ਦਾਰਾਪੁਰ ਵਿੱਚ ਬੰਬ ਦੇ ਖੋਲ ਮਿਲੇ
ਕੇਪੀ ਸਿੰਘ
ਗੁਰਦਾਸਪੁਰ, 9 ਮਈ
ਇੱਥੇ ਵੀਰਵਾਰ ਰਾਤ ਬਲੈਕ ਆਊਟ ਹੋਣ ਦੇ ਕਰੀਬ ਅੱਧਾ ਘੰਟਾ ਬਾਅਦ ਸ਼ਹਿਰ ਵਿੱਚ ਧਮਾਕੇ ਦੀ ਆਵਾਜ਼ ਨਾਲ ਲੋਕ ਸਹਿਮ ਗਏ। ਇਹ ਧਮਾਕੇ ਤਿੱਬੜੀ ਕੈਂਟ ਵਾਲੇ ਪਾਸਿਉਂ ਸੁਣਾਈ ਦਿੱਤੇ ਜਿਸ ਨਾਲ ਲੋਕਾਂ ਵਿੱਚ ਸਹਿਮ ਫੈਲ ਗਿਆ। ਇਸ ਤੋਂ ਅੱਧਾ ਘੰਟਾ ਬਾਅਦ ਫਿਰ ਤੋਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਧਮਾਕਿਆਂ ਮੌਕੇ ਅਸਮਾਨ ਵਿੱਚ ਰੌਸ਼ਨੀ ਦੇ ਗੋਲੇ ਵੀ ਵੇਖੇ। ਦੱਸਿਆ ਗਿਆ ਕਿ ਇਹ ਕਾਰਵਾਈ ਪਾਕਿਸਤਾਨੀ ਡਰੋਨਾਂ ਨੂੰ ਨਸ਼ਟ ਕਰਨ ਦੇ ਮੱਦੇਨਜ਼ਰ ਕੀਤੀ ਗਈ ਸੀ।
ਧਮਾਕਿਆਂ ਦੀ ਆਵਾਜ਼ ਮਗਰੋਂ ਲੋਕ ਸੜਕਾਂ ’ਤੇ ਵੀ ਆ ਗਏ ਅਤੇ ਕੁਝ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਇਹ ਧਮਾਕੇ ਰਾਤ ਸਾਢੇ ਨੌਂ ਅਤੇ ਦਸ ਵਜੇ ਦੇ ਕਰੀਬ ਅੱਧੇ ਘੰਟੇ ਦੇ ਵਕਫ਼ੇ ਨਾਲ ਸੁਣੇ ਗਏ। ਇਸ ਤੋਂ ਇਲਾਵਾ ਕਾਹਨੂੰਵਾਨ ਇਲਾਕੇ ਦੇ ਪਿੰਡ ਦਾਰਾਪੁਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਕਾਰਨ ਬੰਬ ਦੇ ਖੋਲ ਡਿੱਗੇ ਜਿਨ੍ਹਾਂ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਪਿੰਡ ਨਿਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਉੱਤੇ ਖ਼ੋਲ ਵੱਜਣ ਨਾਲ ਜ਼ੋਰਦਾਰ ਖੜਾਕ ਹੋਇਆ। ਜਦੋਂ ਉਨ੍ਹਾਂ ਦੇਖਿਆ ਤਾਂ ਦਰਵਾਜ਼ੇ ਦੇ ਬਾਹਰ ਇੱਕ ਬੰਬਨੁਮਾ ਚੀਜ਼ ਦੇ ਖ਼ੋਲ ਪਏ ਹੋਏ ਸਨ। ਇਸ ਦੀ ਸੂਚਨਾ ਤੁਰੰਤ ਥਾਣਾ ਭੈਣੀ ਮੀਆਂ ਖ਼ਾਨ ਦੀ ਪੁਲੀਸ ਨੂੰ ਦਿੱਤੀ ਗਈ। ਇਸ ਮੌਕੇ ਥਾਣਾ ਮੁਖੀ ਸਰਬਜੀਤ ਸਿੰਘ ਚਾਹਲ ਨੇ ਇਹ ਖ਼ੋਲ ਆਪਣੇ ਕਬਜ਼ੇ ਵਿੱਚ ਲੈ ਲਿਆ। ਡਿਪਟੀ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਖੇਤਾਂ ’ਚ ਡਿੱਗੀ ਮਿਜ਼ਾਈਲ ਨਸ਼ਟ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਜੇਠੂਵਾਲ ਨੇੜਲੇ ਪਿੰਡ ਮੱਖਣਵਿੰਡੀ ਦੇ ਖੇਤਾਂ ਵਿੱਚ ਲੰਘੀ ਰਾਤ ਡਿੱਗੀ ਮਿਜ਼ਾਈਲ ਨੂੰ ਅੱਜ ਸਵੇਰੇ ਏਅਰ ਫੋਰਸ ਅਤੇ ਫੌਜ ਦੇ ਮਾਹਿਰਾਂ ਨੇ ਨਸ਼ਟ ਕਰ ਦਿੱਤਾ। ਇਸ ਦੌਰਾਨ ਧਮਾਕੇ ਕਾਰਨ ਅਸਮਾਨ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ। ਇਸ ਮੌਕੇ ਡੀਐੱਸਪੀ ਰਵਿੰਦਰ ਸਿੰਘ ਜੰਡਿਆਲਾ ਗੁਰੂ, ਐੱਸਐੱਚਓ ਹਰਚੰਦ ਸਿੰਘ ਤੇ ਚੌਕੀ ਇੰਚਾਰਜ ਤਰਸੇਮ ਸਿੰਘ ਨੇ ਲੋਕਾਂ ਨੂੰ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਅਤੇ ਪੁਲੀਸ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ।