ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਵੇ ਪੰਜਾਬ ਸਰਕਾਰ: ਰੰਧਾਵਾ
ਐਨਪੀ ਧਵਨ
ਪਠਾਨਕੋਟ, 6 ਅਪਰੈਲ
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਟੇ ਦੇ ਜੁਰਮ ਵਿੱਚ ਫੜੀ ਮਹਿਲਾ ਪੁਲੀਸ ਕਰਮਚਾਰੀ ਅਮਨਦੀਪ ਕੌਰ ਦੇ ਮਾਮਲੇ ਦੀ ਜਾਂਚ ਐੱਨਆਈਏ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਿਰਪੱਖ ਜਾਂਚ ਕਰਵਾਉਣ ਨਾਲ ਸਭ ਦੇ ਸਾਹਮਣੇ ਆ ਜਾਵੇਗਾ ਕਿ ਕੌਣ-ਕੌਣ ਇਸ ਵਿੱਚ ਜ਼ਿੰਮੇਵਾਰ ਹਨ। ਉਹ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਰਮਾਨੰਦ ਵਿੱਚ ਆਏ ਹੋਏ ਸਨ, ਜਿੱਥੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਡੇ ਮਗਰਮੱਛਾਂ ਨੂੰ ਛੱਡ ਕੇ ਛੋਟਿਆਂ ’ਤੇ ਬੁਲਡੋਜ਼ਰ ਚਲਾ ਰਹੀ ਹੈ, ਜਿਸ ਦਾ ਵੱਡਿਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਹੈ ਕਿ ਵੱਡੇ ਮਗਰਮੱਛਾਂ ’ਤੇ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਜੜ੍ਹ ਲੱਭਣੀ ਪੈਣੀ ਹੈ ਅਤੇ ਇਹ ਪਤਾ ਲਗਾਉਣਾ ਪੈਣਾ ਹੈ ਕਿ ਨਸ਼ਾ ਕਿੱਥੋਂ ਚਲਦਾ ਹੈ ਤੇ ਡਲਿਵਰੀ ਕਿੱਥੇ ਹੋਣੀ ਹੁੰਦੀ ਹੈ।
ੋਸ੍ਰੀ ਰੰਧਾਵਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਇਹ ਡਰਾਮੇਬਾਜ਼ ਹਨ ਅਤੇ ਇਹ ਕੋਈ ਲੋਕ ਸੇਵਾ ਕਰਨ ਨਹੀਂ ਆਏ। ਪਹਿਲਾਂ ਇਹ ਆਪਣੇ-ਆਪ ਨੂੰ ਆਮ ਆਦਮੀ ਦੱਸਦੇ ਸਨ ਪਰ ਅੱਜ-ਕੱਲ੍ਹ ਇਹ ਖਾਸ ਬਣ ਕੇ ਰਹਿ ਗਏ ਹਨ। ਉਨ੍ਹਾਂ ਚੁਟਕੀ ਲੈਂਦੇ ਹੋਏ ਕਿਹਾ ਕਿ ਇਹ ਹਵਾ ਨਾਲ ਬਣ ਗਏ ਤੇ ਇਨ੍ਹਾਂ ਹਵਾ ਨਾਲ ਹੀ ਉਡ ਜਾਣਾ ਹੈ। ਉਨ੍ਹਾਂ ਵਿਧਾਨ ਸਭਾ ਹਲਕਾ ਭੋਆ ਲਈ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।