Punjab News: ਲਾਪ੍ਰਵਾਹੀ ਦੇ ਦੋਸ਼ ਹੇਠ ਤਿੰਨ ਥਾਣਾ ਮੁਖੀ ਲਾਈਨ ਹਾਜ਼ਰ; ਚੌਕੀ ਇੰਚਾਰਜ ਦਾ ਤਬਾਦਲਾ
ਕੇ ਪੀ ਸਿੰਘ
ਗੁਰਦਾਸਪੁਰ, 19 ਅਪਰੈਲ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਲਾਪ੍ਰਵਾਹੀ ਦਿਖਾਉਣ ਵਾਲੇ, ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ਤੇ ਪੁਲੀਸ ਗਤੀਵਿਧੀਆਂ ਵਿੱਚ ਸਰਗਰਮੀ ਨਾ ਦਿਖਾਉਣ ਵਾਲੇ ਕੁਝ ਪੁਲੀਸ ਅਧਿਕਾਰੀਆਂ ਖ਼ਿਲਾਫ਼ ਐਸੱਐੱਸਪੀ ਅਦਿੱਤਿਆ ਵੱਲੋਂ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਤਿੰਨ ਥਾਣਾ ਮੁਖੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਇੱਕ ਚੌਂਕੀ ਇੰਚਾਰਜ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਇੱਕ ਹੋਰ ਚੌਂਕੀ ਇੰਚਾਰਜ ਨੂੰ ਕੰਮ ਪ੍ਰਤੀ ਸੁਚੇਤ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਿਟੀ ਗੁਰਦਾਸਪੁਰ ਥਾਣਾ ਮੁਖੀ ਗੁਰਮੀਤ ਸਿੰਘ, ਥਾਣਾ ਬਹਿਰਾਮਪੁਰ ਮੁਖੀ ਓਂਕਾਰ ਸਿੰਘ, ਥਾਣਾ ਪੁਰਾਣਾ ਸ਼ਾਲਾ ਮੁਖੀ ਮੋਹਨ ਲਾਲ ਨੂੰ ਤੁਰੰਤ ਪ੍ਰਭਾਵ ਨਾਲ ਐਸੱਐੱਸਪੀ ਅਦਿੱਤਿਆ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦ ਕਿ ਜੌੜਾ ਛੱਤਰਾਂ ਚੌਕੀ ਇੰਚਾਰਜ ਜੀਵਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਬਰਿਆਰ ਚੌਂਕੀ ਇੰਚਾਰਜ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਕੰਮ ਪ੍ਰਤੀ ਸੰਜੀਦਾ ਨਾ ਹੋਏ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਜਦੋਂ ਇਸ ਸੰਬੰਧ ਵਿੱਚ ਐੱਸ ਐੱਸ ਪੀ ਅਦਿੱਤਿਆ ਨਾਲ ਫ਼ੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ਜਾਂ ਨਸ਼ੇ ਦੀ ਰੋਕਥਾਮ ਪ੍ਰਤੀ ਲਾਪ੍ਰਵਾਹੀ ਦਿਖਾਉਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਅਜਿਹੀਆਂ ਹੀ ਕਾਰਵਾਈਆਂ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਥਾਣਾ ਘੁੰਮਣ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਵੱਲੋਂ ਇਰਾਦਾ ਕਤਲ ਦੇ ਇੱਕ ਮਾਮਲੇ ਨੂੰ ਲਟਕਾਉਣ ਕਾਰਨ ਐੱਸਐੱਸਪੀ ਵੱਲੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ।