ਕਰੋਨਾ ਆਇਆ ਤੇ ਗਿਆ
ਗਿੰਨੀ ਸਾਗੂ
ਅੱਜ ਬੈਠੇ ਬੈਠੇ ਸੋਚ ਰਿਹਾ ਸੀ ਕਿ ਕਰੋਨਾ ਪੰਜ ਕੁ ਸਾਲ ਪਹਿਲਾਂ ਇਸ ਜਗਤ ’ਤੇ ਇਸ ਤਰ੍ਹਾਂ ਪਸਰ ਰਿਹਾ ਸੀ ਕਿ ਲੱਗਦਾ ਸੀ ਕਿ ਕੋਈ ਵੀ ਜਿੰਦਾ ਨਹੀਂ ਬਚ ਪਾਏਗਾ ਤੇ ਦੁਨੀਆ ਖ਼ਤਮ ਹੋ ਜਾਏਗੀ। ਦੂਜੇ ਪਾਸੇ ਅੱਜ ਕਿਸੇ ਤਰ੍ਹਾਂ ਦਾ ਵੀ ਫ਼ਿਕਰ ਨਹੀਂ ਹੈ।
ਨਵੰਬਰ 2019 ਦੀ ਗੱਲ ਹੈ| ਮੈਂ ਸੋਚਿਆ ਕਿ ਕਿਉਂਕਿ ਨਾ ਨੌਕਰੀ ਕਰਨ ਨਾਲੋਂ ਕੋਈ ਕਾਰੋਬਾਰ ਸ਼ੁਰੂ ਕੀਤਾ ਜਾਵੇ। ਆਖਿਰ ਮਨ ਬਣ ਗਿਆ ਕਿ ਆਸਟਰੇਲੀਆ ਪੋਸਟ ਦੀ ਫਰੈਂਚਾਈਜ਼ ਹੀ ਸਹੀ ਰਹੇਗੀ ਤੇ ਇਹ ਜ਼ਿਆਦਾ ਸਿਰ ਦਰਦ ਵਾਲਾ ਕੰਮ ਵੀ ਨਹੀਂ| ਸਵੇਰੇ ਨੌਂ ਤੋਂ ਪੰਜ ਵਜੇ ਤੱਕ ਕੰਮ ਕਰਕੇ ਸ਼ਾਮ ਨੂੰ ਬੰਦਾ ਘਰ ਆ ਜਾਂਦਾ ਹੈ| ਚਲੋ ਜੀ ਕੰਮ ਖਿੱਚ ਲਿਆ ਤੇ ਜਨਵਰੀ ਵਿੱਚ ਮੇਰੀ ਟਰੇਨਿੰਗ ਸ਼ੁਰੂ ਹੋ ਗਈ| ਫਰਵਰੀ ਦੇ ਹਫ਼ਤੇ ਪੋਸਟ ਆਫਿਸ ਵਿੱਚ ਟਰੇਨਿੰਗ ਦੌਰਾਨ ਹੈੱਡਕੁਆਰਟਰ ਤੋਂ ਸੁਨੇਹਾ ਪਹੁੰਚਿਆ ਕਿ ਜਿੰਨੇ ਵੀ ਪਾਰਸਲ ਚੀਨ ਵੱਲ ਜਾ ਰਹੇ ਉਨ੍ਹਾਂ ਵਿੱਚ ਹੈਂਡ ਸੈਨੇਟਾਈਜ਼ਰ ਜਾਂ ਮਾਸਕ ਭੇਜਣ ਦੀ ਮਨਾਹੀ ਕਰ ਦਿੱਤੀ ਹੈ| ਜੇ ਕੋਈ ਲੁਕੋ ਕੇ ਵੀ ਭੇਜੂਗਾ ਤਾਂ ਮੈਲਬੌਰਨ ਦੇ ਏਅਰਪੋਰਟ ਤੋਂ ਹੀ ਉੁਹ ਪਾਰਸਲ ਵਾਪਸ ਭੇਜਣ ਵਾਲੇ ਨੂੰ ਭੇਜ ਦਿੱਤਾ ਜਾਵੇਗਾ| ਇਹ ਸੁਨੇਹਾ ਪ੍ਰਿੰਟ ਕਰ ਕੇ ਬੈਂਚਾਂ ਕੋਲ ਚੇਪ ਦਿੱਤਾ ਗਿਆ| ਇੱਕ ਵਾਰ ਤਾਂ ਸਭ ਨੂੰ ਝਟਕਾ ਲੱਗਾ ਕਿ ਇਹ ਹੋ ਕੀ ਰਿਹਾ ਹੈ ਕਿਉਂਕਿ ਅੱਜ ਤੱਕ ਤਾਂ ਅਜਿਹਾ ਕੁਝ ਹੋਇਆ ਨਹੀਂ ਸੀ। ਕਰੋਨਾ ਬਾਰੇ ਹਲਕੀਆਂ ਫੁਲਕੀਆਂ ਖ਼ਬਰਾਂ ਜ਼ਰੂਰ ਸੁਣਨ ਨੂੰ ਮਿਲ ਰਹੀਆਂ ਸਨ ਕਿ ਚੀਨ ਵਿੱਚ ਕੋਈ ਬਿਮਾਰੀ ਫੈਲੀ ਹੈ, ਪਰ ਉੁਸ ਦਾ ਅਸਰ ਹਜ਼ਾਰਾਂ ਮੀਲ ਦੂਰ ਆਸਟਰੇਲੀਆ ਵਿੱਚ ਹੋ ਰਿਹਾ ਹੈ, ਇਹ ਅਚੰਭੇ ਵਾਲੀ ਗੱਲ ਸੀ| ਹਰ ਰੋਜ਼ ਡਾਕਖਾਨੇ ਵਿੱਚ ਲੋਕਾਂ ਨਾਲ ਬਹਿਸਬਾਜ਼ੀ ਹੋ ਰਹੀ ਸੀ ਕਿ ਉੁਹ ਇਹ ਸਾਮਾਨ ਚੀਨ ਵੱਲ ਕਿਉਂ ਨਹੀਂ ਭੇਜ ਪਾ ਰਹੇ ਤੇ ਮਾਰਚ 2020 ਦਾ ਪਹਿਲਾ ਹਫ਼ਤਾ ਹੁੰਦੇ ਤੱਕ ਆਸਟਰੇਲੀਆ ਤੋਂ ਕਿਸੇ ਵੀ ਮੁਲਕ ਵਿੱਚ ਪੋਸਟ ਰਾਹੀਂ ਇਹ ਸਾਮਾਨ ਤੇ ਦਵਾਈਆਂ ਭੇਜਣ ’ਤੇ ਪੂਰਨ ਤੌਰ ’ਤੇ ਪਾਬੰਦੀ ਲੱਗ ਗਈ| ਹਰ ਰੋਜ਼ ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੇ ਚੀਫ ਮੈਡੀਕਲ ਅਫ਼ਸਰ ਵੱਲੋਂ ਕਰੋਨਾ ਬਾਬਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਲੱਗ ਗਈਆਂ|
ਅੱਠ ਮਾਰਚ 2020 ਨੂੰ ਅਸੀਂ ਮੈਲਬੌਰਨ ਵਿੱਚ ਮੇਰੇ ਮਾਤਾ-ਪਿਤਾ ਦੇ ਵਿਆਹ ਦੀ ਚਾਲੀਵੀਂ ਵਰ੍ਹੇਗੰਢ ਮਨਾ ਰਹੇ ਸੀ| ਪ੍ਰੋਗਰਾਮ ਵਾਲੇ ਦਿਨ ਤਕਰੀਬਨ ਬਹੁਤੇ ਪਰਿਵਾਰ ਪਹੁੰਚੇ ਨਹੀਂ, ਅਗਲੇ ਦਿਨ ਮੈਨੂੰ ਸਭ ਨੇ ਇਹੀ ਕਿਹਾ ਕਿ ਬਾਈ ਕਰੋਨਾ ਫੈਲ ਰਿਹਾ ਹੋਣ ਕਾਰਨ ਹੀ ਉੁਹ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਸਨ| ਪੰਦਰਾਂ ਮਾਰਚ ਤੱਕ ਬਹੁਤ ਲੋਕ ਕਰੋਨਾ ਨੂੰ ਗੰਭੀਰਤਾ ਨਾਲ ਲੈਣ ਲੱਗ ਗਏ ਸਨ। ਸਾਮਾਨ ਨਾਲ ਭਰੇ ਸਟੋਰ ਖਾਲੀ ਹੋਣ ਲੱਗ ਗਏ। ਬਹੁਤ ਲੋਕ ਘਰਾਂ ਵਿੱਚ ਵੱਡੀ ਤਾਦਾਦ ’ਚ ਸਾਮਾਨ ਸਟੋਰ ਕਰ ਚੁੱਕੇ ਸਨ। ਕਰਮਚਾਰੀ ਕੰਮਾਂ ’ਤੇ ਜਾਣ ਤੋਂ ਡਰ ਰਹੇ ਸਨ ਜਾਂ ਗਾਹਕ ਘੱਟ ਆਉਣ ਕਾਰਨ ਮਾਲਕ ਘੱਟ ਸ਼ਿਫਟਾਂ ਦੇ ਰਿਹਾ ਸੀ| ਕਰੋਨਾ ਦਾ ਖੌਫ਼ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ|
ਵੀਹ ਮਾਰਚ 2020 ਹੁੰਦੇ ਤੱਕ ਸਰਕਾਰ ਨੇ ਫਲਾਈਟਾਂ ਬੰਦ ਕਰ ਦਿੱਤੀਆਂ ਸਨ। ਇੱਕੀ ਮਾਰਚ ਦੀ ਦਿੱਲੀ ਤੋਂ ਉਸ ਸਮੇਂ ਆਖਰੀ ਫਲਾਈਟ ਮੈਲਬੌਰਨ ਪਹੁੰਚੀ ਸੀ ਜਿਸ ਵਿੱਚ ਮੇਰਾ ਦੋਸਤ ਵਿੱਕੀ ਸ਼ਰਮਾ ਤੇ ਉੁਹਦੀ ਘਰਵਾਲੀ ਆਪਣੇ ਬੇਟੇ ਨਾਲ ਪਹੁੰਚੇ ਸਨ| ਉੁਨ੍ਹਾਂ ਨੂੰ ਮੈਲਬੌਰਨ ਏਅਰਪੋਰਟ ’ਤੇ ਹਦਾਇਤ ਦਿੱਤੀ ਗਈ ਕਿ ਇੱਥੋਂ ਸਿੱਧਾ ਆਪਣੇ ਘਰ ਜਾਣਾ ਹੈ ਤੇ ਪੰਜ ਅਪਰੈਲ ਤੱਕ ਆਪਣੇ ਘਰ ਵਿੱਚ ਹੀ ਬੰਦ ਰਹਿਣਾ ਹੈ। ਉੁਸ ਦੇ ਘਰ ਖਾਣਾ ਪਹੁੰਚਾਉਣ ਦੀ ਜ਼ਿੰਮੇਵਾਰੀ ਮੈਲਬੌਰਨ ਦੀ ਸਿੱਖ ਵਾਲੰਟੀਅਰ ਸੰਸਥਾ ਨੇ ਨਿਭਾਈ ਸੀ। ਇਸੀ ਸੰਸਥਾ ਨੇ ਕਰੋਨੇ ਸਮੇਂ ਬਹੁਤੇ ਲੋਕਾਂ ਦੇ ਘਰ ਮੁਫ਼ਤ ਵਿੱਚ ਭੋਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਬਹੁਤ ਥਾਵਾਂ ’ਤੇ ਲੋੜਵੰਦਾਂ ਨੂੰ ਮੁਫ਼ਤ ਵਿੱਚ ਖਾਣਾ ਮੁਹੱਈਆ ਕਰਵਾ ਰਹੀ ਹੈ| ਜਿੰਨੇ ਵੀ ਪਰਵਾਸੀਆਂ ਦੇ ਮਾਂ-ਬਾਪ ਆਸਟਰੇਲੀਆ ਵਿੱਚ ਰਹਿ ਗਏ ਸਨ, ਉੁਹ ਆਸਟਰੇਲੀਆ ਛੱਡ ਕੇ ਜਾ ਨਹੀਂ ਸਕਦੇ ਸੀ ਕਿਉੁਂਕਿ ਸਭ ਏਅਰਲਾਈਨਜ਼ ਆਪਣੇ ਰੂਟ ਬੰਦ ਕਰ ਚੁੱਕੀਆਂ ਸਨ, ਪਰ ਸਰਕਾਰ ਨੇ ਨਵੇਂ ਨਿਯਮ ਬਣਾ ਕੇ ਘੱਟ ਵੀਜ਼ੇ ਵਾਲਿਆਂ ਦੇ ਵੀਜ਼ੇ ਵਧਾ ਦਿੱਤੇ ਸਨ| ਇਕੱਤੀ ਮਾਰਚ ਤੱਕ ਆਸਟਰੇਲੀਆ ਦੇ ਖ਼ੂਬਸੂਰਤ ਸ਼ਹਿਰ ਮੈਲਬੌਰਨ ਦਾ ਰਾਜ ਵਿਕਟੋਰੀਆ ਸਟੇਜ ਤਿੰਨ ਵਿੱਚ ਪਹੁੰਚ ਗਿਆ ਸੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਕਰਨ ਦੇ ਹੁਕਮ ਹੋ ਚੁੱਕੇ ਸਨ|
ਮੇਰਾ ਡਾਕਖਾਨਾ ਜੋ ਮੈਂ ਪਹਿਲੀ ਅਪਰੈਲ 2020 ਤੋਂ ਸ਼ੁਰੂ ਕਰਨਾ ਸੀ, ਉੁਸ ਦੀ ਤਰੀਕ ਇੱਕ ਮਹੀਨਾ ਵਧਾ ਕੇ ਇੱਕ ਮਈ ਕਰ ਦਿੱਤੀ ਗਈ ਕਿਉੁਂਕਿ ਸਭ ਦੁਕਾਨਾਂ ਤੇ ਦਫ਼ਤਰ ਬੰਦ ਹੋ ਚੁੱਕੇ ਸਨ ਤੇ ਸਭ ਕਰਮਚਾਰੀਆਂ ਨੂੰ ਘਰਾਂ ਵਿੱਚ ਰਹਿ ਕੇ ਕੰਮ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਸਨ| ਇਹ ਬਹੁਤ ਹੀ ਅਜੀਬ ਵਰਤਾਰਾ ਵਾਪਰ ਰਿਹਾ ਸੀ| ਇੱਕ ਵਾਰ ਤਾਂ ਮੇਰਾ ਵੀ ਚਿੱਤ ਬਹੁਤ ਘਬਰਾ ਗਿਆ ਕਿ ਲੋਨ ਕਰਵਾ ਕੇ ਲੱਖਾਂ ਡਾਲਰ ਦਾ ਕਾਰੋਬਾਰ ਕਰ ਰਹੇ ਹਾਂ ਤੇ ਜਿਸ ਹਿਸਾਬ ਨਾਲ ਹਾਲਾਤ ਬਣ ਰਹੇ ਹਨ, ਇਹ ਨਹੀਂ ਪਤਾ ਲੱਗ ਰਿਹਾ ਕਿ ਜਿਊਂਦੇ ਰਹਾਂਗੇ ਵੀ ਜਾਂ ਨਹੀਂ| ਅਕਾਲਪੁਰਖ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਬਚਾ ਲਿਓ, ਕਿਤੇ ਲੈਣੇ ਦੇ ਦੇਣੇ ਹੀ ਨਾ ਪੈ ਜਾਣ।
ਆਖਿਰ ਇੱਕ ਮਈ 2020 ਦਾ ਦਿਨ ਆ ਪਹੁੰਚਿਆ ਅਤੇ ਮਾਤਾ-ਪਿਤਾ, ਘਰਵਾਲੀ ਤੇ ਬੇਟੀ ਨਾਲ ਜਾ ਕੇ ਪੋਸਟ ਆਫਿਸ ਦਾ ਕੰਮ ਸੰਭਾਲਿਆ, ਘਰਦਿਆਂ ਨੇ ਸਤਿਗੁਰੂ ਅੱਗੇ ਅਰਦਾਸ ਕਰ ਕੇ ਆਸ਼ੀਰਵਾਦ ਦਿੱਤਾ ਕਿ ਭਲੀ ਕਰੇਗਾ ਕਰਤਾਰ, ਮੈਂ ਤੇ ਮੇਰੀ ਘਰਵਾਲੀ ਗੁਰਮੀਤ ਕੌਰ ਨੇ ਡਾਕਖਾਨੇ ਦਾ ਕੰਮ ਸੰਭਾਲ ਲਿਆ| ਆਮ ਲੋਕਾਂ ਦੇ ਘਰੋਂ ਬਾਹਰ ਜਾਣ ’ਤੇ ਪਾਬੰਦੀ ਲੱਗੀ ਹੋਈ ਸੀ| ਸਿਰਫ਼ ਜ਼ਰੂਰੀ ਕੰਮ ਕਰਨ ਵਾਲੇ ਹੀ ਬਾਹਰ ਜਾ ਸਕਦੇ ਸਨ| ਪੁਲੀਸ, ਮੈਡੀਕਲ, ਫਾਇਰ ਸਰਵਿਸ, ਡਾਕਖਾਨੇ, ਪੈਟਰੋਲ ਪੰਪ, ਗਰੋਸਰੀ ਸਟੋਰ, ਫੂਡ ਡਿਲਿਵਰੀ ਸਰਵਿਸ ਤੇ ਕੁਝ ਹੋਰ ਜ਼ਰੂਰੀ ਸੇਵਾਵਾਂ ਨੂੰ ਹੀ ਕਰੋਨਾ ਵਿੱਚ ਕੰਮ ਕਰਨ ਦੇ ਅਧਿਕਾਰ ਮਿਲੇ ਸਨ, ਬਾਕੀ ਸਭ ਕੰਮ ਬੰਦ ਕਰ ਦਿੱਤੇ ਗਏ, ਪਰ ਉੁਸ ਸਮੇਂ ਸਰਕਾਰ ਦੀ ਇਹ ਖ਼ਾਸੀਅਤ ਰਹੀ ਕਿ ਕੰਮ ਨਾ ਕਰਨ ਵਾਲਿਆਂ ਨੂੰ ਸਰਕਾਰ ਘਰ ਬੈਠੇ ਹੀ ਪੈਸੇ ਦਿੰਦੀ ਰਹੀ| ਘਰਾਂ ਤੇ ਦੁਕਾਨਾਂ ਦੇ ਕਿਰਾਏ ਵਧਾਉਣ ’ਤੇ ਵੀ ਰੋਕ ਲਾ ਦਿੱਤੀ ਗਈ, ਪਰ ਹੁਣ ਅੱਜ ਦੇ ਸਮੇਂ ਵਿੱਚ ਵਿਕਟੋਰੀਆ ਸਰਕਾਰ ਕੋਵਿਡ ਵਿੱਚ ਸਹਾਇਤਾ ਵਜੋਂ ਦਿੱਤੇ ਡਾਲਰ ਟੈਕਸਾਂ ਤੇ ਹੋਰ ਰੂਪਾਂ ਵਿੱਚ ਵਸੂਲ ਵੀ ਕਰ ਰਹੀ ਹੈ। ਮੈਲਬੌਰਨ ਵਿੱਚ ਜਦੋਂ ਸਟੇਜ ਚਾਰ ਲਾਕਡਾਉੂਨ ਲਾਇਆ ਗਿਆ ਤਾਂ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਹੁਣ ਤਾਂ ਧਰਤੀ ’ਤੇ ਇਨਸਾਨ ਹੀ ਨਾ ਖ਼ਤਮ ਹੋ ਜਾਏ ਕਿਉਂਕਿ ਸਾਰੇ ਰਸਤੇ ਖਾਲੀ ਹੁੰਦੇ ਸਨ ਤੇ ਮੈਂ ਤੇ ਮੇਰੀ ਘਰਵਾਲੀ ਆਪਣੀ ਕਾਰ ਵਿੱਚ ’ਕੱਲੇ ਹੀ ਡਾਕਖਾਨੇ ਵੱਲ ਜਾ ਰਹੇ ਹੁੰਦੇ ਸਾਂ| ਜਦੋਂ ਕੋਈ ਗਾਹਕ ਡਾਕਖਾਨੇ ਵਿੱਚ ਆਉਂਦਾ ਤਾਂ ਅੱਖਾਂ ’ਤੇ ਐਨਕ, ਮੂੰਹ ’ਤੇ ਮਾਸਕ ਤੇ ਫਿਰ ਸਾਰਿਆਂ ਦੇ ਚਿਹਰੇ ’ਤੇ ਫੇਸ ਸ਼ੀਲਡ ਲੱਗੀ ਹੁੰਦੀ। ਸਾਡੇ ਕਾਊਂਟਰ ’ਤੇ ਵੀ ਸ਼ੀਲਡ ਲੱਗੀ ਹੁੰਦੀ, ਨਾਲੇ ਮੂੰਹਾਂ ’ਤੇ ਮਾਸਕ ਬੰਨ੍ਹੇ ਹੁੰਦੇ ਅਤੇ ਫਰਸ਼ਾਂ ਉੱਤੇ ਹਰ ਡੇਢ ਮੀਟਰ ’ਤੇ ਸਟਿੱਕਰ ਲੱਗੇ ਹੁੰਦੇ ਸਨ, ਜਿਸ ’ਤੇ ਕਸਟਮਰ ਨੇ ਖੜ੍ਹਨਾ ਹੁੰਦਾ ਸੀ| ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਮੰਗਲ ਗ੍ਰਹਿ ’ਤੇ ਕੰਮ ਕਰ ਰਹੇ ਹਾਂ, ਹਰ ਦੋ-ਚਾਰ ਮਿੰਟ ਬਾਅਦ ਹੈਂਡ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰ ਕਰ ਕੇ ਅਸੀਂ ਵੀ ਦੁਖੀ ਹੋ ਰਹੇ ਸਾਂ, ਪਰ ਕਰੋਨਾ ਤੋਂ ਬਚਣ ਦੀ ਮਜਬੂਰੀ ਕਾਰਨ ਸਭ ਕਰਨਾ ਹੀ ਪੈਣਾ ਸੀ|
ਕਰੋਨਾ ਦਾ ਕਹਿਰ ਜਦੋਂ ਇਕਦਮ ਸਾਰੀ ਦੁਨੀਆ ਵਿੱਚ ਵਧ ਰਿਹਾ ਸੀ ਤਾਂ ਮੈਲਬੌਰਨ ਦੇ ਮਸ਼ਹੂਰ ਕਰਾਊਨ ਕੈਸੀਨੋ ’ਤੇ ਹਰ ਸਮੇਂ ਲੋਕਾਂ ਨਾਲ ਭਰੇ ਰਹਿਣ ਵਾਲੇ ਫਲਿੰਡਰ ਸਟਰੀਟ ਟਰੇਨ ਸਟੇਸ਼ਨ ਬਿਲਕੁਲ ਖਾਲੀ ਪਏ ਸਨ| ਲੋਕ ਘਰਾਂ ਵਿੱਚ ਬੰਦ ਰਹਿ ਕੇ ਪਾਗਲਪਣ ਵੱਲ ਹੀ ਵਧ ਰਹੇ ਸਨ| ਘਰੇਲੂ ਹਿੰਸਾ ਦੇ ਕੇਸਾਂ ਵਿੱਚ ਬੇਹਿਸਾਬ ਵਾਧਾ ਵੀ ਦਰਜ ਕੀਤਾ ਜਾ ਰਿਹਾ ਸੀ| ਦਿਨ-ਰਾਤ ਬਾਹਰ ਰਹਿਣ ਵਾਲੇ ਲੋਕ ਹਫ਼ਤਿਆਂ ਬੱਧੀ ਘਰੇ ਤੜ ਕੇ ਆਪਸ ਵਿੱਚ ਲੜੀ ਜਾ ਰਹੇ ਸਨ|
ਕਾਫ਼ੀ ਲੋਕ ਇਸ ਨੂੰ ਸਾਜ਼ਿਸ਼ ਸਮਝ ਰਹੇ ਸੀ, ਹਜ਼ਾਰਾਂ ਲੋਕਾਂ ਨੇ ਮੈਲਬੌਰਨ ਦੀਆਂ ਖਾਲੀ ਸੜਕਾਂ ’ਤੇ ਬਹੁਤ ਵਾਰ ਮੁਜ਼ਾਹਰੇ ਵੀ ਕੀਤੇ| ਪੁਲੀਸ ਨਾਲ ਤਕਰਾਰਾਂ ਤੋਂ ਬਾਅਦ ਗ੍ਰਿਫ਼ਤਾਰੀਆਂ ਦੇ ਸਿਲਸਿਲੇ ਵੀ ਚੱਲੀ ਗਏ। ਹਜ਼ਾਰਾਂ ਡਾਲਰਾਂ ਦੇ ਜ਼ੁਰਮਾਨੇ ਪਾਏ ਗਏ| ਇੱਕ ਮੁੰਡਾ ਤੀਹ ਕਿਲੋਮੀਟਰ ਤੋਂ ਕਾਰ ਚਲਾ ਕੇ ਮੈਲਬੌਰਨ ਸ਼ਹਿਰ ਵਿੱਚ ਬਟਰ ਚਿਕਨ ਲੈਣ ਚਲਾ ਗਿਆ ਤਾਂ ਪੁਲੀਸ ਨੇ ਫੜਿਆ ਤੇ ਸੋਲਾਂ ਸੌ ਡਾਲਰ ਜ਼ੁਰਮਾਨਾ ਹੋ ਗਿਆ। ਉਸ ਸਮੇਂ ਇਹ ਕੇਸ ਬਹੁਤ ਮਸ਼ਹੂਰ ਹੋਇਆ ਸੀ ਤੇ ਕੁਝ ਰੈਸਟੋਰੈਂਟ ਵਾਲਿਆਂ ਨੇ ਇੱਕ ਸਾਲ ਲਈ ਉਸ ਸ਼ਖ਼ਸ ਨੂੰ ਮੁਫ਼ਤ ਬਟਰ ਚਿਕਨ ਖਵਾਉਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਸੋਲਾਂ ਸੌ ਡਾਲਰ ਜ਼ੁਰਮਾਨੇ ਦਾ ਭਾਰ ਕੁਝ ਹਲਕਾ ਹੋ ਸਕੇ| ਵੈਸੇ ਤਾਂ ਸਖ਼ਤੀਆਂ ਸਭ ਪਾਸੇ ਹੀ ਬਹੁਤ ਸਨ, ਪਰ ਫਿਰ ਵੀ ਮੈਲਬੌਰਨ ਤੋਂ ਦੂਰ ਦੇ ਸ਼ਹਿਰਾਂ ਵਿੱਚ ਕਰੋਨਾ ਦਾ ਜ਼ਿਆਦਾ ਪ੍ਰਕੋਪ ਨਹੀਂ ਸੀ। ਜਦੋਂ ਮੈਲਬੌਰਨ ’ਚ ਕਰਫਿਊ ਦਾ ਐਲਾਨ ਹੋ ਜਾਂਦਾ ਸੀ ਤਾਂ ਕਾਫ਼ੀ ਲੋਕ ਘਰਾਂ ਵਿੱਚ ਬੰਦ ਰਹਿਣ ਨਾਲੋਂ ਦੂਰ ਦੇ ਪਿੰਡਾਂ ਤੇ ਸ਼ਹਿਰਾਂ ਵੱਲ ਵਹੀਰਾਂ ਘੱਤ ਦਿੰਦੇ ਸਨ ਤਾਂ ਕਿ ਉਹ ਘਰੇ ਤੜਨ ਨਾ, ਬਸ ਇਸੇ ਚੱਕਰ ਵਿੱਚ ਕਰੋਨਾ ਉਨ੍ਹਾਂ ਸੁਰੱਖਿਅਤ ਥਾਵਾਂ ’ਤੇ ਵੀ ਜਾ ਪਹੁੰਚਿਆ|
ਪੰਜਾਬ ਦੀਆਂ ਖ਼ਬਰਾਂ ਦੇਖੀਆਂ ਤਾਂ ਇੱਕ ਦਿਨ ਪਤਾ ਚੱਲਿਆ ਕਿ ਪ੍ਰਦੂਸ਼ਣ ਘਟਣ ਕਾਰਨ ਜਲੰਧਰ ਵਿੱਚ ਪਹਾੜ ਵੀ ਸਾਫ਼ ਦਿਖਣ ਲੱਗ ਗਏ ਤੇ ਹਵਾ ਦੀ ਗੁਣਵੱਤਾ ਵੀ ਸਭ ਦੇਸ਼ਾਂ ਵਿੱਚ ਬਹੁਤ ਬਿਹਤਰ ਹੋ ਚੱਲੀ ਸੀ ਕਿਉਂਕਿ ਫੈਕਟਰੀਆਂ ਵਿੱਚ ਕਾਲਾ ਧੂੰਆਂ ਉੱਗਲਣ ਵਾਲੀਆਂ ਚਿਮਨੀਆਂ ਸ਼ਾਂਤ ਸਨ| ਦਰਿਆਵਾਂ ਵਿੱਚ ਸਾਫ਼ ਪਾਣੀ ਦੇਖੇ ਜਾ ਰਹੇ ਸਨ| ਸ਼ਾਇਦ ਕੁਦਰਤ ਹੀ ਇਨਸਾਨ ਦੇ ਕਾਰਜਾਂ ਤੋਂ ਦੁਖੀ ਹੋ ਕੇ ਕਰੋਨਾ ਦੇ ਰੂਪ ਵਿੱਚ ਸੰਸਾਰ ਨੂੰ ਬਦਲਣਾ ਚਾਹ ਰਹੀ ਸੀ ਜਾਂ ਕੁਝ ਬੁੱਧੀਜੀਵੀਆਂ ਮੁਤਾਬਕ ਦੁਨੀਆ ਦੀ ਅਰਥਵਿਵਸਥਾ ਨੂੰ ਤਹਿਸ਼ ਨਹਿਸ਼ ਕਰਨ ਲਈ ਕੁਝ ਕਾਰੋਬਾਰੀਆਂ ਨੇ ਇਸ ਵਾਇਰਸ ਨੂੰ ਲੈਬ ਵਿੱਚ ਤਿਆਰ ਕੀਤਾ ਸੀ|
ਕੁਝ ਕਾਰੋਬਾਰੀ ਆਪਣੇ ਪੈਸੇ ਕਮਾਉਣ ਦੇ ਚੱਕਰ ਵਿੱਚ ਕਰੋਨਾ ਦੇ ਟੀਕੇ ਬਣਾ ਕੇ ਵੇਚ ਰਹੇ ਸਨ। ਸਰਕਾਰ ਦਬਾਅ ਪਾ ਕੇ ਵਰਕਰਾਂ ਦੇ ਟੀਕੇ ਲਵਾ ਰਹੀ ਸੀ| ਦਾਰੂ ਬਣਾਉੁਣ ਵਾਲੀਆਂ ਕੰਪਨੀਆਂ ਹੁਣ ਦਾਰੂ ਦੇ ਨਾਲ ਹੈਂਡ ਸੈਨੇਟਾਈਜ਼ਰ ਬਣਾ ਰਹੀਆਂ ਸਨ| ਆਕਸੀਜਨ ਕਨਸੈਂਟਰੇਟਰ ਮਸ਼ੀਨ, ਮਾਸਕ, ਟਾਇਲਟ ਪੇਪਰ ਬਹੁਤ ਮਹਿੰਗੇ ਹੋਣ ਦੇ ਬਾਵਜੂਦ ਲੱਖਾਂ ਦੀ ਤਾਦਾਦ ਵਿੱਚ ਵਿਕ ਰਹੇ ਸਨ| ਗਰੋਸਰੀ ਸਟੋਰਾਂ ’ਤੇ ਸੈਲਫ ਚੈੱਕ ਆਉੂਟ ਮਸ਼ੀਨਾਂ ਨੇ ਕਬਜ਼ਾ ਕਰ ਲਿਆ| ਆਰਟੀਫਿਸ਼ਿਅਲ ਇੰਟੈਲੀਜੈਂਸ ਨਾਲ ਬਣੀਆਂ ਵੱਖ ਵੱਖ ਪ੍ਰਕਾਰ ਦੀਆਂ ਮਸ਼ੀਨਾਂ ਸਟੋਰਾਂ ’ਤੇ ਲੱਗ ਰਹੀਆਂ ਸਨ ਜਿਸ ਨਾਲ ਇਨਸਾਨੀ ਕੰਮ ਦੀ ਜ਼ਰੂਰਤ ਹੋਰ ਘਟ ਰਹੀ ਸੀ| ਕੈਸ਼ ਪੈਸੇ ਦੀ ਬਜਾਏ ਆਨਲਾਈਨ ਪੇਮੈਂਟ ਨੂੰ ਉੁਤਸ਼ਾਹਿਤ ਕੀਤਾ ਜਾ ਰਿਹਾ ਸੀ। ਇਸ ਦਾ ਅਸਰ ਅੱਜ ਦੇ ਸਮੇਂ ਵਿੱਚ ਇਹ ਹੋਇਆ ਕਿ ਆਸਟਰੇਲੀਆ ਵਿੱਚ ਬਹੁਤੇ ਬੈਂਕ ਸਿਰਫ਼ ਆਨਲਾਈਨ ਹੀ ਕੰਮ ਕਰਨ ਲੱਗ ਗਏ ਤੇ ਹੋਰ ਬੈਂਕ ਆਪਣੀਆਂ ਬਰਾਂਚਾਂ ਬੰਦ ਕਰਦੇ ਜਾ ਰਹੇ ਹਨ ਕਿਉੁਂਕਿ ਇਨਸਾਨ ਨੂੰ ਹੁਣ ਬੈਂਕ ਜਾਣ ਦੀ ਜ਼ਰੂਰਤ ਘਟ ਚੁੱਕੀ ਹੈ| ਅੱਜ ਦੇ ਸਮੇਂ ਵਿੱਚ ਆਰਟੀਫਿਸ਼ਿਅਲ ਇੰਟੈਲੀਜੈਂਸ ਆਸਟਰੇਲੀਆ ਵਿੱਚ ਆਪਣਾ ਬਹੁਤ ਪ੍ਰਭਾਵ ਬਣਾ ਚੁੱਕੀ ਹੈ ਤੇ ਇਸ ਦਾ ਜ਼ਿੰਮੇਵਾਰ ਵੀ ਕਰੋਨਾ ਨੂੰ ਦੱਸਿਆ ਜਾ ਰਿਹਾ ਹੈ ਜੋ ਕਿ ਜਾਂਦੇ ਜਾਂਦੇ ਬਹੁਤ ਲੋਕਾਂ ਦੇ ਕੰਮਾਂ ਦੀ ਬਲੀ ਵੀ ਲੈ ਗਿਆ|
ਕਰੋਨਾ ਦੀ ਪਹਿਲੀ ਦਸਤਕ ਤੋਂ ਹੁਣ ਪੰਜ ਵਰ੍ਹੇ ਤੋਂ ਉੁੱਤੇ ਸਮਾਂ ਲੰਘ ਚੱਲਿਆ, ਸਭ ਕੁਝ ਜ਼ਿੰਦਗੀ ਵਿੱਚ ਫਿਰ ਉਸੇ ਤਰ੍ਹਾਂ ਹੀ ਚੱਲਣ ਲੱਗ ਗਿਆ| ਕੋਵਿਡ-19 ਅੱਜ ਵੀ ਬਹੁਤ ਲੋਕਾਂ ਨੂੰ ਹੋ ਰਿਹਾ ਹੈ, ਪਰ ਅੱਜ ਕੋਵਿਡ ਦਾ ਦਹਿਸ਼ਤ ਬਿਲਕੁਲ ਖ਼ਤਮ ਹੈ, ਹੁਣ ਇਹ ਆਮ ਫਲੂ ਦੇ ਰੂਪ ਵਿੱਚ ਵਿਚਰ ਰਿਹਾ ਹੈ, ਪਰ ਜਦੋਂ ਕੋਵਿਡ ਦਹਿਸ਼ਤ ਮਚਾ ਰਿਹਾ ਸੀ, ਉੁਸ ਸਮੇਂ ਮਰੇ ਇਨਸਾਨ ਦੇ ਘਰਵਾਲੇ ਵੀ ਦਾਹ ਸਸਕਾਰ ਕਰਨ ਤੋਂ ਡਰ ਰਹੇ ਸਨ| ਬਹੁਤ ਮੌਤਾਂ ਕੋਵਿਡ ਦੇ ਨਾਮ ’ਤੇ ਪਾ ਕੇ ਇਨਸਾਨੀਅਤ ਦਾ ਘਾਣ ਕੀਤਾ ਗਿਆ| ਇੰਨਾ ਹਊਆ ਬਣਾ ਕੇ ਕੋਵਿਡ ਨੂੰ ਪੇਸ਼ ਕੀਤਾ ਗਿਆ ਕਿ ਕੈਂਸਰ ਤੇ ਏਡਜ਼ ਵਰਗੀਆਂ ਬਿਮਾਰੀਆਂ ਨੂੰ ਲੋਕ ਭੁੱਲ ਹੀ ਗਏ ਸਨ| ਕਈ ਡਾਕਟਰਾਂ ਨੇ ਜਿੱਥੇ ਕੋਵਿਡ ਇਲਾਜ ਦੇ ਨਾਮ ’ਤੇ ਆਪਣੀਆਂ ਜੇਬਾਂ ਭਰੀਆਂ, ਉੱਥੇ ਇਨਸਾਨੀਅਤ ਤੇ ਮਨੁੱਖਤਾ ਦਿਖਾਉਣ ਵਾਲੇ ਡਾਕਟਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਜਾਨਾਂ ਬਚਾਈਆਂ ਤੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਇਨਸਾਨਾਂ ਦਾ ਦਾਹ ਸਸਕਾਰ ਵੀ ਕੀਤਾ|
ਕਹਿ ਕੁਝ ਵੀ ਨਹੀਂ ਸਕਦੇ ਕਿ ਇਹ ਸ਼ਾਇਦ ਟਰੇਲਰ ਹੈ ਜੋ ਚਿਤਾਵਨੀ ਦੇ ਰੂਪ ਵਿੱਚ ਮਨੁੱਖਤਾ ਕੋਲ ਪਹੁੰਚਿਆ ਸੀ। ਕੀ ਪਤਾ ਆਉਣ ਵਾਲੇ ਸਮੇਂ ਵਿੱਚ ਇਨਸਾਨ ਨੂੰ ਹੋਰ ਵੀ ਇਸ ਤਰ੍ਹਾਂ ਦੀਆਂ ਭਿਆਨਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ| ਜਿਵੇਂ ਕੋਵਿਡ ਨੇ ਇੱਕ ਵਾਰ ਮਨੁੱਖ ਨੂੰ ਬੇਵੱਸ ਕਰਵਾ ਕੇ ਹੱਥ ਖੜ੍ਹੇ ਕਰਵਾ ਦਿੱਤੇ ਸਨ, ਇਸੇ ਤਰ੍ਹਾਂ ਕੋਈ ਨਵੀਂ ਬਿਮਾਰੀ ਪ੍ਰਗਟ ਹੋ ਸਕਦੀ ਹੈ। ਫਿਰ ਵੀ ਪ੍ਰਿਥਵੀ ’ਤੇ ਜੀਵਨ ਚੱਲਦਾ ਹੀ ਰਹੇਗਾ, ਪਰ ਇਹ ਨਹੀਂ ਕਹਿ ਸਕਦੇ ਕਿ ਉਸ ਵਿੱਚ ਮਨੁੱਖ ਦਾ ਰਾਜ ਹੋਵੇਗਾ ਜਾਂ ਕਿਸੇ ਹੋਰ ਜੀਵ ਜੰਤੂ ਦਾ।
ਸੰਪਰਕ: 0061-403-147-322