ਮਿੰਨੀ ਕਹਾਣੀਆਂ
ਚੇਨ
ਰਾਜ ਕੌਰ ਕਮਾਲਪੁਰ
ਲੁੱਟ-ਖੋਹ ਹੋ ਜਾਣ ਦੇ ਡਰੋਂ ਉਹ ਸੋਨੇ ਦੇ ਗਹਿਣੇ ਨਾ ਪਹਿਨਦੀ। ਕਦੇ ਇਹ ਸੋਚ ਕੇ ਕਿ ਫੇਰ ਬਣਵਾਉਣ ਦਾ ਵੀ ਕੀ ਫ਼ਾਇਦਾ ਜੇ ਕੋਈ ਆਪਣੇ ਸ਼ੌਕ ਹੀ ਪੂਰੇ ਨਾ ਕਰੇ। ਸਰਦੀਆਂ ਵਿੱਚ ਕੋਟੀਆਂ-ਸਵੈਟਰ ਪੈ ਜਾਣ ਕਾਰਨ ਉਸ ਨੇ ਗਲ ਵਿੱਚ ਸੋਨੇ ਦੀ ਚੇਨ ਪਾ ਲਈ। ਪਰ ਜਦੋਂ ਉਹ ਸਕੂਟਰ ’ਤੇ ਡਿਊਟੀ ਜਾਂਦੀ, ਫਿਰ ਉਸ ਨੂੰ ਭੈਅ ਜਿਹਾ ਆਉਂਦਾ ਕਿ ਕਿਤੇ ਕੋਈ ਖੋਹ ਕੇ ਹੀ ਨਾ ਲੈ ਜਾਵੇ, ਸੋਨਾ ਕਿਹੜਾ ਲੈਣ ਦਾ ਹੈ। ਇੱਕ ਤੋਲਾ ਲੈਣ ਨਾਲ ਹੀ ਨੱਕ ਨੂੰ ਜੀਭ ਲੱਗ ਜਾਂਦੀ ਹੈ। ਬਣਵਾਈ, ਘੜਾਈ, ਪਾਲਿਸ਼ ਦਾ ਲਾ ਕੇ ਪੂਰਾ ਲੱਖ ਲੱਗ ਜਾਂਦਾ ਏ ਤਾਂ ਕਿਤੇ ਤੋਲਾ ਮਸਾਂ ਖਰੀਦਿਆ ਜਾਂਦਾ ਏ।
ਇੱਕ ਦਿਨ ਉਹ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਈ। ਉਸ ਨੂੰ ਇਹੀ ਡਰ ਲੱਗਦਾ ਰਿਹਾ ਕਿ ਕਿਧਰੇ ਕੋਈ ਉਸ ਦੀ ਚੇਨ ਹੀ ਨਾ ਲਾਹ ਲਵੇ। ਕਦੇ ਉਹ ਮਫਲਰ ਗਲੇ ਦੇ ਆਲੇ-ਦੁਆਲੇ ਲਪੇਟਦੀ। ਕਦੇ ਉਸ ਨੂੰ ਸੋਚ ਕੇ ਡਰ ਲੱਗਦਾ ਕਿ ਚੇਨ ਕੱਟਣ ਵਾਲਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਕੱਟ ਲੈਂਦੇ ਨੇ। ਇੱਕ ਦਿਨ ਉਹ ਆਟੋ ਵਿੱਚ ਬੈਠ ਗਈ। ਸਾਰੇ ਰਸਤੇ ਉਸ ਨੂੰ ਡਰ ਵੱਢ-ਵੱਢ ਖਾਈ ਗਿਆ। ਕਦੇ ਉਸ ਨੂੰ ਲੱਗਦਾ ਜਿਵੇਂ ਆਟੋ ਚਲਾਉਣ ਵਾਲਾ ਭਾਈ ਸ਼ੀਸੇ ਵਿਚਦੀ ਉਸ ਦੇ ਗਲੇ ਵਾਲੀ ਚੇਨ ਵੱਲ ਹੀ ਦੇਖੀ ਜਾ ਰਿਹਾ ਹੋਵੇ। ਕਦੇ ਉਹ ਡਰਦੀ ਕਿ ਥਾਂ-ਥਾਂ ’ਤੇ ਨਸ਼ੇੜੀ ਫਿਰਦੇ ਨੇ। ਨਸ਼ੇ ਲਈ ਤਾਂ ਉਹ ਆਪਣੀਆਂ ਮਾਵਾਂ ਦੇ ਗਹਿਣੇ ਵੇਚ ਦਿੰਦੇ ਨੇ। ਉਸ ਦੀ ਚੇਨ ਕਿਸ ਨੇ ਛੱਡਣੀ ਏ। ਹੁਣ ਚੇਨ ਦੀ ਟੌਹਰ ਤੇ ਸ਼ੌਕ ਤਾਂ ਘੱਟ ਸੀ। ਹੁਣ ਤਾਂ ਉਸ ਦੇ ਉਤਾਰੇ ਜਾਣ ਦਾ ਡਰ ਅਤੇ ਤਣਾਅ ਵਾਧੂ ਸੀ।
ਇੱਕ ਦਿਨ ਉਸ ਨੇ ਦਿਲ ਕਰੜਾ ਜਿਹਾ ਕਰਕੇ ਇਹ ਕਹਿੰਦਿਆਂ ਚੇਨ ਉਤਾਰ ਹੀ ਦਿੱਤੀ, ‘‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।”
ਚੇਨ ਉਤਾਰਦਿਆਂ ਹੀ ਉਸ ਨੂੰ ਬੇਫ਼ਿਕਰੀ ਹੋ ਗਈ। ਅੱਜ ਬੜੇ ਦਿਨਾਂ ਬਾਅਦ ਉਸ ਨੂੰ ਚੈਨ ਦੀ ਨੀਂਦ ਆਈ।
ਸੰਪਰਕ: 94642-24314
* * *
ਢਿੱਡ ਦੀ ਭੁੱਖ
ਜਤਿੰਦਰ ਮੋਹਨ
ਸਰਦੀ ਆਪਣੇ ਜੋਬਨ ’ਤੇ ਛੜੱਪੇ ਮਾਰ ਮਾਰ ਚੜ੍ਹ ਰਹੀ ਸੀ। ਵਿਆਹਾਂ ਦੀ ਰੁੱਤ ਚੱਲਣ ਕਰਕੇ ਮੈਰਿਜ ਪੈਲੇਸਾਂ ਵਿੱਚ ਕੋਈ ਦਿਨ ਵੀ ਖਾਲੀ ਨਹੀਂ ਸੀ ਰਹਿੰਦਾ, ਜਿਸ ਦਿਨ ਕੋਈ ਵਿਆਹ ਨਾ ਹੋਵੇ। ਮੈਰਿਜ ਪੈਲਿਸ, ਵਿਆਂਦੜ ਲਾੜੀ ਵਾਂਗ ਸਜਾਏ ਹੋਏ ਰਹਿੰਦੇ ਸਨ। ਅੱਜ ਵੀ ਪੈਲਿਸ ਵਿੱਚ ਪੂਰੀ ਰੌਣਕ ਸੀ। ਲੋਕ ਖ਼ੁਸ਼ੀ ਖ਼ੁਸ਼ੀ ਮਿਠਾਈਆਂ ਖਾਣ ਦੀਆਂ, ਸ਼ਗਨਾਂ ਦੀਆਂ ਅਤੇ ਹੋਰ ਪੋਜ਼ ਬਣਾ ਬਣਾ ਕੇ ਫੋਟੋਆਂ ਖਿਚਵਾ ਰਹੇ ਸਨ। ਮੁੰਡੇ ਵਾਲਿਆਂ ਦੀ ਖ਼ੁਸ਼ੀ ਕੁੜੀ ਵਾਲਿਆਂ ਦੀ ਖ਼ੁਸ਼ੀ ਦੇ ਮੁਕਾਬਲੇ ਕਿਤੇ ਵੱਧ ਸੀ। ਅਚਾਨਕ ਹੀ ਤਿੰਨ ਚਾਰ ਜੈਂਟਲਮੈਨ ਪੰਡਾਲ ਦੀ ਇੱਕ ਨੁੱਕਰ ਵਿੱਚ ਖੜ੍ਹ ਗਏ। ਦੇਖਣ ਨੂੰ ਉਹ ਅਫ਼ਸਰ ਲੱਗ ਰਹੇ ਸਨ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ। ਉਹ ਆਉਣ ਜਾਣ ਵਾਲਿਆਂ ਵੱਲ ਦੇਖ ਰਹੇ ਸਨ। ਉਨ੍ਹਾਂ ਦੀਆਂ ਨਜ਼ਰਾਂ ਇਸ ਤਰ੍ਹਾਂ ਘੁੰਮ ਰਹੀਆਂ ਸਨ ਜਿਵੇਂ ਕਿਸੇ ਨੂੰ ਲੱਭ ਰਹੇ ਹੋਣ। ਬੇਗਾਨੇ ਬੰਦੇ ਦੇਖ ਕੇ ਕੁੜੀ ਵਾਲਿਆਂ ਦੇ ਮੋਹਤਬਰ ਬੰਦਿਆਂ ਨੇ ਮੁੰਡੇ ਵਾਲਿਆਂ ਨੂੰ ਪੁੱਛਿਆ, ‘‘ਸਰਦਾਰ ਜੀ, ਆਹ ਬੰਦੇ ਤੁਹਾਡੇ ਨਾਲ ਹਨ?’’
‘‘ਨਹੀਂ ਜੀ, ਮੈਂ ਤਾਂ ਜਾਣਦਾ ਵੀ ਨਹੀਂ। ਮੈਂ ਤਾਂ ਸੋਚਿਆ ਸ਼ਾਇਦ ਇਹ ਤੁਹਾਡੇ ਵਾਲੇ ਪਾਸਿਉਂ ਨੇ।’’ ਮੁੰਡੇ ਵਾਲਿਆਂ ਦਾ ਇੱਕ ਸਿਆਣਾ ਆਦਮੀ ਬੋਲਿਆ।
‘‘ਸਾਨੂੰ ਪਤਾ ਕਰਨਾ ਚਾਹੀਦਾ ਹੈ।’’ ਕਹਿ ਕੇ ਕੁੜੀ ਵਾਲਿਆਂ ਦੇ ਦੋ ਤਿੰਨ ਬੰਦੇ ਉਨ੍ਹਾਂ ਕੋਲ ਚਲੇ ਗਏ। ਇੰਨੇ ਵਿੱਚ ਬਾਹਰੋਂ ਆਏ ਬੰਦਿਆਂ ਨੇ ਇੱਕ ਵੇਟਰ ਨੂੰ ਆਪਣੇ ਕੋਲ ਬੁਲਾਇਆ। ਇਸ ਤੋਂ ਪਹਿਲਾਂ ਕਿ ਉਹ ਵੇਟਰ ਤੋਂ ਕੁਝ ਪੁੱਛਦੇ, ਕੁੜੀ ਵਾਲਿਆਂ ਨੇ ਪੁੱਛਿਆ, ‘‘ਤੁਸੀਂ ਕੌਣ ਜੀ?’’
‘‘ਅਸੀਂ ਚੈਕਿੰਗ ਲਈ ਆਏ ਹਾਂ।’’
‘‘ਕਿਸ ਚੀਜ਼ ਦੀ ਚੈਕਿੰਗ?’’
‘‘ਬਾਲ ਮਜ਼ਦੂਰੀ ਦੀ।’’ ਇਹ ਸੁਣ ਕੇ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਚੈਕਿੰਗ ਕਰਨ ਵਾਲੇ ਅਫਸਰ ਨੇ ਪੁੱਛਿਆ, ‘‘ਕਾਕਾ, ਤੇਰੀ ਕਿੰਨੀ ਉਮਰ ਹੈ?’’ ‘‘ਜੀ ਤੇਰ੍ਹਾਂ ਸਾਲ।’’
‘‘ਕਿਹੜੀ ਜਮਾਤ ’ਚ ਪੜਦੈਂ?’’
‘‘ਜੀ ਅੱਠਵੀਂ ’ਚ।’’ ਛੋਟੀ ਉਮਰ ਦੇ ਵੇਟਰ ਦੇ ਹੱਥਾਂ ਵਿੱਚ ਜੂਠੇ ਭਾਂਡੇ ਫੜੇ ਹੋਏ ਸਨ। ਉਹ ਜਦ ਉਨ੍ਹਾਂ ਕੋਲੋਂ ਜਾਣ ਲੱਗਿਆ ਤਾਂ ਚੈਕਿੰਗ ਟੀਮ ਦੇ ਇੱਕ ਜਣੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ, ‘‘ਬੇਟਾ, ਭਾਂਡੇ ਥੱਲੇ ਰੱਖ ਦੇ।’’
‘‘ਜੀ ਮੈਂ ਕੰਮ ਕਰਨੈਂ।’’
‘‘ਨਹੀਂ, ਅਸੀਂ ਗੱਲ ਕਰਦੇ ਹਾਂ।’’ ਛੋਟਾ ਬੱਚਾ ਹੱਥ ਜੋੜ ਕੇ ਰੋਣ ਲੱਗਾ ਅਤੇ ਕਿਹਾ, ‘‘ਜੀ ਇਹ ਮੁੰਡੇ (ਮੇਰੇ ਨਾਲ ਦੇ) ਮੈਨੂੰ ਲੈ ਕੇ ਨਹੀਂ ਸਨ ਆਉਂਦੇ। ਮੈਂ ਤਾਂ ਮੱਲੋ ਜ਼ੋਰੀ ਆਇਆਂ।’’
‘‘ਕਿਉਂ?’’
‘‘ਜੀ ਮੇਰਾ ਬਾਪ ਮਰਿਆ ਹੋਇਆ ਹੈ। ਅਸੀਂ ਚਾਰ ਭੈਣ ਭਰਾ ਹਾਂ। ਮੈਂ ਸਭ ਤੋਂ ਵੱਡਾ ਹਾਂ। ਮੇਰੀ ਮਾਂ ਨੂੰ ਸਾਹ ਦੀ ਬਿਮਾਰੀ ਹੈ। ਘਰੇ ਖਾਣ ਨੂੰ ਕੁਝ ਵੀ ਨਹੀਂ।’’ ਬੱਚਾ ਧਾਹਾਂ ਮਾਰ ਕੇ ਰੋ ਰਿਹਾ ਸੀ। ਦੂਜੇ ਵੇਟਰ ਵੀ ਕੋਲ ਆ ਗਏ। ਇਕੱਠ ਹੋ ਗਿਆ, ਵਿੱਚੋਂ ਹੀ ਇੱਕ ਵੇਟਰ ਨੇ ਕਿਹਾ, ‘‘ਅਸੀਂ ਬਥੇਰਾ ਰੋਕਿਆ ਜੀ, ਪਰ ਇਹ ਰੁਕਿਆ ਨਹੀਂ।’’
‘‘ਕਿਉਂ ਬਈ?’’ ਅਫਸਰ ਦੇ ਸੁਰ ਢਿੱਲੇ ਪੈ ਗਏ। ‘‘ਸਾਹਿਬ, ਜੇ ਮੈਂ ਦਿਹਾੜੀ ਨਾ ਕਰਾਂ ਤਾਂ ਅਸੀਂ ਭੁੱਖੇ ਮਰ ਜਾਈਏ। ਆਹੀ ਤਾਂ ਸੀਜ਼ਨ ਹੈ, ਸਾਡੇ ਰੱਜਣ ਦਾ, ਨਹੀਂ ਤਾਂ ਕਈ ਵਾਰ ਭੁੱਖੇ ਹੀ ਸੌਂ ਜਾਂਦੇ ਆਂ।’’ ਬੱਚੇ ਦੀ ਗੱਲ ਸੁਣ ਕੇ ਸਭ ਦੀਆਂ ਨੀਵੀਆਂ ਪੈ ਗਈਆਂ। ਸਭ ਸੋਚ ਰਹੇ ਸਨ ਕਿ ਸ਼ਾਇਦ ਬਾਲ ਮਜ਼ਦੂਰੀ ਦੀ ਸਜ਼ਾ ਨਾਲੋਂ ਢਿੱਡ ਦੀ ਭੁੱਖ ਵੱਡੀ ਸਜ਼ਾ ਹੈ।
ਸੰਪਰਕ: 94630-20766
* * *
ਸਦਰੋਈ
ਪੁਨੀਤ ਗੁਪਤਾ
ਛੜੱਪ-ਛੜੱਪ ‘‘ਆ... ਆ ਮੰਮੀ ਵਾਲ ਨਾ ਖਿੱਚੋ।’’ ‘‘ਸਾਰਾ ਦਿਨ ਲੰਘ ਗਿਆ ਤੈਨੂੰ ਵਾਲ੍ਹ ਖੁੱਲ੍ਹੇ ਛੱਡ ਕੇ ਆਹ ਰੱਸੀ ਨਾਲ ਛੜੱਪੇ ਮਾਰਦੀ ਨੂੰ... ਸਵੇਰ ਤੋਂ ਸ਼ਾਮ ਹੋ ਚੱਲੀ ਐ...’’
‘‘ਮੰਮੀ, ਦੋ ਮਿੰਟ ਬਸ...।
‘‘ਐਵੇਂ ਨੀ ਤੂੰ ਮੰਨਦੀ... ਹੈਂ... ਹੁਣ ਖਿੱਚ ਕੇ ਇੱਕ ਥੱਪੜ ਨਾ ਲਗਾ ਦੇਵਾਂ...।’’
‘‘ਅੱਛਾ...ਅੱਛਾ... ਆਹ ਲਉ ਬੈਠ ਗਈ... ਬੱਸ...।’’
‘‘ਵੇਖ ਕਿਵੇਂ ਸਦਰੋਈ ਵਾਂਗੂ ਝਾਟਾ ਖਿਲਾਰਿਐ...? ਹੈਂ...? ਚੱਲ ਸਿੱਧੀ ਤਰ੍ਹਾਂ ਬੈਠ ਮੈਂ ਤੇਲ ਲੈ ਕੇ ਆਈ...।’’
ਮਾਂ ਅੱਗੇ ਬੋਲੀ, ‘‘ਬੇਟੀ ਨਿੰਮੀ, ਇਸ ਤਰ੍ਹਾਂ ਸਾਰਾ-ਸਾਰਾ ਦਿਨ ਵਾਲ ਖਿਲਾਰ ਕੇ ਫਿਰਦੇ ਰਹਿਣਾ ਆਪਣਾ ਆਪਾ ਨਾ ਸੰਵਾਰਨਾ ਘੋਰੀ ਜੀਵਨ ਦੀ ਨਿਸ਼ਾਨੀ ਹੁੰਦੀ ਐ ਪੁੱਤ...। ਤੈਨੂੰ ਪਤੈ ਤੇਰੇ ਨਾਨਾ ਜੀ ਕੀ ਕਹਿੰਦੇ ਸੀ... ਖਿੱਲਰੇ ਹੋਏ ਵਾਲਾਂ ਬਾਰੇ...? ਵਾਲ ਖਿਲਾਰ... ਸਦਰੋਈ ਬਣੀ ਨਾਰ ਤੇ ਵਾਲ ਸੰਵਾਰ... ਲਕਸ਼ਮੀ ਦਾ ਵਾਸ। ਨਿੰਮੀ... ਤੇਰੀ ਤਰ੍ਹਾਂ ਝਾਟਾ ਖਿਲਾਰ ਕੇ ਨੱਚਦੀਆਂ-ਟੱਪਦੀਆਂ ਕੁੜੀਆਂ ਨੂੰ ਲੋਕ ਸਦਰੋਈ ਕਹਿੰਦੇ ਨੇ...।’’
‘‘ਪਰ ਮੰਮੀ ਔਹ ਜਿਹੜੇ ਆਪਣੀ ਗਲੀ ਦੇ ਕੋਨੇ ’ਤੇ ਆਂਟੀ ਨੇ ਜਿਨ੍ਹਾਂ ਦੇ ਵਾਲ ਬਹੁਤ ਸੋਹਣੇ ਤਰੀਕੇ ਨਾਲ ਵਾਹੇ ਹੁੰਦੇ ਨੇ... ਤੇ ਆਂਟੀ ਬਹੁਤ ਬਣ-ਫੱਬ ਕੇ ਵੀ ਰਹਿੰਦੇ ਨੇ...?’’
‘‘ਕੌਣ ਸੁਮਿੱਤਰਾ?’’ ‘‘... ਹਾਂ ਮੰਮੀ ਓਹੀਓ... ਪਰ ਫੇਰ ਵੀ ਮੰਮੀ ਸਾਰੇ ਗਲੀ ਵਾਲੇ ਆਂਟੀ ਨੂੰ ਵੇਖ ਕੇ ਏਹੀ ਸ਼ਬਦ ਕਿਉਂ ਬੋਲਦੇ ਨੇ...: ਅਖੇ, ਔਹ ਬੈਠੀ ਐ ਸਦਰੋਈ। ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਸੱਸ ਵੀ ਇਹੋ ਸ਼ਬਦ ਬੋਲਦੀ ਹੈ ਉਨ੍ਹਾਂ ਨੂੰ...।
ਨਿੰਮੀ ਦੀ ਮੰਮੀ ਕੁਝ ਡੂੰਘੇ ਖ਼ਿਆਲਾਂ ’ਚ ਗੁਆਚ ਗਈ ਕਿ ਸੋਹਣੀ ਸੁਨੱਖੀ ਸੁਮਿੱਤਰਾ ਨੂੰ ਅਜੇ ਵਿਆਹੀ ਆਈ ਨੂੰ ਕੁਝ ਹੀ ਮਹੀਨੇ ਹੋਏ ਸਨ ਕਿ ਪਤੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ... ਸੁੰਨ-ਮਸੁੰਨ ਹੋਈ ਸੁਮਿੱਤਰਾ ਨੂੰ ਪਹਿਲਾ ਤਗ਼ਮਾ ਮਿਲਿਆ ਸੱਸ ਤੋਂ... ‘‘ਡੈਣ ਮੇਰੇ ਮੁੰਡੇ ਨੂੰ ਖਾ ਗਈ’’
ਵਿਆਹ ਤੋਂ ਦਸ-ਗਿਆਰਾਂ ਮਹੀਨਿਆਂ ਬਾਅਦ ਸੋਹਣੀ-ਸੁਨੱਖੀ ਕੁੜੀ ਪੈਦਾ ਹੋ ਗਈ ਸੁਮਿੱਤਰਾ ਦੇ...। ਸੱਸ ਦੇ ਲਗਾਤਾਰ ਤਾਅਨਿਆਂ ਮਿਹਣਿਆਂ ਤੋਂ ਹਤਾਸ਼ ਸੁਮਿੱਤਰਾ ਨੂੰ ਵੇਖਣ ਵਾਲੇ ਸਾਰੇ ਸਦਰੋਈ ਬੁਲਾਉਣ ਲੱਗੇ... ਜੋ ਘਰ-ਬਾਰ ਦਾ ਕੰਮ ਧੰਦਾ ਨਿਬੇੜ ਕੇ ਆਪਣੇ ਘਰ ਦੀਆਂ ਦੇਹਲੀਆਂ ‘ਤੇ ਗੁੰਮ-ਸੁੰਮ ਬੈਠੀ... ਆਉਣ-ਜਾਣ ਵਾਲੇ ਰਾਹਗੀਰਾਂ ਵੱਲ ਡੌਰ-ਭੌਰ ਤਕਦੀ ਰਹਿੰਦੀ ਹੈ।
‘‘ਓ ਹੋ ਛੱਡੋ ਨਾ ਮੰਮੀ, ਹੁਣ ਮੇਰੀ ਗੁੱਤ... ਤੇ ਮੇਰੀ ਗੱਲ ਦਾ ਜਵਾਬ ਦਿਓ। ਸਦਰੋਈ ਮੈਂ ਹੋਈ ਜਾਂ ਉਹ ਸੋਹਣੇ ਜੂੜੇ ਵਾਲੀ ਆਂਟੀ...?’’
ਇਕਦਮ ਤ੍ਰਭਕ ਕੇ ਖ਼ਿਆਲਾਂ ਦੀ ਤੰਦ ਤੋੜਦੀ ਹੋਈ ਨਿੰਮੀ ਦੀ ਮਾਂ ਨੇ ਨਿੰਮੀ ਦਾ ਚਿਹਰਾ ਆਪਣੇ ਦੋਵਾਂ ਹੱਥਾਂ ’ਚ ਲੈ ਕੇ ਸਮਝਾਉਂਦੀ ਹੋਈ ਬੋਲੀ,
‘‘ਪੁੱਤਰ, ਆਪਣੇ-ਆਪ ਨੂੰ ਬਣਾ ਸੰਵਾਰ ਕੇ ਰੱਖਣ ਵਾਲਾ ਸਦਰੋਆ ਨਹੀਂ ਹੁੰਦਾ ਜਿਵੇਂ ਤੇਰੇ ਆਂਟੀ ਸੁਮਿੱਤਰਾ ਨੇ...। ਕਈ ਵਾਰ ਹਾਲਾਤ ਦੀ ਨ੍ਹੇਰੀ ਏਨੀ ਤੇਜ਼ ਚਲਦੀ ਹੈ ਕਿ ਕਿਸੇ ਚੰਗੇ ਭਲੇ ਇਨਸਾਨ ਦਾ ਵਜੂਦ ਹੀ ਝੂਠਾ ਪੈ ਜਾਂਦਾ ਹੈ ਤੇ ਹਾਲਾਤ ਦੇ ਮਾਰੇ ਬੰਦੇ ਆਮ ਜਣੇ ਖਣੇ ਲੋਕਾਂ ਤੋਂ ਵੀ ਮਾਤ ਖਾਣ ਲਈ ਮਜਬੂਰ ਹੋ ਜਾਂਦੇ ਨੇ...।’’ ‘‘...ਤੇ ਮੰਮੀ, ਏਸ ਦਾ ਮਤਲਬ ਸਦਰੋਈ ਮੈਂ ਹੋਈ...।’’ ਅਣਭੋਲ ਨਿੰਮੀ ਭੋਲੀਆਂ ਨਜ਼ਰਾਂ ਨਾਲ ਮਾਂ ਵੱਲ ਵੇਖਦੀ ਹੋਈ ਬੋਲੀ।
‘‘ਬਈ ਨਿੰਮੀ ਵੇਖ ਲੈ... ਅਗਰ ਰੋਜ਼ ਸਵੇਰੇ-ਸਵੇਰੇ ਘੁੱਟ ਕੇ ਗੁੱਤਾਂ ਕਰਵਾਏਂਗੀ ਤਾਂ ਮੇਰੀ ਨਿੰਮੀ ਰਾਣੀ ਕਹਾਏਂਗੀ। ਨਹੀਂ ਤਾਂ... ਜਾਣ ਗਈ ਨਾ ਕੀ ਕਹਿਣਗੇ ਸਾਰੇ...?’’
‘‘ਨਹੀਂ ਨਹੀਂ ਮੰਮੀ, ਆਹ ਲਓ ਰਿਬਨ ਵੀ ਪਾ ਦਿਓ। ਮੈਂ ਸਦਰੋਈ ਨਹੀਂ ਤੁਹਾਡੀ ਸਿਆਣੀ ਬੱਚੀ ਆਂ...।’’
ਨਿੰਮੀ ਇਕਦਮ ਮਾਂ ਦੀ ਗੋਦ ’ਚ ਜਾ ਬੈਠੀ।
ਸੰਪਰਕ: 97791-17238
* * *
ਦੋਸਤੀ ਦਾ ਫ਼ਰਜ਼
ਰਜਵਿੰਦਰ ਪਾਲ ਸ਼ਰਮਾ
ਦੀਪੂ ਅਤੇ ਜਸ਼ਨ ਦੋਵੇਂ ਪੱਕੀਆਂ ਸਹੇਲੀਆਂ ਸਨ। ਦੋਵੇਂ ਇਕੱਠੀਆਂ ਸਕੂਲ ਜਾਂਦੀਆਂ, ਇਕੱਠੀਆਂ ਸਕੂਲ ਦਾ ਕੰਮ ਕਰਦੀਆਂ ਅਤੇ ਇਕੱਠੀਆਂ ਖੇਡਦੀਆਂ। ਦੋਵੇਂ ਸਹੇਲੀਆਂ ਭੈਣਾਂ ਨਾਲੋਂ ਵਧ ਕੇ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਿਸਮ ਤਾਂ ਦੋ ਹੋਣ ਪਰ ਦੋਵਾਂ ਦੀ ਰੂਹ ਇੱਕ ਸੀ। ਜਸ਼ਨ ਦਾ ਘਰ ਦੀਪੂ ਦੇ ਘਰ ਤੋਂ ਅੱਧਾ ਕਿਲੋਮੀਟਰ ਦੂਰੀ ’ਤੇ ਸੀ। ਸਕੂਲ ਜਾਣ ਲਈ ਹਰ ਰੋਜ਼ ਜਸ਼ਨ ਦੀਪੂ ਦੇ ਘਰ ਜਾਂਦੀ ਅਤੇ ਦੀਪੂ ਦੇ ਘਰੋਂ ਦੋਵੇਂ ਸਕੂਲ ਚਲੀਆਂ ਜਾਂਦੀਆਂ। ਇਹ ਸਿਲਸਿਲਾ ਪਿਛਲੇ ਨੌਂ ਸਾਲਾਂ ਤੋਂ ਇਸੇ ਤਰ੍ਹਾਂ ਜਾਰੀ ਸੀ।
ਪਿਛਲੇ ਦੋ ਦਿਨਾਂ ਤੋਂ ਜਸ਼ਨ ਸਕੂਲ ਨਹੀਂ ਸੀ ਆ ਰਹੀ। ਦੀਪੂ ਨੇ ਇੱਕ ਦੋ ਵਾਰ ਜਸ਼ਨ ਦੇ ਘਰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਦੀਪੂ ਨੂੰ ਜਸ਼ਨ ਦੀ ਚਿੰਤਾ ਹੋ ਰਹੀ ਸੀ। ਸਕੂਲੋਂ ਘਰ ਆ ਕੇ ਦੀਪੂ ਜਸ਼ਨ ਦੇ ਘਰ ਚਲੀ ਗਈ। ਜਸ਼ਨ ਘਰ ਵਿੱਚ ਭਾਂਡੇ ਮਾਂਜ ਰਹੀ ਸੀ। ਦੀਪੂ ਨੇ ਜਸ਼ਨ ਨੂੰ ਕਿਹਾ, ‘‘ਤੂੰ ਠੀਕ ਤਾਂ ਹੈ, ਤੂੰ ਸਕੂਲ ਕਿਉਂ ਨਹੀਂ ਆ ਰਹੀ? ਮੈਨੂੰ ਤੇਰੀ ਚਿੰਤਾ ਹੋ ਰਹੀ ਸੀ। ਤੂੰ ਫੋਨ ਵੀ ਨਹੀਂ ਚੁੱਕ ਰਹੀ?’’ ਦੀਪੂ ਫਟਾਫਟ ਜਸ਼ਨ ਤੋਂ ਸਵਾਲ ਪੁੱਛ ਰਹੀ ਸੀ। ਕਮਰੇ ’ਚੋਂ ਜਸ਼ਨ ਦੀ ਮਾਤਾ ਨੂੰ ਬਾਹਰ ਆਉਂਦੇ ਦੇਖ ਕੇ ਦੀਪੂ ਨੇ ਸਤਿ ਸ੍ਰੀ ਅਕਾਲ ਬੁਲਾਈ। ਜਸ਼ਨ ਦੀ ਮਾਤਾ ਨੇ ਦੀਪੂ ਨੂੰ ਬੈਠਣ ਲਈ ਕਿਹਾ ਤੇ ਰਸੋਈ ਅੰਦਰ ਚਾਹ ਬਣਾਉਣ ਚਲੀ ਗਈ। ਦੀਪੂ ਦੇ ਸਵਾਲ ਸੁਣ ਕੇ ਜਸ਼ਨ ਅਜੇ ਵੀ ਚੁੱਪ ਸੀ, ਉਹੋ ਮੂੰਹੋਂ ਕੁਝ ਨਾ ਬੋਲੀ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜਸ਼ਨ ਦਾ ਗੱਚ ਭਰ ਆਇਆ ਹੋਵੇ। ਇਸ ਤੋਂ ਪਹਿਲਾਂ ਕਿ ਜਸ਼ਨ ਕੁਝ ਬੋਲਦੀ, ਉਸ ਦੀ ਮਾਤਾ ਰਸੋਈ ’ਚੋਂ ਬਾਹਰ ਆਉਂਦੀ ਬੋਲੀ, ‘‘ਪੁੱਤ ਦੀਪੂ, ਇਹਦਾ ਵਿਚਾਰੀ ਦਾ ਕੀ ਕਸੂਰ ਆ? ਕਸੂਰ ਤਾਂ ਸਾਡੀ ਗ਼ਰੀਬੀ ਦਾ ਏ। ਪਿਛਲੇ ਇੱਕ ਮਹੀਨੇ ਤੋਂ ਰੋਜ਼ ਜਸ਼ਨ ਦਾ ਡੈਡੀ ਲੇਬਰ ਚੌਕ ਵਿੱਚ ਜਾ ਕੇ ਖੜ੍ਹ ਜਾਂਦੈ, ਕਦੇ ਦਿਹਾੜੀ ਲੱਗ ਜਾਂਦੀ ਐ ਤੇ ਕਦੇ ਨਹੀਂ। ਘਰੇ ਖਾਣ ਲਈ ਆਟਾ ਨਹੀਂ, ਸਕੂਲ ਦੀ ਫ਼ੀਸ ਭਰਨ ਲਈ ਪੈਸੇ ਕਿੱਥੋਂ ਹੋਣੇ ਨੇ, ਤਾਂ ਜਸ਼ਨ ਵਿਚਾਰੀ ਕੀ ਕਰੇ। ਮੈਂ ਪਿੰਡ ਵਿੱਚ ਜ਼ਿਮੀਦਾਰਾਂ ਦੇ ਗੋਹਾ ਕੂੜਾ ਸੁੱਟਦੀ ਆਂ। ਫਿਰ ਵੀ ਦੋ ਡੰਗ ਦੀ ਰੋਟੀ ਦਾ ਗੁਜ਼ਾਰਾ ਮੁਸ਼ਿਕਲ ਨਾਲ ਚੱਲਦਾ ਹੈ। ਮੈਂ ਅਤੇ ਤੇਰਾ ਅੰਕਲ ਸਵੇਰੇ ਨਿਕਲ ਜਾਂਦੇ ਆਂ, ਸ਼ਾਮੀ ਮੁੜਦੇ ਆਂ, ਜਸ਼ਨ ਵਿਚਾਰੀ ਪਿੱਛੋਂ ਘਰ ਸੰਭਾਲਦੀ ਹੈ।’’ ਦੀਪੂ ਹੁਣ ਸਾਰੀ ਗੱਲ ਸਮਝ ਗਈ ਸੀ ਕਿ ਜਸ਼ਨ ਦਾ ਘਰ ਰਹਿਣ ਦਾ ਕਾਰਨ ਉਸ ਦੀ ਗ਼ਰੀਬੀ ਹੈ।
ਦੀਪੂ ਦਾ ਪਿਤਾ ਦਰਸ਼ਨ ਸਿੰਘ ਸ਼ਹਿਰ ਧਾਗਾ ਫੈਕਟਰੀ ਵਿੱਚ ਮੈਨੇਜਰ ਸੀ। ਸ਼ਾਮੀਂ ਜਦੋ ਦਰਸ਼ਨ ਸਿੰਘ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਦੀਪੂ ਕੁਰਸੀ ’ਤੇ ਕਿਸੇ ਡੂੰਘੀਆਂ ਸੋਚਾਂ ਵਿੱਚ ਗੁਆਚੀ ਬੈਠੀ ਸੀ। ਜਦੋਂ ਦਰਸ਼ਨ ਸਿੰਘ ਨੇ ਦੀਪੂ ਨੂੰ ਬੁਲਾਇਆ ਤਾਂ ਉਹ ਤ੍ਰਭਕ ਗਈ। ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਡੈਡੀ ਕਿਹੜੇ ਵੇਲੇ ਘਰ ਆ ਗਏ। ਦੀਪੂ ਦਾ ਉਦਾਸ ਚਿਹਰਾ ਦੇਖ ਕੇ ਡੈਡੀ ਨੇ ਕਿਹਾ, ‘‘ਮੇਰੀ ਲਾਡੋ ਰਾਣੀ ਕਿਹੜੀ ਸੋਚਾਂ ਸੋਚ ਰਹੀ ਹੈ?’’ ਦੀਪੂ ਨੇ ਕਿਹਾ, ‘‘ਪਾਪਾ, ਮੇਰੀ ਸਹੇਲੀ ਜਸ਼ਨ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਉਹ ਪਿਛਲੇ ਤਿੰਨ ਦਿਨਾਂ ਤੋਂ ਸਕੂਲ ਨਹੀਂ ਆ ਰਹੀ। ਮੈਂ ਜਦੋਂ ਉਸ ਦੇ ਘਰ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਪਿਤਾ ਦੀ ਦਿਹਾੜੀ ਕਦੇ ਲੱਗਦੀ ਹੈ, ਕਦੇ ਨਹੀਂ, ਜਿਸ ਕਰਕੇ ਉਹ ਫ਼ੀਸ ਨਹੀਂ ਭਰ ਸਕੀ ਅਤੇ ਸਕੂਲ ਆਉਣਾ ਬੰਦ ਕਰ ਦਿੱਤਾ।’’ ਦੀਪੂ ਦੇ ਡੈਡੀ ਨੇ ਉਸ ਨੂੰ ਕਿਹਾ, ‘‘ਪੁੱਤ, ਤੂੰ ਚਿੰਤਾ ਨਾ ਕਰ। ਆਪਾਂ ਦੋਵੇਂ ਕੱਲ੍ਹ ਸਵੇਰੇ ਉਨ੍ਹਾਂ ਦੇ ਘਰ ਚੱਲਾਂਗੇ, ਕੋਈ ਨਾ ਕੋਈ ਹੱਲ ਲੱਭ ਜਾਵੇਗਾ।’’
ਜਸ਼ਨ ਦਾ ਪਿਤਾ ਚਰਨ ਦੀਪੂ ਦੇ ਪਿਤਾ ਦਰਸ਼ਨ ਸਿੰਘ ਦਾ ਜਮਾਤੀ ਸੀ।ਚਰਨ ਸਿੰਘ ਵੀ ਪੜ੍ਹਾਈ ਵਿੱਚ ਹੁਸ਼ਿਆਰ ਸੀ, ਉਹ ਕਬੱਡੀ ਦਾ ਵੀ ਚੋਟੀ ਦਾ ਖਿਡਾਰੀ ਸੀ, ਪਰ ਘਰ ਦੀ ਗ਼ਰੀਬੀ ਨੇ ਉਸ ਦੇ ਪੈਰਾਂ ਵਿੱਚ ਜ਼ੰਜੀਰਾਂ ਜਕੜ ਦਿੱਤੀਆਂ ਅਤੇ ਰੋਜ਼ੀ ਰੋਟੀ ਲਈ ਮਿਹਨਤ ਮਜ਼ਦੂਰੀ ਕਰਨੀ ਪਈ। ਇਹ ਸੋਚਾਂ ਸੋਚਦੇ ਹੋਏ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਦਰਸ਼ਨ ਸਿੰਘ ਨੂੰ ਗੂੜ੍ਹੀ ਨੀਂਦ ਆ ਗਈ।
ਸਵੇਰੇ ਤਿਆਰ ਹੋ ਕੇ ਦੀਪੂ ਅਤੇ ਉਸ ਦਾ ਡੈਡੀ ਜਸ਼ਨ ਦੇ ਘਰ ਪਹੁੰਚ ਗਏ। ਜਸ਼ਨ ਦਾ ਪਿਤਾ ਚਰਨ ਘਰੋਂ ਕੰਮ ’ਤੇ ਜਾਣ ਲਈ ਨਿਕਲ ਹੀ ਰਿਹਾ ਸੀ ਕਿ ਅਚਾਨਕ ਦਰਸ਼ਨ ਅਤੇ ਦੀਪੂ ਨੂੰ ਆਉਂਦੇ ਦੇਖ ਕੇ ਰੁਕ ਗਿਆ। ਦਰਸ਼ਨ ਅਤੇ ਚਰਨ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਈ ਅਤੇ ਘਰ ਅੰਦਰ ਚਲੇ ਗਏ। ਦਰਸ਼ਨ ਨੇ ਚਰਨ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਕਿਹਾ, ‘‘ਚਰਨ, ਤੂੰ ਮੇਰਾ ਬਚਪਨ ਦਾ ਮਿੱਤਰ ਏਂ, ਜਿਵੇਂ ਤੂੰ ਪੜ੍ਹਾਈ ਵਿੱਚ ਹੁਸ਼ਿਆਰ ਸੀ, ਉਵੇਂ ਤੇਰੀ ਧੀ ਜਸ਼ਨ ਵੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਅੱਜ ਫਿਰ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਤੀਹ ਸਾਲ ਪਹਿਲਾਂ ਗ਼ੁਰਬਤ ਕਰਕੇ ਤੈਨੂੰ ਪੜ੍ਹਾਈ ਛੱਡਣੀ ਪਈ ਅਤੇ ਅੱਜ ਤੇਰੀ ਧੀ ਗ਼ਰੀਬੀ ਕਰਕੇ ਪੜ੍ਹਾਈ ਛੱਡ ਰਹੀ ਹੈ ਪਰ ਮੈਂ ਇਹ ਨਹੀਂ ਹੋਣ ਦੇਣਾ।’’ ਦਰਸ਼ਨ ਸਿੰਘ ਨੇ ਪੰਜ ਪੰਜ ਸੌ ਦੇ ਚਾਰ ਨੋਟ ਕੱਢ ਕੇ ਚਰਨ ਦੇ ਹੱਥ ’ਤੇ ਧਰਦੇ ਹੋਏ ਕਿਹਾ, ‘‘ਜਸ਼ਨ ਇਕੱਲੀ ਤੇਰੀ ਧੀ ਨਹੀਂ ਸਗੋਂ ਮੇਰੀ ਵੀ ਧੀ ਹੈ। ਮੈਂ ਕਦੇ ਦੀਪੂ ਅਤੇ ਜਸ਼ਨ ਵਿੱਚ ਕੋਈ ਫ਼ਰਕ ਨਹੀਂ ਸਮਝਿਆ। ਅੱਜ ਤੋਂ ਬਾਅਦ ਤੈਨੂੰ ਕੰਮ ਦੀ ਭਾਲ ਕਰਨ ਦੀ ਲੋੜ ਨਹੀਂ। ਮੈਂ ਫੈਕਟਰੀ ਮਾਲਕ ਨਾਲ ਗੱਲ ਕਰਕੇ ਤੇਰੀ ਮਕੈਨਿਕ ਦੀ ਖਾਲੀ ਪੋਸਟ ’ਤੇ ਭਰਤੀ ਕਰਵਾ ਦਿੱਤੀ ਹੈ।’’ ਦਰਸ਼ਨ ਦੀਆਂ ਗੱਲਾਂ ਸੁਣ ਕੇ ਚਰਨ ਦੀਆਂ ਅੱਖਾਂ ਭਰ ਆਈਆਂ। ਉਹ ਬੋਲਿਆ, ‘‘ਤੇਰਾ ਧੰਨਵਾਦ ਭਰਾਵਾ।’’ ‘‘ਧੰਨਵਾਦ ਕਹਿ ਕੇ ਸ਼ਰਮਿੰਦਾ ਨਾ ਕਰ ਚਰਨ ਸਿਆਂ। ਬੰਦਾ ਹੀ ਬੰਦੇ ਦੀ ਦਾਰੂ ਹੁੰਦਾ ਹੈ। ਲੋੜ ਵੇਲੇ ਦੋਸਤ ਹੀ ਦੋਸਤ ਦੇ ਕੰਮ ਆਉਂਦੈ। ਮੈਂ ਤੇਰੀ ਮਦਦ ਕਰਕੇ ਕੋਈ ਉਪਕਾਰ ਨਹੀਂ ਕੀਤਾ ਸਗੋਂ ਆਪਣੀ ਦੋਸਤੀ ਦਾ ਫ਼ਰਜ਼ ਨਿਭਾਇਆ ਹੈ।’’
ਸੰਪਰਕ: 70873-67969