ। ਇਹੋ ਹਾਲ ਫ਼ਲ, ਸਬਜ਼ੀਆਂ, ਸੂਰਜਮੁਖੀ, ਮੈਂਥਾ ਆਦਿ ਦਾ ਹੋਇਆ। ਪਿਛਲੇ ਤੀਹ ਸਾਲਾਂ ਤੋਂ ਪੰਜਾਬ ਦੀਆਂ ਸਰਕਾਰਾਂ ਖੇਤੀ ਸੁਧਾਰ ਲਈ ਮਾਹਿਰਾਂ ਤੋਂ ਖੇਤੀ ਨੀਤੀ ਬਣਵਾ ਰਹੀਆਂ ਹਨ, ਪਰ ਕਿਸੇ ਸਰਕਾਰ ਵੱਲੋਂ ਵੀ ਇਨ੍ਹਾਂ ਉੱਤੇ ਅਮਲ ਨਹੀਂ ਕੀਤਾ ਗਿਆ।
ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਗੇ ਵੱਡੀ ਚੁਣੌਤੀ ਹੈ ਕਿ ਪੰਜਾਬ ਦੀ ਖੇਤੀ ਦੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਆਪਣੀ ਖੋਜ ਅਤੇ ਪੜ੍ਹਾਈ ਨੂੰ ਨਵਾਂ ਮੋੜ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਖੇਤੀ ਨੂੰ ਮੁੜ ਪੈਰਾਂ ਭਾਰ ਖੜ੍ਹਾ ਕੀਤਾ ਜਾ ਸਕੇ। ਪੰਜਾਬ ਦਾ ਵਿਕਾਸ ਖੇਤੀ ਵਿਕਾਸ ਉੱਤੇ ਹੀ ਨਿਰਭਰ ਕਰਦਾ ਹੈ। ਪਿਛਲੇ ਕਈ ਵਰ੍ਹਿਆਂ ਤੋਂ ਵਿਕਾਸ ਵਿੱਚ ਆਈ ਖੜੋਤ ਨੂੰ ਤੋੜਨ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪਿਛਲੇ ਦਿਨੀਂ ਪੀ.ਏ.ਯੂ. ਦੇ ਉਪਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨਾਲ ਇਨ੍ਹਾਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਡਾ. ਗੋਸਲ ਆਪ ਸੰਸਾਰ ਪ੍ਰਸਿੱਧ ਬਾਇਓਟੈਕਨੋਲੋਜਿਸਟ ਹਨ। ਉਨ੍ਹਾਂ ਦਾ ਬਹੁਤਾ ਸਮਾਂ ਇਸੇ ਯੂਨੀਵਰਸਿਟੀ ਵਿੱਚ ਬੀਤਿਆ ਹੈ। ਇਸ ਯੂਨੀਵਰਸਿਟੀ ਦਾ ਭਾਵੇਂ ਖ਼ਰਚਾ ਪੰਜਾਬ ਸਰਕਾਰ ਦਿੰਦੀ ਹੈ, ਪਰ ਖੋਜ ਲਈ ਉਹ ਭਾਰਤ ਸਰਕਾਰ ਅਤੇ ਹੋਰ ਅਦਾਰਿਆਂ ਤੋਂ ਕੋਈ 100 ਕਰੋੜ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਖੇਤੀ ਵਿਕਾਸ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ। ਉਹ ਯੂਨੀਵਰਸਿਟੀ ਦਾ ਕੰਮ ਵੇਖਣ ਕਈ ਵਾਰ ਇੱਥੇ ਆਏ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਵਧੀਆ ਬਣਾਉਣ ਲਈ 40 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਹੈ। ਇਸ ਵਿੱਚੋਂ 11 ਕਰੋੜ ਕੇਵਲ ਲਾਇਬ੍ਰੇਰੀ ਨੂੰ ਹੋਰ ਆਧੁਨਿਕ ਬਣਾਉਣ ਉੱਤੇ ਖ਼ਰਚ ਕੀਤੇ ਜਾ ਰਹੇ ਹਨ। ਲਾਇਬ੍ਰੇਰੀ ਨੂੰ ਵਿਸ਼ਵ ਪੱਧਰ ਦੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਸਾਡੇ ਵਿਗਿਆਨੀ ਅਤੇ ਵਿਦਿਆਰਥੀ ਸੰਸਾਰ ਵਿੱਚ ਹੋ ਰਹੀ ਖੋਜ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਯੂਨੀਵਰਸਿਟੀ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰ ਰਹੀ ਹੈ ਜਿਨ੍ਹਾਂ ਦਾ ਪੱਕਣ ਸਮਾਂ ਅਤੇ ਪਾਣੀ ਦੀ ਲੋੜ ਘੱਟ ਹੋਵੇ। ਕਾਸ਼ਤ ਦੀਆਂ ਅਜਿਹੀਆਂ ਵਿਧੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਕੁਝ ਅਜਿਹੇ ਫ਼ਸਲ ਚੱਕਰ ਵਿਕਸਤ ਕੀਤੇ ਗਏ ਹਨ ਜਿਨ੍ਹਾਂ ਨਾਲ ਕਣਕ, ਝੋਨੇ ਨਾਲੋਂ ਵੱਧ ਆਮਦਨ ਹੁੰਦੀ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਅਤੇ ਉਨ੍ਹਾਂ ਦੇ ਰੁਝੇਵਿਆਂ ਵਿੱਚ ਵੀ ਵਾਧਾ ਹੁੰਦਾ ਹੈ। ਮੌਸਮੀ ਤਬਦੀਲੀਆਂ ਦਾ ਮੁਕਾਬਲਾ ਕਰਨ ਲਈ ਖੋਜ ਨੂੰ ਮਜ਼ਬੂਤ ਕੀਤਾ ਗਿਆ ਹੈ। ਬਾਇਓਟੈਕਨੋਲੋਜੀ ਸਕੂਲ ਅਤੇ ਡਾ. ਖ਼ੁਸ਼ ਕੇਂਦਰ ਨੂੰ ਆਧੁਨਿਕ ਬਣਾਇਆ ਗਿਆ ਹੈ ਤਾਂ ਜੋ ਨਵੀਆਂ ਕਿਸਮਾਂ ਦੀ ਤਿਆਰੀ ਦੀ ਰਫ਼ਤਾਰ ਤੇਜ਼ ਕੀਤੀ ਜਾ ਸਕੇ। ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਕਰਨ ਵਿੱਚ ਯੂਨੀਵਰਸਿਟੀ ਦੇ ਯਤਨ ਸਫਲ ਹੋਏ ਹਨ।
ਯੂਨੀਵਰਸਿਟੀ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਵਿਕਸਤ ਕਰ ਰਹੀ ਹੈ ਜਿਨ੍ਹਾਂ ਵਿੱਚ ਕੀੜੇ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ। ਇੰਝ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਘੱਟ ਜਾਵੇਗੀ, ਇਸੇ ਤਰ੍ਹਾਂ ਬਹੁਤੀਆਂ ਫ਼ਸਲਾਂ ਲਈ ਬਾਇਓ ਖਾਦਾਂ ਵੀ ਤਿਆਰ ਕਰ ਲਈਆਂ ਹਨ। ਫ਼ਸਲਾਂ ਦੀ ਰਹਿੰਦ ਨੂੰ ਖੇਤ ਵਿੱਚ ਵਾਹ ਕੇ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਹੀ ਵਾਧਾ ਨਹੀਂ ਹੁੰਦਾ ਸਗੋਂ ਅੱਗ ਲਗਾਉਣ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਫ਼ਸਲਾਂ ਦੇ ਨਾਲੋ ਨਾਲ ਸਬਜ਼ੀਆਂ ਦੀਆਂ ਦੋਗਲੀਆਂ ਕਿਸਮਾਂ ਵਿਕਸਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਉਪਜ ਵਿੱਚ ਵਾਧਾ ਹੋ ਸਕੇ। ਪਿਆਜ਼, ਮਿਰਚਾਂ, ਟਮਾਟਰ, ਬੈਂਗਣ, ਖੀਰਾ, ਖਰਬੂਜ਼ੇ ਦੀਆਂ ਵੱਧ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਵਿਕਸਤ ਹੋ ਗਈਆਂ ਹਨ। ਦਾਲਾਂ ਅਤੇ ਤੇਲਬੀਜਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਮਾਂਹ, ਮੂੰਗੀ, ਛੋਲੇ, ਮਸਰ ਅਤੇ ਮਟਰਾਂ ਦੀਆਂ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਤੇਲਬੀਜਾਂ ਵਿੱਚ ਗੋਭੀ, ਸਰ੍ਹੋਂ, ਸੂਰਜਮੁਖੀ ਅਤੇ ਮੂੰਗਫਲੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵੀ ਤਿਆਰ ਹੋ ਗਈਆਂ ਹਨ। ਖੁਰਦਰੇ ਅਨਾਜਾਂ ਵਿੱਚ ਚੀਨਾ ਅਤੇ ਚਰ੍ਹੀ ਦੀਆਂ ਕਿਸਮਾਂ ਆ ਗਈਆਂ ਹਨ। ਚਾਰੇ ਦੀ ਉਪਜ ਵਿੱਚ ਵਾਧੇ ਲਈ ਜਵੀਂ, ਰਾਈ ਘਾਟ ਅਤੇ ਬਰਸੀਮ ਦੀਆਂ ਕਿਸਮਾਂ ਵਿਕਸਤ ਹੋ ਗਈਆਂ ਹਨ।
ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਆਲੂ, ਪਿਆਜ਼, ਮਿਰਚਾਂ, ਬੈਂਗਣ, ਕੱਦੂ, ਖੀਰਾ, ਖਰਬੂਜ਼ਾ, ਗਾਜਰ, ਭਿੰਡੀ, ਧਨੀਏ ਦੀਆਂ ਵੀ ਨਵੀਆਂ ਕਿਸਮਾਂ ਆਈਆਂ ਹਨ। ਫ਼ਲਾਂ ਵਿੱਚ ਸੇਬ ਅਤੇ ਡਰੈਗਨ ਫ਼ਲ ਦੀ ਕਾਸ਼ਤ ਲਈ ਢੁੱਕਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਹਿਲੀ ਵਾਰ ਜਾਮਣ ਦੀ ਇੱਕ ਕਿਸਮ ਕਾਸ਼ਤ ਲਈ ਦਿੱਤੀ ਗਈ ਹੈ। ਫ਼ੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਸੰਤ ਬਗੀਚਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਬਹੁ ਕਿਸਮਾਂ ਦੇ ਫੁੱਲਾਂ ਦੇ ਨਾਲ ਟਿਊਲਿਪ ਨੂੰ ਵੀ ਉਗਾਇਆ ਗਿਆ ਹੈ। ਇਸ ਦੀ ਸਫਲਤਾ ਕਿਸਾਨਾਂ ਨੂੰ ਟਿਊਲਿਪ ਦੀ ਖੇਤੀ ਲਈ ਉਤਸ਼ਾਹਿਤ ਕਰੇਗੀ। ਯੂਨੀਵਰਸਿਟੀ ਵਿਖੇ ਜੰਗਲ ਵੀ ਬਣਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼ ਦੇ 42 ਕਿਸਮ ਦੇ 10000 ਰੁੱਖ ਲਗਾਏ ਗਏ ਹਨ। ਇੰਝ ਲੋਪ ਹੋ ਰਹੇ ਰੁੱਖਾਂ ਦੀ ਅਤੇ ਵਾਤਾਵਰਨ ਦੀ ਸੰਭਾਲ ਵੀ ਹੋ ਸਕੇਗੀ। ਯੂਨੀਵਰਸਿਟੀ ਨੂੰ ਨਵੇਂ ਰੁੱਖਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ।
ਯੂਨੀਵਰਸਿਟੀ ਵਿਖੇ ਜੀਨ ਬੈਂਕ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਵਿਕਸਤ ਕੀਤੀਆਂ ਜਾ ਸਕਣ। ਖੇਤੀ ਵਿੱਚ ਡਰੋਨ ਅਤੇ ਮਨਸੂਈ ਬੁੱਧੀ ਦੀ ਵਰਤੋਂ ਲਈ ਵਿਸ਼ੇਸ਼ ਵਿਭਾਗ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਖੇਤੀ ਉਪਜ ਦੇ ਪਦਾਰਥੀਕਰਨ ਦਾ ਕੇਂਦਰ ਬਣਾਇਆ ਗਿਆ ਹੈ। ਮੇਲਾ ਵੇਖਣ ਆਏ ਕਿਸਾਨ ਇਸ ਨੂੰ ਵੇਖ ਸਕਣਗੇ। ਟਿਸ਼ੂ ਕਲਚਰ ਰਾਹੀਂ ਬੂਟਿਆਂ ਦੀ ਪਨੀਰੀ ਨੂੰ ਵਪਾਰਕ ਪੱਧਰ ਉਤੇ ਤਿਆਰ ਕਰਨ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਟੈਕਨੋਲੋਜੀ ਪਾਰਕ ਵੀ ਬਣਾਈ ਜਾ ਰਹੀ ਹੈ। ਕਿਸਾਨਾਂ ਤੀਕ ਗਿਆਨ ਤੇਜ਼ੀ ਨਾਲ ਪਹੁੰਚਾਉਣ ਲਈ ਟੀਵੀ ਕੇਂਦਰ ਦੀ ਤਿਆਰੀ ਚੱਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦਾ ਵਾਤਾਵਰਨ ਸੰਭਾਲ ਸ਼ਹੀਦ ਭਗਤ ਸਿੰਘ ਸਨਮਾਨ ਇਸੇ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਹੈ। ਪਿਛਲੇ ਸਾਲ ਬਾਸਮਤੀ, ਬਾਜਰਾ, ਗੋਭੀ, ਸਰ੍ਹੋਂ, ਰਾਇਆ, ਜਾਮਣ, ਤਰਬੂਜ਼, ਫੁੱਲਗੋਭੀ ਅਤੇ ਫਰੈਂਚਬੀਨ ਦੀਆਂ 10 ਨਵੀਆਂ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਝੋਨਾ ਲਗਾਉਣ ਦੀ ਨਵੀਂ ਮਸ਼ੀਨ ਵੀ ਤਿਆਰ ਹੋ ਗਈ ਹੈ। ਫ਼ਸਲਾਂ ਦੀ ਰਹਿੰਦ ਨੂੰ ਧਰਤੀ ਵਿੱਚ ਵਾਹੁਣ ਲਈ ਨਵਾਂ ਹਲ ਤਿਆਰ ਕੀਤਾ ਗਿਆ ਹੈ। ਮਸਾਲੇਦਾਰ ਸ਼ਹਿਦ, ਕਿੰਨੂ ਦੀ ਮਠਿਆਈ ਅਤੇ ਕਾਲੀ ਗਾਜਰ ਦੇ ਕਈ ਨਵੇਂ ਪਦਾਰਥ ਤਿਆਰ ਕੀਤੇ ਗਏ ਹਨ। ਉਪਜ ਦੇ ਪਦਾਰਥੀਕਰਨ ਸਬੰਧੀ ਸਿਖਲਾਈ ਦੇਣ ਲਈ ਵਧੀਆ ਹੁਨਰ ਵਿਕਾਸ ਸਿਖਲਾਈ ਕੇਂਦਰ ਬਣਾਇਆ ਗਿਆ ਹੈ। ਉਪਜ ਅਤੇ ਪਦਾਰਥਾਂ ਦੇ ਮੰਡੀਕਰਨ ਸਬੰਧੀ ਜਾਣਕਾਰੀ ਦੇਣੀ ਅਤੇ ਆਉਣ ਵਾਲੇ ਸਮੇਂ ਵਿੱਚ ਕਿਸ ਉਪਜ ਦੀ ਮੰਗ ਹੋਵੇਗੀ, ਅਜਿਹੀ ਜਾਣਕਾਰੀ ਕਿਸਾਨਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਹਰੇਕ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਹਨ। ਇੱਥੇ ਪ੍ਰਦਰਸ਼ਨੀ ਲਈ ਫਾਰਮ ਵੀ ਹੈ। ਇਨ੍ਹਾਂ ਕੇਂਦਰਾਂ ਰਾਹੀਂ ਕਿਸਾਨਾਂ ਨੂੰ ਖੇਤੀ ਢੰਗਾਂ ਦੀ ਨਵੀਨ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਮੀਦ ਪ੍ਰਗਟਾਈ ਕਿ ਅਸੀਂ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਪੰਜਾਬ ਦੀ ਖੇਤੀ ਨੂੰ ਨਵਾਂ ਮੋੜ ਦੇਣ ਵਿੱਚ ਸਫਲ ਹੋ ਜਾਵਾਂਗੇ। ਛੋਟੇ ਕਿਸਾਨਾਂ ਲਈ ਅਜਿਹੇ ਮਾਡਲ ਵਿਕਸਤ ਕਰ ਰਹੇ ਹਨ ਜਿਨ੍ਹਾਂ ਰਾਹੀਂ ਉਨ੍ਹਾਂ ਦੇ ਰੁਜ਼ਗਾਰ ਅਤੇ ਆਮਦਨ ਵਿੱਚ ਵਾਧਾ ਹੋ ਸਕੇਗਾ। ਇਸ ਲਈ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਯੂਨੀਵਰਸਿਟੀ ਪਹਿਲਾਂ ਵਾਂਗ ਮੁੜ ਕਿਸਾਨਾਂ ਦਾ ਰਾਹ ਦਸੇਰਾ ਬਣੇਗੀ। ਕਰਜ਼ ਵਿੱਚ ਡੁੱਬੀ ਮਾਯੂਸ ਹੋ ਰਹੀ ਕਿਸਾਨੀ ਲਈ ਮੁੜ ਆਸ ਦੀ ਕਿਰਨ ਚਮਕੇਗੀ ਅਤੇ ਸਦਾ ਬਹਾਰ ਖੇਤੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਜਾ ਸਕੇਗਾ।