ਵਿਜੀਲੈਂਸ ਬਿਊਰੋ ਵੱਲੋਂ ਬੀਡੀਪੀਓ ਅਮਲੋਹ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਰਾਮ ਸਰਨ ਸੂਦ
ਅਮਲੋਹ, 5 ਮਈ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਥੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਅਮਲੋਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਬਲਕਾਰ ਸਿੰਘ ਨੂੰ 60 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਮਲੋਹ ਬਲਾਕ ਦੇ ਪਿੰਡ ਦੀਵਾਂ ਗੰਢੂਆਂ ਦੇ ਸਾਬਕਾ ਸਰਪੰਚ ਬਿੱਕਰ ਸਿੰਘ ਨੇ ਇਸ ਸਬੰਧੀ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸਰਪੰਚੀ ਦੇ ਕਾਰਜਕਾਲ ਦੌਰਾਨ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਮਾਈਨਿੰਗ ਦਾ ਮਾਮਲਾ ਵਧੀਕ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਪਾਸ ਵਿਚਾਰ ਅਧੀਨ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਕੇਸ ਦਾ ਹੱਲ ਕਰਨ ਵਿਚ ਮਦਦ ਬਦਲੇ ਉਸ ਤੋਂ 1 ਲੱਖ ਰੁਪਏ ਕਥਿਤ ਰਿਸ਼ਵਤ ਮੰਗੀ ਗਈ ਸੀ ਅਤੇ ਅੱਜ 60 ਹਜ਼ਾਰ ਰੁਪਏ ਦੀ ਰਾਸ਼ੀ ਇਸ ਵਿਚੋਂ ਲਈ ਗਈ।
ਵਿਭਾਗ ਦੇ ਉਡਣ ਦਸਤੇ ਦੀ ਟੀਮ ਨੇ ਇਸ ਸਬੰਧੀ ਜਾਲ ਵਿਛਾਇਆ ਹੋਇਆ ਸੀ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਕਥਿਤ ਦੋਸ਼ੀ ਪਾਸੋਂ 60 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਸ ਬਿਊਰੋ ਦੇ ਪੁਲੀਸ ਥਾਣਾ ਫਲਾਇੰਗ ਸਕੂਐਡ-1 ਪੰਜਾਬ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਸ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।