ਜਹਾਜ਼ ’ਚੋਂ ਨਿਕਲੇ ਚੰਗਿਆੜਿਆਂ ਕਾਰਨ ਲੋਕ ਸਹਿਮੇ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਮਈ
ਇੱਥੋਂ ਨੇੜਲੇ ਪਿੰਡਾਂ ਵਿਚ ਅੱਜ ਕਰੀਬ ਇਕ ਵਜੇ ਜਦੋਂ ਜਹਾਜ਼ ਵਲੋਂ ਚੰਗਿਆੜੇ ਛੱਡੇ ਗਏ ਤਾਂ ਲੋਕਾਂ ਵਿੱਚ ਸਹਿਮ ਫੈਲ ਗਿਆ। ਇਸ ਦੌਰਾਨ ਇਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਹ ਜਹਾਜ਼ ਪਿੰਡ ਕਾਉਂਕੇ, ਅਕਾਲਗੜ੍ਹ, ਛੌੜੀਆਂ ਤੋਂ ਗੁਜ਼ਰ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਪੁਲੀਸ ਤੋਂ ਇਲਾਵਾ ਐੱਸਐੱਸਪੀ (ਖੰਨਾ) ਡਾ. ਜੋਤੀ ਯਾਦਵ, ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਇਨ੍ਹਾਂ ਪਿੰਡਾਂ ਵਿੱਚ ਪੁੱਜੇ। ਜਹਾਜ਼ ’ਚੋਂ ਚੰਗਿਆੜੇ ਨਿਕਲਣ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਕਿ ਕਿਤੇ ਕੋਈ ਮਿਜ਼ਾਈਲ ਜਾਂ ਬੰਬਨੁਮਾ ਵਸਤੂ ਤਾਂ ਨਹੀਂ ਡਿੱਗੀ ਪਰ ਉਨ੍ਹਾਂ ਨੂੰ ਕੁਝ ਵੀ ਨਾ ਮਿਲਿਆ।
ਐੱਸਐੱਸਪੀ ਡਾ. ਜੋਤੀ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕਾਉਂਕੇ ਨੇੜੇ ਅਸਮਾਨ ਵਿੱਚ ਘੁੰਮਦੇ ਜਹਾਜ਼ ਵੱਲੋਂ ਚੰਗਿਆੜੇ ਨਿਕਲੇ ਹਨ, ਇਸ ’ਤੇ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਜਦੋਂ ਏਅਰ ਫੋਰਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਅਸਮਾਨ ਵਿੱਚ ਜੋ ਜਹਾਜ਼ ਵੱਲੋਂ ਚੰਗਿਆੜੇ ਛੱਡੇ ਗਏ ਹਨ ਉਹ ਕੇਵਲ ਫੌਜੀ ਅਭਿਆਸ ਹੈ ਅਤੇੇ ਜਹਾਜ਼ ਵੱਲੋਂ ਅਜਿਹਾ ਕੁਝ ਨਹੀਂ ਸੁੱਟਿਆ ਗਿਆ ਜਿਸ ਨਾਲ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਵੇ।
ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਫੈਲਾਉਣ ਜਿਸ ਨਾਲ ਜਨਤਾ ਵਿੱਚ ਸਹਿਮ ਦਾ ਮਾਹੌਲ ਬਣੇ। ਐੱਸਐੱਸਪੀ ਨੇ ਕਿਹਾ ਕਿ ਜੰਗ ਦੇ ਮਾਹੌਲ ਦੌਰਾਨ ਕੋਈ ਵਿਅਕਤੀ ਅਜਿਹੀ ਵੀਡੀਓ ਵਾਇਰਲ ਨਾ ਕਰੇ ਜਿਸ ਨਾਲ ਲੋਕਾਂ ਵਿਚ ਡਰ ਬੈਠੇ ਸਗੋਂ ਇਸ ਦੀ ਸੂਚਨਾ ਸਭ ਤੋਂ ਪਹਿਲਾਂ ਪੁਲੀਸ ਨੂੰ ਦਿੱਤੀ ਜਾਵੇ। ਜੇ ਇਲਾਕੇ ਵਿਚ ਸਾਇਰਨ ਵੱਜੇ ਤਾਂ ਤੁਰੰਤ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ।