ਬੰਬ ਵਾਲਾ ਬਿਆਨ: ਦੋ ਪੁਲੀਸ ਅਧਿਕਾਰੀਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੋਂ ਚੰਡੀਗੜ੍ਹ ਵਿਚਲੀ ਰਿਹਾਇਸ਼ ਉੱਤੇ ਪੁੱਛ-ਪੜਤਾਲ
ਆਤਿਸ਼ ਗੁਪਤਾ
ਚੰਡੀਗੜ੍ਹ, 13 ਅਪਰੈਲ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੰਘੇ ਦਿਨ ਨਿੱਜੀ ਚੈਨਲ ਉੱਤੇ ਬੰਬ ਬਾਰੇ ਦਿੱਤੇ ਬਿਆਨ ਤੋਂ ਬਾਅਦ ਅੱਜ ਪੰਜਾਬ ਪੁਲੀਸ ਦੇ ਦੋ ਅਧਿਕਾਰੀਆਂ ਨੇ ਬਾਜਵਾ ਤੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਚ ਪੁੱਛ ਪੜਤਾਲ ਕੀਤੀ ਹੈ। ਇਨ੍ਹਾਂ ਪੁਲੀਸ ਅਧਿਕਾਰੀਆਂ ਨੇ ਬਾਜਵਾ ਤੋਂ ਬੰਬ ਵਾਲੇ ਬਿਆਨ ਬਾਰੇ ਸਵਾਲ ਜਵਾਬ ਕੀਤੇ ਅਤੇ ਸੂਤਰਾਂ ਬਾਰੇ ਜਾਣਕਾਰੀ ਮੰਗੀ ਹੈ। ਦੋਵੇਂ ਪੁਲੀਸ ਅਧਿਕਾਰੀ ਕੁਝ ਸਮਾਂ ਪੁੱਛ-ਪੜਤਾਲ ਕਰਨ ਤੋਂ ਬਾਅਦ ਚਲੇ ਗਏ।
ਪ੍ਰਤਾਪ ਸਿੰਘ ਬਾਜਵਾ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਦੋ ਪੁਲੀਸ ਅਧਿਕਾਰੀ ਪੁੱਛਗਿੱਛ ਲਈ ਆਏ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਜਾਣਕਾਰੀ ਦੇਣ ਵਾਲੇ ਸੂਤਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਮ ਦੱਸਣ ਤੋਂ ਜ਼ਰੂਰ ਇਨਕਾਰ ਕੀਤਾ ਹੈ। ਬਾਜਵਾ ਨੇ ਮੰਨਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਦੋ ਦਿਨ ਪਹਿਲਾਂ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ। ਬਾਜਵਾ ਨੇ ਦੱਸਿਆ, ‘‘ਉਕਤ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਸਰਕਾਰ ਦੇ ਹੱਥ ਵੱਸ ਕੁਝ ਨਹੀਂ ਹੈ। ਤੁਸੀਂ ਅਤਿਵਾਦ ਪੀੜਤ ਪਰਿਵਾਰ ਨਾਲ ਸਬੰਧਤ ਹੋ, ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ।’’ ਬਾਜਵਾ ਨੇ ਕਿਹਾ ਕਿ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੰਜਾਬ ਦੇ ਹਿੱਤਾਂ ਲਈ ਜੋ ਵੀ ਮਦਦ ਹੋ ਸਕੇਗੀ, ਉਹ ਜ਼ਰੂਰ ਕਰਨਗੇ।
ਬਾਜਵਾ ਨੇ ਬੰਬ ਵਾਲੇ ਬਿਆਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ: ਏਆਈਜੀ ਕਾਊਂਟਰ ਇੰਟੈਲੀਜੈਂਸ
