ਦਿਲਜੀਤ ਦੋਸਾਂਝ ਨੇ ਵਿਲ ਸਮਿੱਥ ਨੂੰ ਸਿਖਾਏ ਭੰਗੜੇ ਦੇ ਸਟੈੈੱਪ
ਨਵੀਂ ਦਿੱਲੀ, 6 ਅਪਰੈਲ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿਚ ਹੌਲੀਵੁੱਡ ਸਟਾਰ ਵਿਲ ਸਮਿੱਥ ਨਾਲ ਮੁਲਾਕਾਤ ਕੀਤੀ। ਦੋਸਾਂਝ ਨੇ ਆਪਣੇ ਗੀਤ ‘ਕੇਸ’ ਉੱਤੇ ਹੌਲੀਵੁੱਡ ਸਟਾਰ ਨਾਲ ਭੰਗੜਾ ਵੀ ਪਾਇਆ। ਦਿਲਜੀਤ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਮਿੱਥ ਪੰਜਾਬੀ ਗੀਤ ’ਤੇ ਥਿਰਕਦਾ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕ ਨੇ ਆਪਣੀ ਪੋਸਟ ਹੇਠਾਂ ਕੈਪਸ਼ਨ ’ਚ ਲਿਖਿਆ, ‘‘ਪੰਜਾਬੀ ਆ ਗਏ ਓਏ ਵਿਦ ਵਨ ਐਂਡ ਓਨਲੀ ਲਿਵਿੰਗ ਲੈਜੰਡ @ਵਿਲਸਮਿੱਥ। ਕਿੰਗ ਵਿਲ ਸਮਿੱਥ ਨੂੰ ਭੰਗੜਾ ਪਾਉਂਦੇ ਦੇਖਣਾ ਤੇ ਪੰਜਾਬੀ ਢੋਲ ਬੀਟ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਣਾਦਾਇਕ ਹੈ।’’ ਇਸ ਦੌਰਾਨ ਦਿਲਜੀਤ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਦੂਜੇ ਪਾਸੇ, ਵਿਲ ਸਮਿੱਥ ਨੇ ਨੀਲੇ ਰੰਗ ਦਾ ਟਰੈਕਸੂਟ ਪਾਇਆ ਹੋਇਆ ਹੈ। ਇਸ ਦੌਰਾਨ ਸਮਿੱਥ ਪੰਜਾਬੀ ਗਾਇਕ ਨਾਲ ਢੋਲ ਦੀ ਬੀਟ ਦਾ ਆਨੰਦ ਮਾਣਦਾ ਹੋਇਆ ਨਜ਼ਰ ਆਇਆ। ਇਸ ਵੀਡੀਓ ’ਤੇ ਦਿਲਜੀਤ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਹਨ।
ਉਂਝ ਫੌਰੀ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਦੋਂ ਤੇ ਕਿੱਥੇ ਮਿਲੇ ਸਨ। ਦਿਲਜੀਤ ਨੇ ਭਾਰਤ ਵਿਚਲਾ ਆਪਣਾ ‘ਦਿਲ-ਲੂਮਿਨਾਟੀ ਟੂਰ’ ਦਸੰਬਰ 2024 ਵਿਚ ਪੂਰਾ ਕੀਤਾ ਸੀ। ਦਿਲਜੀਤ ਆਉਣ ਵਾਲੀ ਫਿਲਮ ‘ਬਾਰਡਰ 2’ ਵਿੱਚ ਨਜ਼ਰ ਆਵੇਗਾ। ‘ਬਾਰਡਰ 2’ ਵਿੱਚ ਦਿਲਜੀਤ ਦੇ
ਨਾਲ ਸਨੀ ਦਿਓਲ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਵੀ ਨਜ਼ਰ ਆਉਣਗੇ। -ਏਐੱਨਆਈ