Punjab News: ਬੱਬਰ ਖਾਲਸਾ ਵੱਲੋਂ ਪਾਕਿ-ਆਈਐਸਆਈ ਦੇ ਸਹਿਯੋਗ ਨਾਲ ਚਲਾਏ ਮਾਡਿਊਲ ਦਾ ਪਰਦਾਫਾਸ਼
ਹਤਿੰਦਰ ਮਹਿਤਾ
ਜਲੰਧਰ, 19 ਅਪਰੈਲ
ਪੰਜਾਬ ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵੱਲੋਂ ਵਿਦੇਸ਼ਾਂ ਤੋਂ ਆਈਐਸਆਈ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਅਤਿਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ ਰਾਜ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਦੋ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਸਮੇਤ ਇੱਕ ਲਾਂਚਰ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਦੋ ਵੱਖ-ਵੱਖ ਖੁਫੀਆ ਅਪਰੇਸ਼ਨਾਂ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਅਤੇ ਜ਼ਿਲ੍ਹਾ ਪੁਲੀਸ ਬਟਾਲਾ ਨੇ ਦੋਵਾਂ ਮਾਡਿਊਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕੀਤਾ ਅਤੇ ਇੱਕ ਨਾਬਾਲਗ ਸਮੇਤ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਨੇ ਕਿਹਾ ਕਿ ਪਾਕਿਸਤਾਨ-ਆਧਾਰਿਤ ਆਈਐਸਆਈ ਵੱਲੋਂ ਸਪਾਂਸਰ ਕੀਤੇ ਗਏ ਅਤਿਵਾਦੀ ਮਾਡਿਊਲਾਂ ਨੂੰ ਬੀ.ਕੇ.ਆਈ. ਵੱਲੋਂ ਨਿਯੰਤਰਿਤ ਕੀਤਾ ਜਾ ਰਿਹਾ ਸੀ, ਜਿਨ੍ਹਾਂ ਦੇ ਦੋ ਮੁੱਖ ਸੰਚਾਲਨ ਨੋਡ ਸਨ, ਫਰਾਂਸ-ਆਧਾਰਿਤ ਸਤਨਾਮ ਸਿੰਘ ਉਰਫ ਸੱਤਾ ਅਤੇ ਗ੍ਰੀਸ-ਆਧਾਰਿਤ ਜਸਵਿੰਦਰ ਸਿੰਘ ਉਰਫ ਮੰਨੂ ਅਗਵਾਨ। ਉਕਤ ਮੁਲਜ਼ਮਾਂ ਦੀ ਭੂਮਿਕਾ ਪਹਿਲਾਂ ਵੀ ਵੱਖ-ਵੱਖ ਕਾਰਵਾਈਆਂ ਵਿੱਚ ਸਾਹਮਣੇ ਆਈ ਸੀ, ਜਿਸ ਵਿੱਚ ਸਤਨਾਮ 2010 ਦੇ ਆਈਈਡੀ ਅਤੇ ਆਰਡੀਐਕਸ ਬਰਾਮਦਗੀ ਕੇਸ ਵਿੱਚ ਸ਼ਾਮਲ ਪਾਇਆ ਗਿਆ ਸੀ।
ਦੂਜੇ ਮਾਡਿਊਲ ਸਬੰਧੀ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲੀਸ (ਐਸਐਸਪੀ) ਬਟਾਲਾ ਸੁਹੈਲ ਕਾਸਿਮ ਮੀਰ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਟੀਮਾਂ ਨੇ ਇੱਕ 17 ਸਾਲਾ ਨਾਬਾਲਗ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਅੱਠ ਵਿਅਕਤੀਆਂ ਦੀ ਪਛਾਣ ਪਵਨਪ੍ਰੀਤ ਸਿੰਘ, ਬਲਬੀਰ ਕੁਮਾਰ ਉਰਫ਼ ਵਰੁਣ, ਗੋਮਜੀ ਉਰਫ਼ ਗੋਟਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਅਜੈਪਾਲ ਸਿੰਘ, ਰਾਹੁਲ ਉਰਫ਼ ਭਈਆ ਅਤੇ ਜੋਹਨਸਨ, ਸਾਰੇ ਵਾਸੀ ਬਟਾਲਾ ਅਤੇ ਕਪੂਰਥਲਾ ਦੇ ਜਤਿੰਦਰ ਵਜੋਂ ਹੋਈ ਹੈ।